ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ 2015 ਵਿੱਚ 31,000 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਸੀ ਤੇ ਹੁਣ ਇਹ ਵਧ ਕੇ 78,000 ਕਰੋੜ ਰੁਪਏ ਤੋਂ ਵੱਧ ਦਾ ਹੋ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਦਿੱਲੀ ਸਰਕਾਰ ਨੇ 69 ਹਜ਼ਾਰ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਸੀ। ਦਿੱਲੀ ਵਿਧਾਨ ਸਭਾ ਵਿੱਚ ਅੱਜ 2022-23 ਲਈ 78,500 ਕਰੋੜ ਰੁਪਏ ਦਾ ਬਜਟ ਪੇਸ਼ ਕੀਤੇ ਜਾਣ ਤੋਂ ਕੁਝ ਘੰਟੇ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਰੁਜ਼ਗਾਰਮੁਖੀ ਬਜਟ ਪੇਸ਼ ਕੀਤਾ ਹੈ। ਇਹ ਇੱਕ ‘ਚਮਤਕਾਰ’ ਹੈ ਕਿ ਸਾਲਾਨਾ ਅਲਾਟ ਕੀਤੀ ਗਈ ਰਕਮ ਪਿਛਲੇ ਸੱਤ ਸਾਲਾਂ ਵਿੱਚ 2.5 ਗੁਣਾ ਵਧ ਗਈ ਹੈ। ਕੇਜਰੀਵਾਲ ਨੇ ਕਿਹਾ ਕਿ 2015 ਵਿੱਚ ਜਦੋਂ ਉਨ੍ਹਾਂ ਪਹਿਲਾ ਬਜਟ ਪੇਸ਼ ਕੀਤਾ ਸੀ ਇਹ 31,000 ਕਰੋੜ ਰੁਪਏ ਸੀ। ਹੁਣ ਇਹ 78,000 ਕਰੋੜ ਰੁਪਏ ਹੈ। ਸੱਤ ਸਾਲਾਂ ਵਿੱਚ 2.5 ਗੁਣਾ ਵਾਧਾ ਹੋਇਆ ਹੈ। ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।’ ਬਜਟ ਲਈ ਵਿੱਤ ਮੰਤਰੀ ਮਨੀਸ਼ ਸਿਸੋਦੀਆ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ, ‘ਸਾਡਾ ਟੀਚਾ ਅਗਲੇ ਪੰਜ ਸਾਲਾਂ ਵਿੱਚ 20 ਲੱਖ ਨਵੀਆਂ ਨੌਕਰੀਆਂ ਪੈਦਾ ਕਰਨ ਦਾ ਹੈ। ਇਹ ਕੋਈ ਚੋਣ ਵਾਅਦਾ ਨਹੀਂ, ਬਜਟ ਸੀ ਅਤੇ ਨੌਕਰੀਆਂ ਪੈਦਾ ਕਰਨ ਲਈ ਢਾਂਚਾ ਪੇਸ਼ ਕੀਤਾ ਹੈ। ਇਹ ਇੱਕ ਨਵਾਂ ਤੇ ਦਲੇਰ ਬਜਟ ਹੈ।’ ਕੇਜਰੀਵਾਲ ਨੇ ਪੰਜ ਰਵਾਇਤੀ ਬਾਜ਼ਾਰਾਂ ਨੂੰ ਮੁੜ ਵਿਕਸਤ ਕਰਨ, ਇੱਕ ਬਾਜ਼ਾਰ ਪੋਰਟਲ ਬਣਾਉਣ, ਗਾਂਧੀਨਗਰ ’ਚ ਇੱਕ ਗਾਰਮੈਂਟ ਹੱਬ ਸਥਾਪਤ ਕਰਨ, 2 ਵਜੇ ਤੱਕ ਚੱਲਣ ਵਾਲੇ ਰਵਾਇਤੀ ਫੂਡ ਹੱਬ ਅਤੇ ਫੂਡ ਟਰੱਕਾਂ ਨੂੰ ਵਿਕਸਤ ਕਰਨ ਸਮੇਤ ਹੋਰ ਯੋਜਨਾਵਾਂ ਬਾਰੇ ਵੀ ਸੰਖੇਪ ਵਿੱਚ ਦੱਸਿਆ।
ਨਿਗਮਾਂ ਦੇ ਏਕੀਕਰਨ ਨੂੰ ਅਦਾਲਤ ’ਚ ਚੁਣੌਤੀ ਦੇਵਾਂਗੇ: ਕੇਜਰੀਵਾਲ
ਦਿੱਲੀ ਵਿੱਚ ਤਿੰਨ ਨਗਰ ਨਿਗਮਾਂ ਦੇ ਏਕੀਕਰਨ ਬਾਰੇ ਕੇਜਰੀਵਾਲ ਨੇ ਕਿਹਾ ਕਿ ਐੱਮਸੀਡੀ ਬਿੱਲ ਚੋਣਾਂ ਨੂੰ ਰੋਕਣ ਲਈ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਬਿੱਲ ਆਉਣ ਤੋਂ ਬਾਅਦ ਉਹ ਇਸ ਦਾ ਅਧਿਐਨ ਕਰਨਗੇ ਤੇ ਜੇਕਰ ਲੋੜ ਪਈ ਤਾਂ ਉਹ ਇਸ ਨੂੰ ਅਦਾਲਤ ਵਿੱਚ ਚੁਣੌਤੀ ਦੇਣਗੇ।
‘ਕਸ਼ਮੀਰੀ ਪੰਡਿਤਾਂ ਦੇ ਮੁੱਦੇ ’ਤੇ ਹੋ ਰਹੀ ਹੈ ਸਿਆਸਤ’
ਫਿਲਮ ‘ਦਿ ਕਸ਼ਮੀਰ ਫਾਈਲਜ਼’ ਬਾਰੇ ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਸ਼ਮੀਰੀ ਪੰਡਿਤਾਂ ਦੇ ਪਲਾਇਨ ਤੋਂ ਬਾਅਦ ਪਿਛਲੇ 20-25 ਸਾਲਾਂ ’ਚ 13 ਸਾਲਾਂ ਕੇਂਦਰ ’ਚ ਭਾਜਪਾ ਦੀ ਸਰਕਾਰ ਰਹੀ ਹੈ। ਪਿਛਲੇ ਅੱਠ ਸਾਲਾਂ ਤੋਂ ਲਗਾਤਾਰ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਰਹੀ ਹੈ। ਕੀ ਕਸ਼ਮੀਰ ਵਿੱਚ ਇੱਕ ਪਰਿਵਾਰ ਦਾ ਵੀ ਮੁੜ ਵਸੇਬਾ ਹੋਇਆ ਹੈ? ਕੋਈ ਨਹੀਂ। ਭਾਜਪਾ ਨੇ ਜੋ ਕੀਤਾ ਹੈ ਉਹ ਮੁੱਦੇ ਦਾ ਸਿਆਸੀਕਰਨ ਹੈ। ਕੇਜਰੀਵਾਲ ਨੇ ਕਿਹਾ ਕਿ ਹੁਣ ਇਸ ਤੋਂ ਬਾਅਦ ਉਹ ਆਪਣੇ ਦਰਦ ’ਤੇ ਫਿਲਮ ਬਣਾ ਕੇ ਕਰੋੜਾਂ ਦੀ ਕਮਾਈ ਕਰਨਾ ਚਾਹੁੰਦੇ ਹਨ। 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਫਿਲਮ ‘ਯੂਟਿਊਬ’ ’ਤੇ ਪਾਈ ਜਾਵੇ ਤਾਂ ਜੋ ਹਰ ਕੋਈ ਇਸ ਨੂੰ ਦੇਖ ਸਕੇ ਤੇ ਇਸ ਫਿਲਮ ਰਾਹੀਂ ਹੋਈ ਕਮਾਈ ਕਸ਼ਮੀਰੀ ਪੰਡਤਾਂ ਦੇ ਮੁੜ ਵਸੇਬੇ ਲਈ ਵਰਤੀ ਜਾਵੇ ਅਤੇ ਕਸ਼ਮੀਰੀ ਪੰਡਤਾਂ ਦੀ ਘਰ ਵਾਪਸੀ ਲਈ ਕੇਂਦਰ ਢੁੱਕਵੇਂ ਕਦਮ ਚੁੱਕੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly