ਯੂਕਰੇਨ ਜੰਗ: ਰੂਸ ਵੱਲੋਂ ਕੀਵ ’ਤੇ ਬੰਬਾਰੀ, ਕਈ ਮੌਤਾਂ

ਕੀਵ (ਸਮਾਜ ਵੀਕਲੀ):  ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਬੰਬਾਰੀ ਤੇਜ਼ ਕਰ ਦਿੱਤੀ ਹੈ। ਇਸ ਦੌਰਾਨ ਕਈ ਰਿਹਾਇਸ਼ੀ ਇਮਾਰਤਾਂ ਦਾ ਨੁਕਸਾਨ ਹੋਇਆ ਹੈ। ਮਾਰਿਉਪੋਲ ਵਿਚੋਂ 2000 ਕਾਰਾਂ ’ਚ ਨਾਗਰਿਕ ਇਕ ਮਨੁੱਖੀ ਲਾਂਘੇ ਰਾਹੀਂ ਸ਼ਹਿਰ ਛੱਡ ਕੇ ਨਿਕਲ ਗਏ ਹਨ। ਬੰਦਰਗਾਹ ਨਾਲ ਲੱਗਦੇ ਇਸ ਸ਼ਹਿਰ ਵਿਚੋਂ ਨਿਕਲੇ ਲੋਕਾਂ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਕੂਟਨੀਤਕ ਮੋਰਚੇ ’ਤੇ ਰੂਸ ਤੇ ਯੂਕਰੇਨ ਦਰਮਿਆਨ ਵੀਡੀਓ ਰਾਹੀਂ ਗੱਲਬਾਤ ਦਾ ਇਕ ਹੋਰ ਗੇੜ ਸ਼ੁਰੂ ਹੋਇਆ ਹੈ। ਤਿੰਨ ਯੂਰੋਪੀਅਨ ਯੂਨੀਅਨ ਮੁਲਕਾਂ ਦੇ ਆਗੂ ਜਿਨ੍ਹਾਂ ਵਿਚ ਨਾਟੋ ਮੈਂਬਰ ਪੋਲੈਂਡ ਵੀ ਸ਼ਾਮਲ ਹੈ, ਕੀਵ ਜਾਣ ਦੀ ਯੋਜਨਾ ਬਣਾ ਰਹੇ ਹਨ। ਇਹ ਗੁਆਂਢੀ ਮੁਲਕ ਨਾਲ ਇਕਜੁੱਟਤਾ ਪ੍ਰਗਟ ਕਰਨਾ ਚਾਹੁੰਦੇ ਹਨ। 30 ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਚੁੱਕੇ ਹਨ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਦਰਜਨਾਂ ਲੋਕ ਰੂਸ ਦੇ ਹਮਲੇ ਵਿਚ ਮਾਰੇ ਗਏ ਹਨ।

ਰੂਸੀ ਗੋਲੀਬਾਰੀ ਕਾਰਨ ਇਕ 15 ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗ ਗਈ। ਰੂਸ ਦਾ ਹਮਲਾ 20ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਪੋਲੈਂਡ, ਚੈੱਕ ਗਣਰਾਜ ਤੇ ਸਲੋਵੇਨੀਆ ਦੇ ਆਗੂ ਰੇਲ ਗੱਡੀ ਰਾਹੀਂ ਕੀਵ ਵੱਲ ਰਵਾਨਾ ਹੋਏ ਹਨ। ਸੁਰੱਖਿਆ ਦੇ ਲਿਹਾਜ਼ ਨਾਲ ਹਾਲਾਂਕਿ ਯੂਰੋਪੀਅਨ ਯੂਨੀਅਨ ਨੇ ਕਿਹਾ ਹੈ ਕਿ ਆਗੂਆਂ ਦੇ ਇਸ ਦੌਰੇ ਨੂੰ 27 ਮੁਲਕਾਂ ਦੇ ਗਰੁੱਪ ਦੀ ਮਨਜ਼ੂਰੀ ਨਹੀਂ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ 636 ਲੋਕ ਮਾਰੇ ਗਏ ਹਨ ਤੇ 1125 ਫੱਟੜ ਹੋਏ ਹਨ ਪਰ ਅਸਲ ਅੰਕੜੇ ਕਿਤੇ ਵੱਧ ਹੋ ਸਕਦੇ ਹਨ। ਪੂਰੇ ਮੁਲਕ ਵਿਚ ਬਣੇ ਨੌਂ ਸੁਰੱਖਿਅਤ ਲਾਂਘਿਆਂ ਰਾਹੀਂ ਲੋਕਾਂ ਨੂੰ ਜੰਗ ਵਿਚੋਂ ਨਿਕਲਣ ਦਿੱਤਾ ਜਾ ਰਿਹਾ ਹੈ। ਰੂਸ ਨਾਲ ਗੱਲਬਾਤ ਦੌਰਾਨ ਯੂਕਰੇਨ ਨੇ ਗੋਲੀਬੰਦੀ ਤੇ ਰੂਸੀ ਫ਼ੌਜਾਂ ਦੇ ਵਾਪਸ ਜਾਣ ਦਾ ਮੁੱਦਾ ਉਠਾਇਆ ਹੈ। ਰੂਸ ਨੇ ਕਿਹਾ ਕਿ ਉਹ ਯੂਕਰੇਨ ਨੂੰ ਨਾਟੋ ’ਚ ਸ਼ਾਮਲ ਨਾ ਹੋਣ ਤੇ ਨਿਰਪੱਖ ਰਹਿਣ ਲਈ ਕਹਿ ਰਹੇ ਹਨ। ਇਸੇ ਦੌਰਾਨ ਚੀਨ ਨੇ ਅੱਜ ਕਿਹਾ ਕਿ ਯੂਕਰੇਨ ਮੁੱਦੇ ਉਤੇ ਉਹ ਕਿਸੇ ਦਾ ਪੱਖ ਨਹੀਂ ਪੂਰ ਰਿਹਾ ਹੈ ਤੇ ਨਾ ਹੀ ਰੂਸ ਦੀ ਮਦਦ ਕਰ ਰਿਹਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਖ਼ਿਲਾਫ਼ ਸੁਪਰੀਮ ਕੋਰਟ ’ਚ ਸੁਣਵਾਈ ਅੱਜ
Next articleLokmat Parliamentary Awards: Antony, Mahtab selected for ‘Lifetime Achievement’