ਪੋਲੈਂਡ ’ਚ ਤਿੰਨ ਦਿਨ ਤੋਂ ਜਹਾਜ਼ ਉਡੀਕ ਰਹੇ ਨੇ 300 ਵਿਦਿਆਰਥੀ

ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ):  ਯੂਕਰੇਨ ਵਿੱਚੋਂ ਸੱਤ ਦਿਨਾਂ ਦੀ ਖੱਜਲ-ਖੁਆਰੀ ਮਗਰੋਂ ਨਿਕਲੇ ਕਰੀਬ 300 ਵਿਦਿਆਰਥੀ ਹੁਣ ਤਿੰਨ ਦਿਨ ਤੋਂ ਪੋਲੈਂਡ ਵਿੱਚ ਫਸੇ ਹੋਏ ਹਨ। ਉਨ੍ਹਾਂ ਨੂੰ ਭਾਰਤੀ ਜਹਾਜ਼ ਵਿੱਚ ਨਹੀਂ ਚੜ੍ਹਨ ਦਿੱਤਾ ਜਾ ਰਿਹਾ। ਪੋਲੈਂਡ ਦੇ ਸ਼ਹਿਰ ਰਾਜੋਬ ਦੇ ਹੋਟਲ ਪ੍ਰੈਜ਼ੀਡੈਂਸੀ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਰਹਿ ਰਹੇ ਮੁਕਤਸਰ ਦੇ ਨਵਨੀਤ ਸਿੰਘ ਜੌੜਾ, ਸੁਖਰਾਜ ਸਿੰਘ ਭੁੱਲਰ ਅਤੇ ਪੁਨੀਤ ਕੁਮਾਰ ਨੇ ਦੱਸਿਆ ਕਿ ਉਹ 3 ਮਾਰਚ ਨੂੰ ਯੂਕਰੇਨ ਵਿੱਚੋਂ ਨਿਕਲ ਆਏ ਸਨ ਤੇ ਉਦੋਂ ਤੋਂ ਹੀ ਪੋਲੈਂਡ ਦੇ ਹੋਟਲ ਵਿੱਚ ਬੈਠੇ ਹਨ। ਉਨ੍ਹਾਂ ਤੋਂ ਬਾਅਦ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਜਹਾਜ਼ ਚੜ੍ਹਾ ਦਿੱਤਾ ਹੈ ਪਰ ਉਨ੍ਹਾਂ ਨੂੰ ਹੋਟਲ ਵਿੱਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਗਰੁੱਪ ਤੋੜ ਦਿੱਤੇ ਗਏ ਹਨ। ਉਨ੍ਹਾਂ ਦੇ ਗਰੁੱਪ ਵਿਚਲੀਆਂ ਤਿੰਨ ਲੜਕੀਆਂ ਨੂੰ ਵੱਖ ਕਰ ਦਿੱਤਾ ਗਿਆ ਹੈ। ਪਹਿਲੇ ਸਾਲ ਵਾਲੇ ਵਿਦਿਆਰਥੀਆਂ ਨੂੰ ਸੀਨੀਅਰਾਂ ਨਾਲੋਂ ਵੱਖ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ 230 ਬੱਚੇ ਫਲਾਈਟ ਵਿੱਚ ਜਾਣੇ ਸਨ ਪਰ ਉਨ੍ਹਾਂ ’ਚੋਂ ਸਿਰਫ਼ 10 ਬੱਚਿਆਂ ਨੂੰ ਲਿਜਾਇਆ ਗਿਆ ਤੇ ਬਾਅਦ ਵਿੱਚ ਉਨ੍ਹਾਂ ’ਚੋਂ ਵੀ 8 ਬੱਚੇ ਵਾਪਸ ਭੇਜ ਦਿੱਤੇ ਗਏ। ਹਾਲਾਂਕਿ ਉਨ੍ਹਾਂ ਦੇ ਪਾਸਪੋਰਟਾਂ ’ਤੇ ਮੋਹਰਾਂ ਵੀ ਲੱਗੀਆਂ ਹਨ। ਨਵਨੀਤ ਸਿੰਘ ਜੌੜਾ ਦੇ ਪਿਤਾ ਕੁਲਦੀਪ ਸਿੰਘ ਜੌੜਾ ਨੇ ਦੱਸਿਆ ਕਿ ਭਾਰਤੀ ਅੰਬੈਸੀ ਦੇ ਮਾੜੇ ਵਤੀਰੇ ਕਰਕੇ ਬੱਚੇ  ਮਾਨਸਿਕ ਪ੍ਰੇਸ਼ਾਨੀ ਵਿੱਚ ਹਨ। ਪੋਲੈਂਡ ਦੀ ਸਰਕਾਰ ਦਾ ਵਤੀਰਾ ਵਧੀਆ ਹੈ, ਜਿਨ੍ਹਾਂ ਉਨ੍ਹਾਂ ਨੂੰ ਹੋਟਲ ਦਿੱਤਾ, ਖਾਣ-ਪੀਣ ਨੂੰ ਦਿੱਤਾ ਪਰ ਭਾਰਤੀ ਅੰਬੈਸੀ ਦੇ ਅਧਿਕਾਰੀ ਕੋਈ ਸੁਣਵਾਈ ਨਹੀਂ ਕਰ ਰਹੇ। ਨਵਨੀਤ ਸਿੰਘ ਜੌੜਾ, ਸੁਖਰਾਜ ਸਿੰਘ ਭੁੱਲਰ ਅਤੇ ਪੁਨੀਤ ਕੁਮਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਲਈ ਪੋਲੈਂਡ ਤੋਂ ਤੁਰੰਤ ਉਡਾਣ ਦਾ ਪ੍ਰਬੰਧ ਕੀਤਾ ਜਾਵੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ’ਚ ਸੜਕ ਹਾਦਸੇ ਦੌਰਾਨ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ
Next articleਜੇਲ੍ਹ ਪ੍ਰਸ਼ਾਸਨ ਨੇ ਰੋਕੀਆਂ ਮਜੀਠੀਆ ਦੀਆਂ ਵਾਧੂ ਮੁਲਾਕਾਤਾਂ