- ਸਰਕਾਰ ਵੱਲੋਂ 132 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਦਾ ਟੀਚਾ
ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਵਿੱਚ ਪਹਿਲੀ ਅਪਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ ਤੇ ਇਸ ਦੀਆਂ ਤਿਆਰੀ ਲਈ ਖਰੀਦ ਏਜੰਸੀਆਂ ਪੱਬਾਂ ਭਾਰ ਹਨ। ਇਸ ਵਾਰ ਰੂਸ-ਯੂਕਰੇਨ ਜੰਗ ਦੇ ਪ੍ਰਭਾਵ ਅਨਾਜ ਦੀ ਖਰੀਦ ’ਤੇ ਪੈ ਸਕਦੇ ਹਨ। ਇਹੋ ਵਜ੍ਹਾ ਹੈ ਕਿ ਕਾਰਪੋਰੇਟ ਘਰਾਣੇ ਅਤੇ ਵਪਾਰੀ ਹੁਣ ਤੋਂ ਕਿਸਾਨਾਂ ਨਾਲ ਕਣਕ ਦੀ ਖਰੀਦ ਦੇ ਸਿੱਧੇ ਸੌਦੇ ਕਰ ਰਹੇ ਹਨ। ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੇ ਦੂਸਰੇ ਸੂਬਿਆਂ ਦੀ ਮੰਗ ਦੀ ਪੂਰਤੀ ਲਈ ਇਸ ਵਾਰ ਪੰਜਾਬ ਦੇ ਖਰੀਦ ਕੇਂਦਰਾਂ ’ਚੋਂ ਕਣਕ ਸਿੱਧੀ ਡਿਸਪੈਚ ਕਰਨੀ ਹੈ।
ਕੌਮਾਂਤਰੀ ਪੱਧਰ ’ਤੇ ਅਨਾਜ ਦੀ ਮੰਗ ਵਧਣ ਕਾਰਨ ਪੰਜਾਬ ਦੇ ਗੋਦਾਮਾਂ ’ਚੋਂ ਕਣਕ ਦੀ ਮੂਵਮੈਂਟ ਹੋ ਚੁੱਕੀ ਹੈ। ਪਿਛਲੇ ਸਾਲਾਂ ਦੌਰਾਨ ਗੋਦਾਮਾਂ ਵਿਚ ਇੱਕ-ਦੋ ਵਰ੍ਹੇ ਕਣਕ ਭੰਡਾਰ ਰਹਿੰਦੀ ਸੀ ਪਰ ਇਸ ਵਾਰ ਕਣਕ ਦੀ ਨਵੀਂ ਫਸਲ ਦੀ ਚੁਕਾਈ ਵੀ ਮੰਡੀਆਂ ’ਚੋਂ ਸਿੱਧੀ ਹੋ ਜਾਣੀ ਹੈ। ਗੋਦਾਮਾਂ ਵਿਚ ਨਵੀਂ ਕਣਕ ਵੀ ਬਹੁਤੀ ਭੰਡਾਰ ਨਹੀਂ ਹੋਵੇਗੀ। ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਵਿਚ ਇਸ ਵਾਰ ਕਣਕ ਦੀ ਪੈਦਾਵਾਰ 175 ਲੱਖ ਮੀਟਰਿਕ ਟਨ ਹੋਣ ਦੇ ਆਸਾਰ ਹਨ ਜਿਸ ’ਚੋਂ 132 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਦਾ ਟੀਚਾ ਰੱਖਿਆ ਗਿਆ ਹੈ। ਕਣਕ ਦਾ ਘੱਟੋ ਘੱਟ ਸਮਰਥਨ ਮੁੱਲ ਇਸ ਵਾਰ 2015 ਰੁਪਏ ਪ੍ਰਤੀ ਕੁਇੰਟਲ ਤੈਅ ਹੈ ਪਰ ਬਾਜ਼ਾਰ ਵਿੱਚ ਕਣਕ ਦੇ ਭਾਅ 2300 ਰੁਪਏ ਪ੍ਰਤੀ ਕੁਇੰਟਲ ਨੂੰ ਪਾਰ ਕਰ ਗਏ ਹਨ। ਕਣਕ ਦੀ ਬਰਾਮਦ ਦੇ ਨਜ਼ਰੀਏ ਤੋਂ ਕਾਰਪੋਰੇਟ ਇਸ ਵਾਰ ਕਣਕ ਦੀ ਕਿਸਾਨਾਂ ਤੋਂ ਸਿੱਧੀ ਖਰੀਦ ਵੀ ਕਰਨਗੇ। ਅਜਿਹੇ ਹਾਲਾਤ ਵਿੱਚ ਕਣਕ ਦੀ ਖਰੀਦ ਦਾ ਸਰਕਾਰੀ ਟੀਚਾ ਪ੍ਰਭਾਵਿਤ ਹੋ ਸਕਦਾ ਹੈ। ਪੰਜਾਬ ਵਿਚ ਕਰੀਬ 178.50 ਲੱਖ ਮੀਟਰਿਕ ਟਨ ਕਣਕ ਦੇ ਭੰਡਾਰਨ ਸਮਰੱਥਾ ਹੈ ਪਰ ਦੂਸਰੇ ਸੂਬਿਆਂ ਨੂੰ ਕਣਕ ਦੀ ਮੂਵਮੈਂਟ ਹੋਣ ਕਰਕੇ ਪੰਜਾਬ ਦੇ ਗੋਦਾਮ ਖਾਲੀ ਹੋਣ ਲੱਗੇ ਹਨ। ਭਾਰਤੀ ਖੁਰਾਕ ਨਿਗਮ ਵੱਲੋਂ ਇਸ ਵਾਰ 17 ਲੱਖ ਮੀਟਰਿਕ ਟਨ ਕਣਕ ਖਰੀਦੀ ਜਾਣੀ ਹੈ
ਖੁਰਾਕ ਤੇ ਸਪਲਾਈ ਵਿਭਾਗ ਦੇ ਡਾਇਰੈਕਟਰ ਅਭਿਨਵ ਤ੍ਰਿਖਾ ਨੇ ਕਿਹਾ ਕਿ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ਅਤੇ ਖਰੀਦ ਏਜੰਸੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।
‘ਆਪ’ ਸਰਕਾਰ ਲਈ ਸੌਖੀ ਹੋਵੇਗੀ ਖਰੀਦ ਪ੍ਰਕਿਰਿਆ
‘ਆਪ’ ਸਰਕਾਰ ਲਈ ਕਣਕ ਦੀ ਖਰੀਦ ਵਿਚ ਕੋਈ ਦਿੱਕਤ ਨਹੀਂ ਆਵੇਗੀ ਕਿਉਂਕਿ ਕਣਕ ਦੀ ਮੰਗ ਜ਼ਿਆਦਾ ਹੈ ਜਦੋਂ ਕਿ ਪੈਦਾਵਾਰ ਘੱਟਣ ਦਾ ਅਨੁਮਾਨ ਹੈ। ਉਪਰੋਂ ਵਪਾਰੀਆਂ ਦੀ ਕਣਕ ਦੀ ਖਰੀਦ ਕਰਨ ਵਿਚ ਦਿਲਚਸਪੀ ਜ਼ਿਆਦਾ ਹੈ ਅਤੇ ਵਪਾਰੀ ਤਬਕੇ ਨੇ ਕਣਕ ਭੰਡਾਰਨ ਦੇ ਪ੍ਰਬੰਧ ਵੀ ਅਗੇਤੇ ਕਰ ਲਏ ਹਨ। ਮੁੱਖ ਮੰਤਰੀ ਭਗਵੰਤ ਮਾਨ ਲਈ ਆਪਣੇ ਕਾਰਜਕਾਲ ਦੀ ਪਹਿਲੀ ਫਸਲ ਚੁਕਾਉਣੀ ਕੋਈ ਮੁਸ਼ਕਲ ਨਹੀਂ ਹੋਵੇਗੀ।
ਗਰਮੀ ਕਰਕੇ ਝਾੜ ਘਟਣ ਦਾ ਖਦਸ਼ਾ
ਬੇਸ਼ੱਕ ਕਣਕ ਦੇ ਭਾਅ ਉੱਚੇ ਰਹਿਣ ਦੀ ਸੰਭਾਵਨਾ ਹੈ ਪਰ ਗਰਮੀ ਜ਼ਿਆਦਾ ਪੈਣ ਕਰਕੇ ਇਸ ਵਾਰ ਕਣਕ ਦਾ ਝਾੜ ਪ੍ਰਭਾਵਿਤ ਹੋ ਸਕਦਾ ਹੈ। ਕਿਸਾਨਾਂ ਦਾ ਅਨੁਮਾਨ ਹੈ ਕਿ ਕਣਕ ਦਾ ਝਾੜ ਪੰਜ ਤੋਂ ਸੱਤ ਫੀਸਦੀ ਤੱਕ ਘੱਟ ਸਕਦਾ ਹੈ। ਨਿੱਤ ਦਿਨ ਵੱਧ ਰਹੇ ਪਾਰੇ ਨੂੰ ਦੇਖੀਏ ਤਾਂ ਕਣਕ ਦੀ ਵਾਢੀ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly