ਉਹ ਦਿਨ

(ਸਮਾਜ ਵੀਕਲੀ)

ਘਰ ਨੂੰ ਲਿਪਣ ਵਾਲ਼ੀ
ਚਰਖੇ ਦੀ ਹੁੰਦੀ ਬਈ ਰਾਣੀ ਸੀ।
ਘਰ ਘਰ ਦੇ ਵਿੱਚ ਪੈਂਦੀ ਹੁੰਦੀ
ਚਾਟੀ ਵਿੱਚ ਮਧਾਣੀ ਸੀ।
ਖੂਹੀ ਦੇ ਵਿੱਚ ਲੱਜ ਲਮਕਾਕੇ
ਭਰਿਆ ਕਰਦੇ ਪਾਣੀ ਸੀ।
ਝੂਟਾ ਝੂਟਦੀ ਰਲਮਿਲ਼ਕੇ ਉਹ
ਕੁਡ਼ੀਆਂ ਵਾਲ਼ੀ ਟਾਣੀ ਸੀ।
ਕੱਚੇ ਘਰ ਵਿੱਚ ਰੱਖੇ ਮੋਘੇ ਓਟੇ ਸੀ ਕੁਝ ਆਲ਼ੇ।
ਉਹ ਦਿਨ ਸੀ ਚੰਗੇ ਰੌਣਕ ਲੈਗੇ ਨਾਲ਼ੇ।
ਉਹ ਦਿਨ ਸੀ ਚੰਗੇ।

ਝੜੀ ਲੱਗਣ ਤੇ ਟਪਕਉਆ
ਵਿੱਚ ਲਗਦਾ ਸੀ ਬਰਸਾਤਾਂ ਦੇ।
ਆਟਾ ਗੁੰਨਿਆਂ ਕਰਦੇ ਸੀ ਵਿੱਚ
ਪਿੱਤਲ ਦੀਆਂ ਪ੍ਰਾਤਾਂ ਦੇ।
ਵਿੱਚ ਸਕੂਲ ਦੇ ਘੜੀਆਂ ਕਲਮਾਂ
ਚੇਤੇ ਵਕਤ ਦਵਾਤਾਂ ਦੇ।
ਪੋਤਾ ਮਾਣਦਾ ਹੁੰਦਾ ਸੀ ਓਦੋਂ
ਨਿੱਘ ਬੇਬੇ ਦੀਆਂ ਬਾਤਾਂ ਦੇ।
ਗੁੱਲੀ ਡੰਡਾ ਲੁਕਣ ਮਚਾਈਆਂ ਖੇਡੇ ਘੇਰ-ਘਰਾਲ਼ੇ।
ਉਹ ਦਿਨ ਸੀ ਚੰਗੇ ਰੌਣਕ ਲੈਗੇ ਨਾਲ਼ੇ।
ਉਹ ਦਿਨ ਸੀ ਚੰਗੇ।

ਚੁੱਲ੍ਹੇ ਦੇ ਵਿੱਚ ਸੁਲਘੇ ਪਾਥੀ
ਹਰ ਘਰ ਦੀਵਾ ਜਗਦਾ ਸੀ।
ਉਹ ਵੇਲ਼ਾ ਤਾਂ ਇਸ ਵੇਲ਼ੇ ਤੋਂ
ਬੜਾ ਈ ਸੋਹਣਾ ਲਗਦਾ ਸੀ।
ਕੁੜਤਾ ਚਾਦਰਾ ਧੌੜੀ ਵਾਲ਼ੀ
ਜੁੱਤੀ ਦੇ ਨਾਲ਼ ਫਬਦਾ ਸੀ।
ਝੋੱਲੀ ਪੱਖੀ ਸਿਖ਼ਰ ਦੁਪਿਹਰੇ
ਜਦ ਵੀ ਸੂਰਜ ਮਘਦਾ ਸੀ।
ਬਲਦਾਂ ਦੇ ਗਲ਼ ਪਾਉਂਦੇ ਹੁੰਦੇ ਜੋਤ ਘੁੰਗੁਰੂਆਂ ਵਾਲ਼ੇ।
ਉਹ ਦਿਨ ਸੀ ਚੰਗੇ ਰੌਣਕ ਲੈਗੇ ਨਾਲ਼ੇ।
ਉਹ ਦਿਨ ਸੀ ਚੰਗੇ।

ਬਚਪਨ ਤੈਨੂੰ ਚੇਤੇ ਆ ਗਿਆ
ਆ ਗਿਆ ਧਾਲੀਵਾਲ਼ਾ ਵੇ।
ਕੰਨ ਪਾਟੇ ਸੀ ਜੋਗੀਆਂ ਦੇ
ਉਹ ਗਲ਼ ਵਿੱਚ ਪਾਉਂਦੇ ਮਾਲ਼ਾ ਵੇ।
ਸੱਪ ਸਪੇਰਾ ਫੜ੍ਹ ਲੈ ਗਿਆ
ਲੈ ਗਿਆ ਰੰਗ ਦਾ ਕਾਲ਼ਾ ਵੇ।
ਪਹਿਲਾਂ ਨਾਲ਼ੋਂ ਬਦਲ ਗਿਆ ਐ
ਤੇਰਾ ਪਿੰਡ ਹੰਸਾਲ਼ਾ ਵੇ।
ਇੱਕ ਦੂਜੇ ਨਾਲ਼ ਸਕੇ ਭਰਾ ਹੁਣ ਕਰਦੇ ਘਾਲ਼ੇ-ਮਾਲ਼ੇ।
ਉਹ ਦਿਨ ਸੀ ਚੰਗੇ ਰੌਣਕ ਲੈਗੇ ਨਾਲ਼ੇ।
ਉਹ ਦਿਨ ਸੀ ਚੰਗੇ।

ਧੰਨਾ ਧਾਲੀਵਾਲ:-9878235714

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਓ ਆਪਣੇ ਆਪ ਨਾਲ ਪਿਆਰ ਕਰੀਏ :
Next articleਸੁਚੇਤ ਮਨ ਨੂੰ ਕਿਵੇਂ ਟਿਕਾਈਏ