- ਆਜ਼ੋਵ ਸਾਗਰ ਕੰਢੇ ਦੂਜੇ ਸ਼ਹਿਰ ਮਾਰੀਓਪੋਲ ਦੀ ਵੀ ਘੇਰਾਬੰਦੀ
- ਕੌਮਾਂਤਰੀ ਅਪਰਾਧ ਅਦਾਲਤ ਨੇ ਜੰਗੀ ਅਪਰਾਧ ਦੇ ਦੋਸ਼ਾਂ ਨੂੰ ਲੈ ਕੇ ਰੂਸ ਖਿਲਾਫ਼ ਜਾਂਚ ਵਿੱਢੀ
ਕੀਵ (ਸਮਾਜ ਵੀਕਲੀ): ਰੂਸੀ ਫੌਜ ਨੇ ਖਾਰਕੀਵ ’ਤੇ ਅੱਜ ਮੁੜ ਬੰਬਾਰੀ ਕਰਦਿਆਂ ਰਣਨੀਤਕ ਪੱਖੋਂ ਅਹਿਮ ਬੰਦਰਗਾਹੀ ਸ਼ਹਿਰ ਖੇਰਸਾਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਜਦੋਂਕਿ ਯੂਕਰੇਨ ਨੂੰ ਉਸ ਦੀ ਸਾਹਿਲੀ ਰੇਖਾ ਨਾਲੋਂ ਤੋੜਨ ਲਈ ਆਜ਼ੋਵ ਸਾਗਰ ਕੰਢੇ ਵਸੇ ਵੱਡੇ ਸ਼ਹਿਰ ਮਾਰੀਓਪੋਲ ਦੀ ਘੇਰਾਬੰਦੀ ਲਈ ਕੋਸ਼ਿਸ਼ਾਂ ਜਾਰੀ ਹਨ। ਉਧਰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਪਾਸ ਨਿਖੇਧੀ ਮਤੇ ਮਗਰੋਂ ਇਕੱਲੇ ਪਏ ਰੂਸ ਨੇ ਅੱਜ ਕਿਹਾ ਕਿ ਉਹ ਜੰਗ ਖ਼ਤਮ ਕਰਨ ਲਈ ਗੱਲਬਾਤ ਦੇ ਰਾਹ ਪੈਣ ਲਈ ਤਿਆਰ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਹਾਲਾਂਕਿ (ਫਰਾਂਸ ਦੇ ਆਪਣੇ ਹਮਰੁਤਬਾ ਇਮੈਨੂਲ ਮੈਕਰੋਂ ਨਾਲ ਫੋਨ ’ਤੇ ਕੀਤੀ ਗੱਲਬਾਤ ਦੌਰਾਨ) ਸਾਫ਼ ਕਰ ਦਿੱਤਾ ਕਿ ਯੂਕਰੇਨ ਨੂੰ ਨਾਟੋ ਮੈਂਬਰ ਨਾ ਬਣਾਉਣ ਤੇ ਹਥਿਆਰਾਂ ਦੀ ਸਪਲਾਈ ਰੋਕਣ ਸਬੰਧੀ ਮੰਗ ਦਾ ਕੋਈ ਕੂਟਨੀਤਕ ਹੱਲ ਨਾ ਨਿਕਲਿਆ ਤਾਂ ਉਹ ਯੂਕਰੇਨ ’ਚ ਫੌਜੀ ਕਾਰਵਾਈ ਜਾਰੀ ਰੱਖਣਗੇ। ਉਧਰ ਕੌਮਾਂਤਰੀ ਅਪਰਾਧਕ ਅਦਾਲਤ ਨੇ ਸੰਭਾਵੀ ਜੰਗੀ ਅਪਰਾਧ ਦੇ ਦੋਸ਼ਾਂ ਨੂੰ ਲੈ ਕੇ ਰੂਸ ਖਿਲਾਫ਼ ਜਾਂਚ ਵਿੱਢ ਦਿੱਤੀ ਹੈ।
ਰੂਸੀ ਫੌਜ ਨੇ ਕਿਹਾ ਉਸ ਨੇ ਸਾਹਿਲੀ ਸ਼ਹਿਰ ਖੇਰਸਾਨ ’ਤੇ ਕਬਜ਼ਾ ਕਰ ਲਿਆ ਹੈ। ਸਥਾਨਕ ਯੂਕਰੇਨੀ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰੂਸੀ ਸਲਾਮਤੀ ਦਸਤਿਆਂ ਨੇ ਕਾਲਾ ਸਾਗਰ ਬੰਦਰਗਾਹ ’ਤੇ ਮੁਕਾਮੀ ਸਰਕਾਰੀ ਹੈੱਡਕੁਆਰਟਰਾਂ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਹੈ। ਖੇਰਸਾਨ ਦੀ ਗਵਰਨਰ ਹੀਨਾਡੀ ਲਾਹੁਤਾ ਨੇ ਇਸ ਦੀ ਪੁਸ਼ਟੀ ਕੀਤੀ ਹੈ, ਪਰ ਉਨ੍ਹਾਂ ਇਹ ਵੀ ਕਿਹਾ ਕਿ ਉਹ ਤੇ ਹੋਰ ਅਧਿਕਾਰੀ ਪਹਿਲਾਂ ਵਾਂਗ ਆਪਣੀ ਡਿਊਟੀ ਕਰ ਰਹੇ ਹਨ। ਆਜ਼ੋਵ ਸਾਗਰ ਕੰਢੇ ਰਣਨੀਤਕ ਪੱਖੋਂ ਅਹਿਮ ਸਾਹਿਲੀ ਸ਼ਹਿਰ ਮਾਰੀਓਪੋਲ ’ਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸ਼ਹਿਰ ਦੇ ਲੋਕ ਖੌਫ਼ ਵਿੱਚ ਹਨ ਅਤੇ ਬਿਜਲੀ ਬੰਦ ਹੋਣ ਕਰਕੇ ਸਾਰਾ ਸ਼ਹਿਰ ਹਨੇਰੇ ਵਿੱਚ ਹੈ। ਘਰਾਂ ਤੇ ਦੁਕਾਨਾਂ ਵਿੱਚ ਖਾਣੇ ਤੇ ਪਾਣੀ ਦੀ ਵੱਡੀ ਕਿੱਲਤ ਹੈ।
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਨੇ ਯੂਕਰੇਨ ਨਾਲ ਗੱਲਬਾਤ ਦੀ ਵਕਾਲਤ ਕਰਦਿਆਂ ਕਿਹਾ, ‘‘ਅਸੀਂ ਗੱਲਬਾਤ ਲਈ ਤਿਆਰ ਹਾਂ, ਪਰ ਅਸੀਂ ਫ਼ੌਜੀ (ਆਪਰੇਸ਼ਨ) ਕਾਰਵਾਈ ਵੀ ਜਾਰੀ ਰੱਖਾਂਗੇ ਕਿਉਂਕਿ ਅਸੀਂ ਰੂਸ ਨੂੰ ਧਮਕਾਉਣ ਵਾਲੇ ਯੂਕਰੇਨ ਦੇ ਫੌਜੀ ਢਾਂਚੇ ਨੂੰ ਕਾਇਮ ਰੱਖਣ ਦੀ ਇਜਾਜ਼ਤ ਨਹੀਂ ਦੇ ਸਕਦੇ।’’ ਲੈਵਰੋਵ ਨੇ ਕਿਹਾ ਕਿ ਪੱਛਮੀ ਮੁਲਕਾਂ ਵੱਲੋਂ ਯੂਕਰੇਨ ਨੂੰ ਲਗਾਤਾਰ ਹਥਿਆਰ ਮੁਹੱਈਆ ਕੀਤੇ ਜਾ ਰਹੇ ਹਨ। ਇਹੀ ਨਹੀਂ ਯੂਕਰੇਨੀ ਫੌਜਾਂ ਨੂੰ ਸਿਖਲਾਈ ਦੇਣ ਤੋਂ ਇਲਾਵਾ ਫੌਜੀ ਅੱਡੇ ਬਣਾਏ ਜਾ ਰਹੇ ਹਨ ਤਾਂ ਕਿ ਉਸ ਨੂੰ ਰੂਸ ਖਿਲਾਫ਼ ਕਿਲ੍ਹੇ ਵਾਂਗ ਵਰਤਿਆ ਜਾ ਸਕੇ। ਲੈਵਰੋਵ ਨੇ ਕਿਹਾ ਕਿ ਮਾਸਕੋ ਯੂਕਰੇਨੀਆਂ ਨੂੰ ਉਨ੍ਹਾਂ ਦੀ ਮਰਜ਼ੀ ਦੀ ਸਰਕਾਰ ਚੁਣਨ ਦੀ ਖੁੱਲ੍ਹ ਦੇਵੇਗਾ। ਯੂਕਰੇਨ ਉੱਤੇ ਪਿਛਲੇ ਇਕ ਹਫ਼ਤੇ ਤੋਂ ਜਾਰੀ ਹਮਲਿਆਂ ਦਰਮਿਆਨ ਰੂਸ ਨੇ ਅੱਜ ਪਹਿਲੀ ਵਾਰ ਮੰਨਿਆ ਕਿ ਫੌਜੀ ਕਾਰਵਾਈ ਦੌਰਾਨ ਉਸ ਦੇ 500 ਦੇ ਕਰੀਬ ਸਲਾਮਤੀ ਦਸਤੇ ਮਾਰੇ ਗਏ ਹਨ ਜਦੋਂਕਿ 1600 ਫੌਜੀ ਜ਼ਖ਼ਮੀ ਹੋਏ ਹਨ। ਯੂਕਰੇਨ ਨੇ ਭਾਵੇਂ ਆਪਣੇ ਫੌਜੀ ਨੁਕਸਾਨ ਬਾਰੇ ਨਹੀਂ ਦੱਸਿਆ, ਪਰ ਇੰਨਾ ਜ਼ਰੂਰ ਕਿਹਾ ਕਿ ਉਸ ਦੇ 2000 ਤੋਂ ਵੱਧ ਆਮ ਨਾਗਰਿਕ ਮਾਰੇ ਗਏ ਹਨ। ਹਾਲਾਂਕਿ ਇਸ ਦਾਅਵੇ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ।
ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਹਾਈ ਕਮਿਸ਼ਨਰ ਦਫ਼ਤਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ ਸੱਤ ਦਿਨਾਂ ਦੌਰਾਨ ਘੱਟੋ-ਘੱਟ 227 ਸਿਵਲੀਅਨਾਂ ਦੀ ਜਾਨ ਜਾਂਦੀ ਰਹੀ ਹੈ ਜਦੋਂਕਿ ਇਸੇ ਅਰਸੇ ਦੌਰਾਨ 525 ਹੋਰ ਜ਼ਖ਼ਮੀ ਹੋ ਗਏ। ਯੂਕਰੇਨ ਨੇ ਲੰਘੇ ਦਿਨ 2000 ਤੋਂ ਵੱਧ ਆਮ ਨਾਗਰਿਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਸੀ, ਜਿਸ ਦੀ ਆਪਣੇ ਪੱਧਰ ’ਤੇ ਪੁਸ਼ਟੀ ਨਹੀਂ ਹੋ ਸਕੀ। ਇਸ ਦੌਰਾਨ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਰੂਸ ਦੀ ਜ਼ਮੀਨੀ ਫੌਜ ਵੱਲੋਂ ਹਮਲੇ ਰੁਕਣ ਮਗਰੋਂ ਮਾਸਕੋ ਨੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ, ਜਿਨ੍ਹਾਂ ਨੂੰ ਯੂਕਰੇਨੀ ਰੱਖਿਆ ਸਿਸਟਮ ਵੱਲੋਂ ਨਕਾਰਾ ਕੀਤਾ ਜਾ ਰਿਹਾ ਹੈ। ਜ਼ੇਲੈਂਸਕੀ ਨੇ ਇਕ ਵੀਡੀਓ ਸੁਨੇਹੇ ’ਚ ਕਿਹਾ, ‘‘ਅਸੀਂ ਉਹ ਲੋਕ ਹਾਂ ਜਿਨ੍ਹਾਂ ਇਕ ਹਫ਼ਤੇ ਅੰਦਰ ਹੀ ਦੁਸ਼ਮਣ ਦੀਆਂ ਸਾਰੀਆਂ ਵਿਉਂਤਾਂ ਨੂੰ ਤਹਿਸ ਨਹਿਸ ਕਰ ਛੱਡਿਆ ਹੈ।’’ ਕੀਵ ਦੇ ਮੇਅਰ ਵਿਤਾਲੀ ਕਲਿਤਸ਼ਕੋ ਨੇ ਕਿਹਾ ਕਿ ਯੂਕਰੇਨੀ ਰਾਜਧਾਨੀ ਵਿੱਚ ਸਾਰੀ ਰਾਤ ਧਮਾਕਿਆਂ ਦੀ ਗੂੰਜ ਕੰਨਾਂ ’ਚ ਪੈਂਦੀ ਰਹੀ। ਰੂਸ ਨੇ ਉਪਰੋਥੱਲੀ ਮਿਜ਼ਾਈਲ ਹਮਲੇ ਕੀਤੇ। ਯੂਕਰੇਨੀ ਫੌਜ ਨੇ ਰੂਸੀ ਸਲਾਮਤੀ ਦਸਤਿਆਂ ਦੇ ਐਨ ਪੱਛਮ ਵੱਲ ਓਡੈਸਾ ਦੀ ਬੰਦਰਗਾਹ ਵੱਲ ਵਧਣ ਦਾ ਦਾਅਵਾ ਕੀਤਾ ਹੈ।
ਉਧਰ ਸੀਨੀਅਰ ਅਮਰੀਕੀ ਰੱਖਿਆ ਅਧਿਕਾਰੀ ਨੇ ਕਿਹਾ ਕਿ ਕੀਵ ਤੋਂ 25 ਕਿਲੋਮੀਟਰ ਦੂਰ ਸੈਂਕੜੇ ਟੈਂਕਾਂ ਤੇ ਹੋਰ ਫੌਜੀ ਵਾਹਨਾਂ ਦਾ ਵੱਡਾ ਕਾਫ਼ਲਾ ਮੌਜੂਦਾ ਹੈ, ਜੋ ਪਿਛਲੇ ਕੁਝ ਦਿਨਾਂ ਤੋਂ ਉਥੇ ਹੀ ਖੜ੍ਹਾ ਹੈ। ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਦੇ ਸਿਖਰਲੇ ਸਲਾਹਕਾਰ ਓਲੈਕਸੀ ਅਰੈਸਟੋਵਿਚ ਮੁਤਾਬਕ ਯੂਕਰੇਨੀ ਫੌਜਾਂ ਨੇ ਖਾਰਕੀਵ ’ਤੇ ਕਈ ਰੂਸੀ ਜਹਾਜ਼ਾਂ ਨੂੰ ਫੁੰਡਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਖਾਰਕੀਵ 21ਵੀਂ ਸਦੀ ਦਾ ਸਟੈਲਿਨਗਾਰਡ ਬਣ ਗਿਆ ਹੈ।’ ਖਾਰਕੀਵ ਦੇ ਮੇਅਰ ਇਗੋਰ ਟੈਰੇਖੋਵ ਨੇ ਆਪਣੇ ਜ਼ਮੀਨਦੋਜ਼ ਬੰਕਰ ’ਚੋਂ ਬੀਬੀਸੀ ਨੂੰ ਦੱਸਿਆ, ‘‘ਸ਼ਹਿਰ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਸਾਨੂੰ ਦ੍ਰਿੜਤਾ ਨਾਲ ਖੜ੍ਹਨਾ ਚਾਹੀਦਾ ਹੈ।’’ ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨ ਏਜੰਸੀ ਆਈਏਈੲੇ ਦੇ ਮੁਖੀ ਰਾਫ਼ੇਲ ਗਰੌਸੀ ਨੇ ਚੇਤਾਵਨੀ ਦਿੱਤੀ ਕਿ ਰੂਸ ਵੱਲੋਂ ਕੀਤਾ ਹਮਲਾ ਯੂਕਰੇਨ ਦੇ 15 ਪਰਮਾਣੂ ਰਿਐਕਟਰਾਂ ਲਈ ਵੱਡਾ ਖ਼ਤਰਾ ਹੈ। ਉਧਰ ਯੂਐੱਨ ਵਿੱਚ ਯੂਕਰੇਨ ਦੇ ਸਫ਼ੀਰ ਸਰਗੇਈ ਕਿਸਲਿਤਸਾ ਨੇ ਯੂਐੱਨ ਵਿੱਚ ਰੂਸ ਖਿਲਾਫ਼ ਪੇਸ਼ ਨਿਖੇਧੀ ਮਤੇ ਦੌਰਾਨ ਬੋਲਦਿਆਂ ਕਿਹਾ ਕਿ ਰੂਸੀ ਫੌਜਾਂ ਉਸ ਦੀ ਹੋਂਦ ਦਾ ਹੱਕ ਖੋਹਣ ਲਈ ਆਈਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly