ਸੁਚੇਤ ਮਨ ਨੂੰ ਕਿਵੇਂ ਟਿਕਾਈਏ

ਬਰਜਿੰਦਰ ਕੌਰ ਬਿਸਰਾਓ..

(ਸਮਾਜ ਵੀਕਲੀ)-ਮਨੋਵਿਗਿਆਨ ਦੇ ਹਿਸਾਬ ਨਾਲ ਮਨ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ,ਸੁਚੇਤ ਮਨ, ਅਵਚੇਤਨ ਮਨ ਅਤੇ ਅਰਧ ਚੇਤਨ ਮਨ।ਅੱਜ ਆਪਾਂ ਸੁਚੇਤ ਮਨ ਦੀ ਗੱਲ ਕਰਦੇ ਹਾਂ ਜਿਸ ਦਾ ਬਹੁਤਾ ਕਰਕੇ ਸਿੱਧੇ ਤੌਰ ਤੇ ਮਨੁੱਖ ਦੇ ਆਚਾਰ-ਵਿਵਹਾਰ ਨਾਲ ਸਬੰਧ ਹੁੰਦਾ ਹੈ। ਅਸਲ ਵਿੱਚ ਸੁਚੇਤ ਮਨ ਕੀ ਹੈ? ਸੁਚੇਤ ਮਨ ਦਾ ਸੰਬੰਧ ਵਿਅਕਤੀ ਦੀ ਜਾਗਰਿਤ ਅਵਸਥਾ ਨਾਲ ਹੈ। ਜਦੋਂ ਵਿਅਕਤੀ ਚੇਤੰਨ ਹੋ ਕੇ ਕੰਮ ਕਰਦਾ ਹੈ ਤਾਂ ਉਸਦਾ ਮਨ ਕਿਰਿਆਸ਼ੀਲ ਹੁੰਦਾ ਹੈ। ਇਸੇ ਨੂੰ ਸੁਚੇਤ ਜਾਂ ਚੇਤਨ ਮਨ ਕਹਿੰਦੇ ਹਨ। ਜੇ ਮਨੁੱਖ ਚੇਤਨ ਮਨ ਨੂੰ ਸਮਝਣ ਦੇ ਯੋਗ ਹੋਵੋਗਾ ਤਾਂ ਹੀ ਉਹ ਅਵਚੇਤਨ ਅਤੇ ਅਰਧ ਚੇਤਨ ਮਨ ਨੂੰ ਸਮਝ ਸਕਦਾ ਹੈ। ਪਹਿਲਾਂ ਚੇਤਨ ਮਨ ਤੇ ਕਾਬੂ ਪਾਉਣਾ ਜ਼ਰੂਰੀ ਹੁੰਦਾ ਹੈ। ਜੇ ਮਨੁੱਖ ਚੇਤਨ ਮਨ ਨੂੰ ਕ਼ਾਬੂ ਵਿੱਚ ਕਰਨਾ ਸਿੱਖ ਜਾਵੇ ਤਾਂ ਅਵਚੇਤਨ ਅਤੇ ਅਰਧ ਚੇਤਨ ਮਨ ਨੂੰ ਕਾਬੂ ਕਰਨ ਬਾਰੇ ਸੋਚ ਸਕਦਾ ਹੈ।

ਸੁਚੇਤ ਮਨ‌ ਨੂੰ ਵਸ ਵਿੱਚ ਰੱਖਣਾ ਬਹੁਤ ਹੀ ਔਖਾ ਕੰਮ ਹੈ।ਮਨ ਦੀ ਗਤੀ ਧੁਨੀ ਅਤੇ ਪ੍ਰਕਾਸ਼ ਦੀ ਗਤੀ ਨਾਲੋਂ ਕਿਤੇ ਜ਼ਿਆਦਾ ਤੇਜ਼ ਹੈ। ਇਹ ਸਭ ਤੋਂ ਵੱਧ ਸ਼ੈਤਾਨ ਵੀ ਹੈ ਕਿਉਂਕਿ ਮਨੁੱਖ ਨੂੰ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਇਹ ਦੇਸ਼ੀੰ- ਵਿਦੇਸ਼ੀਂ, ਬਿਗਾਨੇ ਵਿਹੜੇ ਘੁੰਮ ਕੇ ਵੀ ਆ ਜਾਂਦਾ ਹੈ। ਇਸ ਨੂੰ ਕਾਬੂ ਰੱਖਣਾ ਹਰ ਮਨੁੱਖ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਇਸ ਨੂੰ ਕਾਬੂ ਨਾ ਰੱਖਿਆ ਜਾਵੇ ਤਾਂ ਇਹ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਮੁਸੀਬਤਾਂ ਖੜੀਆਂ ਕਰ ਦਿੰਦਾ ਹੈ। ਪਾਠ ਪੂਜਾ ਕਰਦੇ ਸਮੇਂ, ਵਿਹਲੇ ਬੈਠੇ ਹੋਏ,ਘਰ ਦੇ ਕੰਮ ਧੰਦੇ ਕਰਦੇ ਹੋਏ, ਸਫ਼ਰ ਕਰਦੇ ਸਮੇਂ ਮਤਲਬ ਕੀ ,ਹਰ ਵੇਲੇ ਇਹ ਉਡਿਆ ਹੀ ਫਿਰਦਾ ਹੈ। ਇਸ ਨੂੰ ਵਾਰ-ਵਾਰ ਫੜਨਾ ਪੈਂਦਾ ਹੈ।

ਸੁਚੇਤ ਮਨ ਨੂੰ ਕਾਬੂ ਕਰਨ ਨੂੰ ਹੀ ਇਕਾਗਰਤਾ ਕਹਿੰਦੇ ਹਨ। ਮਨ ਨੂੰ ਚਾਹੇ ਸ਼ੈਤਾਨ ਆਖੋ ਜਾਂ ਚੰਚਲ ਪਰ ਹੈ ਇਹ ਬਹੁਤ ਸ਼ਕਤੀਸ਼ਾਲੀ।ਇਸ ਨੂੰ ਕਾਬੂ ਕਰਨ ਲਈ ਮਨੁੱਖ ਨੂੰ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕਰਨੇ ਪੈਂਦੇ ਹਨ। ਮਨ ਵਿੱਚ ਇੱਛਾ ਸ਼ਕਤੀ ਵਸਦੀ ਹੈ। ਜਿਸ ਤਰ੍ਹਾਂ ਦੀ ਇੱਛਾ ਮਨ ਵਿੱਚ ਪੈਦਾ ਹੁੰਦੀ ਜਾਂਦੀ ਹੈ ਮਨ ਉਸ ਪਾਸੇ ਵੱਲ ਨੂੰ ਤੁਰਿਆ ਜਾਂਦਾ ਹੈ।ਤੁਰਦਾ ਤੁਰਦਾ ਉਹ ਬਹੁਤ ਲੰਮੇ ਪੈਂਡੇ ਤਹਿ ਕਰਦਾ ,ਐਨਾ ਅਗਾਂਹ ਨਿਕਲ ਜਾਂਦਾ ਹੈ ਕਿ ਉਸ ਨੂੰ ਹੋਰ ਰਸਤੇ ਤੋਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ।

ਇੱਛਾਵਾਂ ਹਰ ਮਨੁੱਖ ਦੇ ਜੀਵਨ-ਹਾਲਤਾਂ ਅਤੇ ਮਾਹੌਲ ਅਨੁਸਾਰ ਪੈਦਾ ਹੁੰਦੀਆਂ ਹਨ। ਕਿਸੇ ਵੀ ਮਨੁੱਖ ਦੀ ਮਾਨਸਿਕਤਾ ਅਤੇ ਸ਼ਖ਼ਸੀਅਤ ਉੱਤੇ ਮਨ ਹੀ ਭਾਰੂ ਹੁੰਦਾ ਹੈ। ਚਾਹੇ ਸਾਰੇ ਧਾਰਮਿਕ ਗ੍ਰੰਥਾਂ ਵਿੱਚ ਮਨ ਨੂੰ ਅੱਡ ਅੱਡ ਸ਼ਬਦਾਂ ਰਾਹੀਂ ਪ੍ਰਭਾਸ਼ਿਤ ਕੀਤਾ ਗਿਆ ਹੈ ਪਰ ਮਨ ਨੂੰ ਕਾਬੂ ਕਰਨ ਦੀ ਥਾਂ ਕਈ ਵਾਰੀ ਮਨੁੱਖ ਧਰਮ-ਕਰਮ ਦੇ ਚੱਕਰਾਂ ਵਿੱਚ ਫ਼ਸਿਆ ਮਹਿਸੂਸ ਕਰਦਾ ਹੈ। ਜਿਸ ਨੂੰ ਪ੍ਰਮਾਤਮਾ ‘ਇੱਕ ਸਰੂਪ’ ਦਾ ਗਿਆਨ ਹੁੰਦਾ ਹੈ ਉਸ ਲਈ ਇਹ ਕੰਮ ਆਸਾਨ ਹੁੰਦਾ ਹੈ।

ਸੋ ਦੋਸਤੋ ਚੇਤਨ ਮਨ ਨੂੰ ਕਾਬੂ ਰੱਖਣ ਲਈ ਆਪਣੇ ਅੰਦਰਲੀ ਤਾਕਤ ਨੂੰ ਜਗਾਉਣ ਦੀ ਲੋੜ ਹੁੰਦੀ ਹੈ। ਜਦੋਂ ਮਨੁੱਖ ਭਗਤੀ ਕਰਦਾ ਹੈ ਉਦੋਂ ਉਹ ਅੱਖਾਂ ਬੰਦ ਕਰ ਕੇ ਬੈਠਦਾ ਹੈ ਕਿ ਪਰਮਾਤਮਾ ਨੂੰ ਯਾਦ ਕਰ ਰਿਹਾ ਹਾਂ ।ਕਈ ਵਾਰੀ ਮਨੁੱਖ ਬਹੁਤ ਮਾਨਸਿਕ ਤਣਾਓ ਵਿੱਚ ਹੋਵੇ ਤਾਂ ਵੀ ਅੱਖਾਂ ਬੰਦ ਕਰਕੇ ਕੁਝ ਸੋਚਣ ਲੱਗ ਜਾਂਦਾ ਹੈ। ਕੀ ਕਦੇ ਸੋਚਿਆ ਹੈ ਕਿ ਅੱਖਾਂ ਬੰਦ ਕਰਨ ਦਾ ਕੀ ਮਤਲਬ ਹੈ? ਅੱਖਾਂ ਬੰਦ ਕਰ ਕਰਕੇ ਤਾਂ ਹਨੇਰਾ ਹੋ ਜਾਂਦਾ ਹੈ ਫਿਰ ਅੱਖਾਂ ਬੰਦ ਕਿਉਂ? ਇਸ ਦਾ ਭਾਵ ਹੈ ਕਿ ਸਾਡੇ ਅੰਦਰ ਹੀ ਸਾਰੀਆਂ ਸ਼ਕਤੀਆਂ ਮੌਜੂਦ ਹਨ। ਅਸੀਂ ਇਸ ਗੱਲ ਤੋਂ ਅਣਜਾਣ ਕੁਦਰਤੀ ਤੌਰ ਤੇ ਉਸ ਨੂੰ ਅੰਦਰੋਂ ਖੋਜਦੇ ਹਾਂ। ਇਹੋ ਹੀ ਮਨ ਨੂੰ ਖੋਜਣ ਦਾ ਅਸਲੀ ਰਾਜ਼ ਹੈ। ਮਨੁੱਖ ਨੂੰ ਆਪਣੇ ਅੰਦਰ ਦੀਆਂ ਸ਼ਕਤੀਆਂ ਨੂੰ ਜਾਗ੍ਰਿਤ ਕਰਨ ਦੀ ਲੋੜ ਹੁੰਦੀ ਹੈ। ਉਸ ਲਈ ਪ੍ਰਮਾਤਮਾ ਦੇ ਨਿਰਾਕਾਰ ਰੂਪ ਭਾਵ ਜੋਤ ਸਰੂਪ ਨੂੰ ਮਹਿਸੂਸ ਕਰਨ ਦੀ ਜ਼ਰੂਰਤ ਹੁੰਦੀ ਹੈ।

ਜਦ ਮਨੁੱਖ ਪਰਮਾਤਮਾ ਦੇ ਜੋਤਿ ਸਰੂਪ ਨੂੰ ਸਮਝਣ ਲੱਗ ਜਾਂਦਾ ਹੈ ਤਾਂ ਉਸ ਦਾ ਮਨ ਵੀ ਉਸ ਨਾਲ ਟਿਕਣ ਲੱਗ ਜਾਂਦਾ ਹੈ ਕਿਉਂਕਿ ਮਨ ਭਾਵ ਆਤਮਾ ਜੋ ਸਰੀਰ ਨੂੰ ਚਲਾਉਣ ਵਾਲੀ ਇੱਕ ਸ਼ਕਤੀ ਹੁੰਦੀ ਹੈ। ਇਸੇ ਤਰ੍ਹਾਂ ਪਰਮ ਆਤਮਾ (ਪਰਮਾਤਮਾ) ਅਤੇ ਮਨੁੱਖ ਅੰਦਰਲੀ ਆਤਮਾ ਦਾ ਰਿਸ਼ਤਾ ਬਾਪ ਅਤੇ ਬੱਚੇ ਵਾਲਾ ਹੁੰਦਾ ਹੈ। ਜਿਸ ਤਰ੍ਹਾਂ ਦੁਨਿਆਵੀ ਰਿਸ਼ਤਿਆਂ ਵਿੱਚ ਬੱਚੇ ਨੂੰ ਆਪਣੇ ਪਿਤਾ ਦੀ ਗੋਦੀ ਵਿੱਚ ਬੈਠ ਕੇ ਸੰਪੂਰਨ ਆਨੰਦ ਮਿਲਦਾ ਹੈ ਬਿਲਕੁਲ ਉਵੇਂ ਆਤਮਾ (ਮਨ) ਰੂਪੀ ਬੱਚੇ ਨੂੰ ਪਰਮਾਤਮਾ ਰੂਪੀ ਪਿਤਾ ਦੀ ਗੋਦ ਵਿੱਚ ਹੀ ਟਿਕਾਣਾ ਮਿਲਦਾ ਹੈ।ਇਸ ਅਭਿਆਸ ਨੂੰ ਵਾਰ-ਵਾਰ ਕਰਨ ਨਾਲ ‌‌‌‌‌‌‌‌ਹੀ ਮਨੁੱਖ ਮਨ ਨੂੰ ਕਾਬੂ ਕਰਨ ਵਿੱਚ ਸਮਰੱਥ ਹੋ ਸਕਦਾ ਹੈ । ਫਿਰ ਅੱਖਾਂ ਬੰਦ ਕਰ ਕੇ ਅੰਦਰ ਚਾਨਣ ਹੀ ਚਾਨਣ ਨਜ਼ਰ ਆਉਂਦਾ ਹੈ । ਮਨੁੱਖ ਬਾਹਰਲੇ ਦੁਨਿਆਵੀ ਚਾਨਣਿਆਂ ਵਿਚਲੀਆਂ ਹਨੇਰੀਆਂ ਰਾਤਾਂ ਨੂੰ ਸਮਝਣ ਦੇ ਯੋਗ ਹੋ ਜਾਂਦਾ ਹੈ।ਇਸ ਤਰ੍ਹਾਂ ਅੰਦਰ ਟਿਕਾਅ ਦੀ ਸਥਿਤੀ ਪੈਦਾ ਹੋ ਕੇ ਮਨ ਦੀ ਭੱਜ-ਦੌੜ ਵੀ ਘਟ ਜਾਂਦੀ ਹੈ ।

ਬਰਜਿੰਦਰ ਕੌਰ ਬਿਸਰਾਓ…
9988901324

 

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਹ ਦਿਨ
Next articleਸੁਹਾਗ ਦੀ ਨਿਸ਼ਾਨੀ ਹਨ ਚੂੜੀਆਂ