ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਖ਼ਿਲਾਫ਼ ਸੁਪਰੀਮ ਕੋਰਟ ’ਚ ਸੁਣਵਾਈ ਅੱਜ

ਨਵੀਂ ਦਿੱਲੀ (ਸਮਾਜ ਵੀਕਲੀ):  ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਲਖੀਮਪੁਰ ਖੀਰੀ ਕੇਸ ਵਿਚ ਕੇਂਦਰੀ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤ ਖ਼ਿਲਾਫ਼ ਪਾਈ ਪਟੀਸ਼ਨ ਉਤੇ ਸੁਣਵਾਈ ਲਈ ਸਿਖ਼ਰਲੀ ਅਦਾਲਤ ਇਕ ਬੈਂਚ ਕਾਇਮ ਕਰੇਗੀ। ਇਸ ਮਾਮਲੇ ਉਤੇ ਬੈਂਚ ਭਲਕੇ ਸੁਣਵਾਈ ਕਰੇਗਾ।ਜ਼ਿਕਰਯੋਗ ਹੈ ਕਿ ਲਖੀਮਪੁਰ ਖੀਰੀ ਵਿਚ ਹੋਈ ਹਿੰਸਾ ’ਚ ਚਾਰ ਕਿਸਾਨਾਂ ਸਣੇ 8 ਜਣੇ ਮਾਰੇ ਗਏ ਸਨ। ਕੁਝ ਕਿਸਾਨਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਚੀਫ਼ ਜਸਟਿਸ ਐਨ.ਵੀ. ਰਾਮੰਨਾ ਦੀ ਅਗਵਾਈ ਵਾਲੇ ਬੈਂਚ ਨੂੰ ਦੱਸਿਆ ਕਿ ਕੇਸ ਦੇ ਇਕ ਪ੍ਰਮੁੱਖ ਗਵਾਹ ਉਤੇ ਹਮਲਾ ਹੋਇਆ ਹੈ।

ਭੂਸ਼ਣ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਗਵਾਹ ਉਤੇ ਹਮਲਾ ਕੀਤਾ ਹੈ ਉਨ੍ਹਾਂ ਧਮਕਾਉਂਦਿਆਂ ਕਿਹਾ ਕਿ ‘ਭਾਜਪਾ ਹੁਣ ਜਿੱਤ ਗਈ ਹੈ, ਉਹ ਹੁਣ ਉਸ ਨੂੰ ਦੇਖ ਲੈਣਗੇ।’ ਵਕੀਲ ਨੇ ਕਿਹਾ ਕਿ ਆਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤ ਮਗਰੋਂ ਹੁਣ ਬਾਕੀ ਮੁਲਜ਼ਮ ਵੀ ਜ਼ਮਾਨਤ ਲਈ ਅਲਾਹਾਬਾਦ ਹਾਈ ਕੋਰਟ ਵੱਲ ਦੇਖ ਰਹੇ ਹਨ। ਚੀਫ਼ ਜਸਟਿਸ ਨੇ ਕਿਹਾ ਕਿ ਉਹ ਬੈਂਚ ਦਾ ਗਠਨ ਕਰਨਗੇ ਜਿਸ ਨੇ ਪਹਿਲਾਂ ਇਸ ਕੇਸ ਉਤੇ ਸੁਣਵਾਈ ਕੀਤੀ ਹੈ। ਚੀਫ ਜਸਟਿਸ ਨੇ ਮਾਮਲੇ ਦੀ ਸੁਣਵਾਈ ਭਲਕ ਲਈ ਤੈਅ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਚੀਫ਼ ਜਸਟਿਸ, ਜਸਟਿਸ ਸੂਰਿਆ ਕਾਂਤ ਤੇ ਹਿਮਾ ਕੋਹਲੀ ਨੇ ਪਹਿਲਾਂ ਇਸ ਘਟਨਾ ਨਾਲ ਜੁੜੇ ਕੇਸ ਉਤੇ ਸੁਣਵਾਈ ਕੀਤੀ ਸੀ। ਸੁਪਰੀਮ ਕੋਰਟ ਨੇ ਜਾਂਚ ਦੀ ਨਿਗਰਾਨੀ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇਕ ਸਾਬਕਾ ਜੱਜ ਦੀ ਨਿਯੁਕਤੀ ਵੀ ਕੀਤੀ ਸੀ। ਸਿਖ਼ਰਲੀ ਅਦਾਲਤ ਨੇ 11 ਮਾਰਚ ਨੂੰ ਪਟੀਸ਼ਨ ਉਤੇ ਸੁਣਵਾਈ ਲਈ ਸਹਿਮਤੀ ਦਿੱਤੀ ਸੀ। ਇਸ ਪਟੀਸ਼ਨ ਵਿਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਗਈ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਬਨਿਟ ਮੰਤਰੀ ਮਲਿਕ ਦੀ ਰਿਹਾਈ ਬਾਰੇ ਅਰਜ਼ੀ ਖਾਰਜ
Next articleਯੂਕਰੇਨ ਜੰਗ: ਰੂਸ ਵੱਲੋਂ ਕੀਵ ’ਤੇ ਬੰਬਾਰੀ, ਕਈ ਮੌਤਾਂ