ਸਿੱਧੂ ਵੱਲੋਂ ਪ੍ਰਧਾਨਗੀ ਤੋਂ ਅਸਤੀਫ਼ਾ

 

  • ਸਿੱਧੂ ਦੇ ਸਿਆਸੀ ਭਵਿੱਖ ’ਤੇ ਸੁਆਲੀਆ ਨਿਸ਼ਾਨ ਲੱਗਾ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਸਿਰਫ਼ ਅੱਠ ਮਹੀਨੇ ਹੀ ਪ੍ਰਧਾਨਗੀ ਦੇ ਅਹੁਦੇ ’ਤੇ ਰਹੇ। ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਸੂਬਾਈ ਚੋਣਾਂ ਵਿਚ ਪਾਰਟੀ ਦੀ ਹੋਈ ਹਾਰ ਮਗਰੋਂ ਪੰਜਾਬ ਸਮੇਤ ਪੰਜ ਸੂਬਿਆਂ ਦੇ ਪ੍ਰਧਾਨਾਂ ਤੋਂ ਅਸਤੀਫ਼ੇ ਮੰਗ ਲਏ ਸਨ। ਸਿੱਧੂ ਨੇ ਅੱਜ ਟਵੀਟ ਕਰਕੇ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ। ਸਿੱਧੂ ਨੇ 18 ਜੁਲਾਈ ਨੂੰ ਕਾਂਗਰਸ ਦੀ ਪ੍ਰਧਾਨਗੀ ਸੰਭਾਲੀ ਸੀ। ਉਨ੍ਹਾਂ ਦੀ ਪ੍ਰਧਾਨਗੀ ਦੌਰਾਨ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਨਮੋਸ਼ੀਜਨਕ ਹਾਰ ਮਿਲੀ ਹੈ। ਇੱਥੋਂ ਤੱਕ ਕਿ ਅੰਮ੍ਰਿਤਸ+ਰ ਪੂਰਬੀ ਸੀਟ ਤੋਂ ਉਹ ਖ਼ੁਦ ਵੀ ਚੋਣ ਹਾਰ ਗਏ ਹਨ। ਚੋਣਾਂ ’ਚ ਮਿਲੀ ਹਾਰ ਮਗਰੋਂ ਹੀ ਕਾਂਗਰਸੀ ਆਗੂਆਂ ਨੇ ਨਵਜੋਤ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਪ੍ਰਧਾਨਗੀ ਸੰਭਾਲਣ ਤੋਂ 72 ਦਿਨਾਂ ਮਗਰੋਂ ਹੀ 28 ਸਤੰਬਰ ਨੂੰ ਅਚਨਚੇਤ ਹੀ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦੀ ਨਾਰਾਜ਼ਗੀ ਡੀਜੀਪੀ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਨੂੰ ਲੈ ਕੇ ਸੀ। ਕਾਂਗਰਸ ਹਾਈਕਮਾਨ ਨੇ ਸੁਨੀਲ ਜਾਖੜ ਤੋਂ ਪ੍ਰਧਾਨਗੀ ਖੋਹ ਕੇ ਸਿੱਧੂ ਦੀ ਝੋਲੀ ਪਾਈ ਸੀ। ਕਾਂਗਰਸ ਅੰਦਰ ਚੋਣਾਂ ਤੋਂ ਪਹਿਲਾਂ ਦਾ ਕਲੇਸ਼ ਲਗਾਤਾਰ ਚੱਲ ਰਿਹਾ ਹੈ। ਤਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਦੇ ਸੁਰ ਕਦੇ ਵੀ ਮਿਲੇ ਨਹੀਂ ਸਨ।

ਹੁਣ ਨਵਜੋਤ ਸਿੱਧੂ ਦੇ ਸਿਆਸੀ ਭਵਿੱਖ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਛਿੜ ਗਏ ਹਨ। ਸਿੱਧੂ ਦੇ ਸਿਆਸੀ ਕਰੀਅਰ ’ਤੇ ਇੱਕ ਤਰ੍ਹਾਂ ਨਾਲ ਸੁਆਲੀਆ ਨਿਸ਼ਾਨ ਲੱਗਦਾ ਨਜ਼ਰ ਆ ਰਿਹਾ ਹੈ। ਉਸ ਕੋਲ ਹੁਣ ਕੋਈ ਬਦਲ ਵੀ ਨਹੀਂ ਬਚਿਆ ਹੈ। ਉਹ ਭਾਜਪਾ ਨੂੰ ਪਹਿਲਾਂ ਹੀ ਅਲਵਿਦਾ ਆਖ ਚੁੱਕੇ ਸਨ ਅਤੇ ਬਾਦਲ ਪਰਿਵਾਰ ਨਾਲ ਛੱਤੀ ਦਾ ਅੰਕੜਾ ਹੈ। ‘ਆਪ’ ਵੱਲੋਂ ਵੀ ਹੁਣ ਸਿੱਧੂ ਨੂੰ ਆਪਣੇ ਨੇੜੇ ਲਾਉਣ ਦੀ ਸੰਭਾਵਨਾ ਨਹੀਂ ਹੈ। ਸਿੱਧੂ ਦੇ ਅਸਤੀਫ਼ੇ ਮਗਰੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਲਈ ਦੌੜ ਵੀ ਸ਼ੁਰੂ ਹੋ ਗਈ ਹੈ। ਸੁਖਜਿੰਦਰ ਸਿੰਘ ਰੰਧਾਵਾ, ਰਵਨੀਤ ਬਿੱਟੂ, ਰਾਜਾ ਵੜਿੰਗ ਅਤੇ ਭਾਰਤ ਭੂਸ਼ਨ ਆਸ਼ੂ ਵੀ ਪ੍ਰਧਾਨਗੀ ਦੇ ਚਾਹਵਾਨ ਹਨ।

ਮਾਝੇ ਅਤੇ ਦੋਆਬੇ ਦੇ ਆਗੂਆਂ ਤੋਂ ਲਈ ਫੀਡ ਬੈਕ

ਪੰਜਾਬ ਕਾਂਗਰਸ ਵੱਲੋਂ ਚੋਣਾਂ ਵਿਚ ਹਾਰ ਦੇ ਕਾਰਨਾਂ ਨੂੰ ਲੈ ਕੇ ਮੰਥਨ ਮੁਹਿੰਮ ਅੱਜ ਦੂਜੇ ਦਿਨ ਵੀ ਜਾਰੀ ਰਹੀ। ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਅੱਜ ਮਾਝੇ ਅਤੇ ਦੋਆਬੇ ਦੇ ਜੇਤੂ ਅਤੇ ਹਾਰੇ ਉਮੀਦਵਾਰਾਂ ਤੋਂ ਫੀਡ ਬੈਕ ਲਈ। ਸ਼ਾਮ ਨੂੰ ਹਰੀਸ਼ ਚੌਧਰੀ ਵਾਪਸ ਰਾਜਸਥਾਨ ਚਲੇ ਗਏ। ਉਨ੍ਹਾਂ ਕਿਹਾ ਕਿ ਆਗੂਆਂ ਤੋਂ ਫੀਡ ਬੈਕ ਲੈ ਲਈ ਗਈ ਹੈ ਅਤੇ ਉਹ ਹਾਈਕਮਾਨ ਨੂੰ ਰਿਪੋਰਟ ਸੌਂਪਣਗੇ।

ਅੱਜ ਮਾਝੇ ਅਤੇ ਦੋਆਬੇ ਦੇ ਆਗੂਆਂ ਨੇ ਇੱਕੋ ਸੁਰ ਰੱਖੀ ਅਤੇ ਮੁੱਖ ਤੌਰ ’ਤੇ ਇਹੋ ਕਿਹਾ ਗਿਆ ਕਿ ਪਾਰਟੀ ਦੀ ਲੀਡਰਸ਼ਿਪ ਹੀ ਹਾਰ ਲਈ ਜ਼ਿੰਮੇਵਾਰ ਹੈ ਕਿਉਂਕਿ ਆਗੂਆਂ ਦਾ ਆਪਸ ਵਿਚ ਕੋਈ ਤਾਲਮੇਲ ਹੀ ਨਹੀਂ ਸੀ। ਮਾਝੇ ਦੇ ਆਗੂਆਂ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਅਰੁਣਾ ਚੌਧਰੀ, ਬਰਿੰਦਰਜੀਤ ਸਿੰਘ ਪਾਹੜਾ ਅਤੇ ਸੰਤੋਖ ਸਿੰਘ ਭਲਾਈਪੁਰ ਨੇ ਪਾਰਟੀ ਅੰਦਰ ਵਧ ਰਹੀ ਅਨੁਸ਼ਾਸਨਹੀਣਤਾ ’ਤੇ ਧਿਆਨ ਕੇਂਦਰਤ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਅਨੁਸ਼ਾਸਨਹੀਣਤਾ ਵਧ ਗਈ ਹੈ ਅਤੇ ਹਾਈਕਮਾਨ ਦਾ ਡੰਡਾ ਕਮਜ਼ੋਰ ਪੈ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੁਣ ਸੰਸਦ ਮੈਂਬਰਾਂ ਨੇ ਮੋਰਚਾ ਖੋਲ੍ਹ ਰੱਖਿਆ ਹੈ। ਆਗੂਆਂ ਨੇ ਕਿਹਾ ਕਿ ਪ੍ਰਨੀਤ ਕੌਰ ਖ਼ਿਲਾਫ਼ ਹਾਲੇ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ ਹੈ ਜੋ ਕਿ ਹੋਣਾ ਚਾਹੀਦਾ ਹੈ। ਬਹੁਤੇ ਉਮੀਦਵਾਰਾਂ ਨੇ ਕਿਹਾ ਕਿ ਕਾਂਗਰਸ ਦੇ ਨਵੇਂ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਵਿਚ ਕਿਸੇ ਟਕਸਾਲੀ ਆਗੂ ਨੂੰ ਮੌਕਾ ਦਿੱਤਾ ਜਾਵੇ। ਸਾਬਕਾ ਮੰਤਰੀ ਪਰਗਟ ਸਿੰਘ, ਸੁਖਵਿੰਦਰ ਸਿੰਘ ਕੋਟਲੀ ਅਤੇ ਅਵਤਾਰ ਸਿੰਘ ਆਦਿ ਨੇ ਵੀ ਆਗੂਆਂ ਵਿਚ ਆਪਸੀ ਤਾਲਮੇਲ ਦੀ ਘਾਟ ਦੀ ਗੱਲ ਉਠਾਈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਬਚਾਉਣ ਲਈ ਭਵਿੱਖ ਦੀ ਰਣਨੀਤੀ ਤਿਆਰ ਕੀਤੀ ਜਾਵੇ। ਚੋਣਾਂ ਵਿਚ ਹੋਈਆਂ ਗ਼ਲਤੀਆਂ ਦੀ ਪਛਾਣ ਕਰਕੇ ਅਗਲੀ ਵਿਉਂਤਬੰਦੀ ਬਣਾਈ ਜਾਵੇ। ਅੱਜ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਹਾਰੇ ਹੋਏ ਉਮੀਦਵਾਰਾਂ ਦੇ ਨਿਸ਼ਾਨੇ ’ਤੇ ਰਹੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ
Next articleਸਾਬਕਾ ਵਿਧਾਇਕ ਸਿੰਗਲਾ ਵੱਲੋਂ ਅਕਾਲੀ ਦਲ ਤੋਂ ਅਸਤੀਫ਼ਾ