ਖੋਲੀਂ ਬਾਹਾਂ

ਬਲਜਿੰਦਰ ਸਿੰਘ ਬਾਲੀ ਰੇਤਗੜੵ

(ਸਮਾਜ ਵੀਕਲੀ)

ਖੋਲ ਦਰਾਂ ਨੂੰ, ਖੋਲੀਂ ਬਾਹਾਂ , ਮੈਂ ਬੁੱਲਾ ਬਣ ਆਵਾਂਗਾ
ਨਿੱਘ ਮਹੁੱਬਤ ਦੀ ਸੂਰਜ ਬਣ, ਯਾਰ ਮੇਰੇ ਦੇ ਜਾਵਾਂਗਾ
ਖੋਲ ਦਰਾਂ ਨੂੰ——

ਤਾਂ ਕੀ ਹੋਇਆ ਜੇ ਨੇ ਪਹਿਰੇ, ਤੇਰੀਆਂ ਸਭ ਜੂਹਾਂ ਤੇ
ਕੌਣ ਜ਼ੰਜੀਰਾਂ ਪਾ ਸਕਦੈ, ਹੋ , ਇਸ਼ਕ ਮਹੁੱਬਤ ਰੂਹਾਂ ਤੇ
ਚਾਨਣ ਦੀਆਂ ਲੱਪਾਂ ਭਰ ਕੇ, ਵਿਹੜੇ ਮੈਂ ਰੁਸ਼ਨਾਵਾਂਗਾ
ਖੋਲ ਦਰਾਂ ਨੂੰ , ਖੋਲੀਂ ਬਾਹਾਂ— —— ———–

ਜੇ ਧਰਤੀ ਤੂੰ , ਮੈਂ ਹਾਂ ਅੰਬਰ, ਚੰਨ ਸਿਤਾਰੇ ਵਾਰ ਦਿਆਂ
ਬੱਦਲ ਨੈਣਾਂ ਦੇ ਅਟਕੇ ਗਲ, ਸਾਂਭ ਸੁਗਾਤਾਂ ਯਾਰ ਦਿਆਂ
ਔੜ ਯੁਦਾਈਆਂ ਦੀ ਦਿਲ ਤੇ, ਕਿਣਮਿਣ ਮੋਹ ਵਰਸਾਂਵਾਗਾ
ਖੋਲ ਦਰਾਂ ਨੂੰ ਖੋਲੀਂ ਬਾਹਾਂ ——— ———

ਚੁੰਮ ਲਗਾਵਾਂ ਮੱਥੇ ਮਿੱਟੀ, ਮੁੜੵਕੇ ਦੀ ਕਸਤੂਰੀ ਨੂੰ
ਜਿੱਥੇ ਛੱਡ ਤੁਰੇ ਅਚਨਚੇਤੀ, ਬਜ਼ੁਰਗ ਹਵੇਲੀ ਪੂਰੀ ਨੂੰ
ਡਾਟਾਂ ਓਹ ਟੁੱਟੀਆਂ ਕੜੀਆਂ, ਮਿਲਕੇ ਠੀਕ ਕਰਾਂਵਾਗਾ
ਖੋਲ ਦਰਾਂ ਨੂੰ ਖੋਲੀਂ ਬਾਹਾਂ ———- —————–

ਦਰਿਆਵਾਂ ਨੂੰ ਪੀ ਬੁੱਝੀ ਨਾ, “ਰੇਤਗੜੵ” ਪਿਆਸ ਦਿਲਾਂ ਦੀ
ਪੀੜ ਬੜੀ ਹੈ ਭੈੜੀ “ਬਾਲੀ”, ਟੁੱਟੇ ਨਹੁੰ-ਮਾਸ ਦਿਲਾਂ ਦੀ
ਤਰਖਾਣਾਂ ਵਾਲੀ ਖੂਹੀ ਤੋਂ , ਪੀ ਪਾਣੀ ਪਿਆਸ ਬੁਝਾਂਵਾਗਾ
ਖੋਲ ਦਰਾਂ ਨੂੰ ਖੋਲੀਂ ਬਾਹਾਂ———–

ਬਲਜਿੰਦਰ ਸਿੰਘ ਬਾਲੀ ਰੇਤਗੜੵ
+919465129168
+917087629168

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਰਦਾਂ ਦੀ ਦਵਾ
Next article” ਸ੍ਰੀ ਅਨੰਦਪੁਰ ਸਾਹਿਬ ਦਾ ਪਾਵਨ ਹੋਲਾ – ਮਹੱਲਾ “