ਯੂਕਰੇਨ ’ਚ ਕਿਸੇ ਵੀ ਭਾਰਤੀ ਵਿਦਿਆਰਥੀ ਨੂੰ ਬੰਦੀ ਨਹੀਂ ਬਣਾਇਆ ਗਿਆ: ਵਿਦੇਸ਼ ਮੰਤਰਾਲਾ

ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਨੇ ਖਾਰਕੀਵ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਬੰਦੀ ਬਣਾਏ ਜਾਣ ਸਬੰਧੀ ਰੂਸ ਤੇ ਯੂਕਰੇਨ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਭਾਰਤ ਨੇ ਕਿਹਾ ਕਿ ਉੁਸ ਨੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਤੇ ਨੇੜਲੇ ਖੇਤਰਾਂ ’ਚ ਫਸੇ ਆਪਣੇ ਨਾਗਰਿਕਾਂ ਨੂੰ ਉਥੋਂ ਕੱਢਣ ਲਈ ਯੂਕਰੇਨੀ ਸਰਕਾਰ ਨੂੰ ਵਿਸ਼ੇਸ਼ ਰੇਲਗੱਡੀਆਂ ਦਾ ਪ੍ਰਬੰਧ ਕਰਨ ਲਈ ਕਿਹਾ ਸੀ। ਭਾਰਤ ਨੇ ਇਹ ਟਿੱਪਣੀਆਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਦਫ਼ਤਰ ਵੱਲੋਂ ਕੀਤੇ ਉਸ ਦਾਅਵੇ ਮਗਰੋਂ ਕੀਤੀਆਂ ਹਨ, ਜਿਸ ਵਿੱਚ ਕਿਹਾ ਗਿਆ ਸੀ ਕਿ ਯੂਕਰੇਨੀ ਸਲਾਮਤੀ ਦਸਤੇ ਭਾਰਤੀ ਵਿਦਿਆਰਥੀਆਂ ਨੂੰ ‘ਅਸਲ ਵਿੱਚ ਬੰਦੀ’ ਬਣਾ ਕੇ ‘ਮਨੁੱਖੀ ਢਾਲ’ ਵਜੋਂ ਵਰਤ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਯੂਕਰੇਨ ਛੱਡ ਕੇ ਰੂਸੀ ਖੇਤਰ ’ਚ ਦਾਖ਼ਲ ਹੋਣ ਤੋਂ ਰੋਕਿਆ ਜਾ ਸਕੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੁੱਧਵਾਰ ਸ਼ਾਮ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਕੀਤੀ ਗੱਲਬਾਤ ਮਗਰੋਂ ਕਰੈਮਲਿਨ ਵੱਲੋਂ ਜਾਰੀ ਲਿਖਤੀ ਬਿਆਨ ਵਿੱਚ ਰੂਸ ਦੇ ਇਸ ਉਪਰੋਕਤ ਦਾਅਵੇ ਦਾ ਜ਼ਿਕਰ ਸੀ। ਰੂਸ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਉਹ ਖਾਰਕੀਵ ਵਿੱਚ ਫਸੇ ਵਿਦਿਆਰਥੀਆਂ ਨੂੰ ‘ਸੁਰੱਖਿਅਤ ਲਾਂਘੇ’, ਜੋ ਰੂਸ ਤੱਕ ਸਭ ਤੋਂ ਛੋਟਾ ਰੂਟ ਹੈ, ਰਾਹੀਂ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਜਦੋਂਕਿ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਯੂਕਰੇਨੀ ਫੌਜਾਂ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਬੰਦੀ ਬਣਾ ਕੇ ਮਨੁੱਖੀ ਢਾਲ ਵਜੋਂ ਵਰਤਿਆ ਜਾ ਰਿਹੈ ਤਾਂ ਕਿ ਉਨ੍ਹਾਂ ਨੂੰ ਮੁਲਕ ਛੱਡਣ ਤੋਂ ਰੋਕਿਆ ਜਾ ਸਕੇ।’’

ਰੂਸ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਸਾਰੀ ਜ਼ਿੰਮੇਵਾਰੀ ਕੀਵ ਕੀਵ ਦੀ ਹੋਵੇਗੀ। ਉਧਰ ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਇਕ ਵੱਖਰੇ ਬਿਆਨ ਵਿੱਚ ‘‘ਭਾਰਤ, ਪਾਕਿਸਤਾਨ, ਚੀਨ ਤੇ ਹੋਰਨਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਸੱਦਾ ਦਿੱਤਾ ਸੀ ਕਿ ਉਹ ਖਾਰਕੀਵ ਤੇ ਸੂਮੀ ਵਿੱਚ ਰੂਸੀ ਹਥਿਆਰਬੰਦ ਬਲਾਂ ਵੱਲੋਂ ਬੰਦੀ ਬਣਾਏ ਆਪਣੇ ਵਿਦਿਆਰਥੀਆਂ ਲਈ ਮਾਸਕੋ ਅੱਗੇ ਹੋਰਨਾਂ ਯੂਕਰੇਨੀ ਸ਼ਹਿਰਾਂ ਤੱਕ ਸੁਰੱਖਿਅਤ ਲਾਂਘਾ ਦੇਣ ਦੀ ਮੰਗ ਰੱਖਣ।’’ ਯੂਕਰੇਨ ਨੇ ਕਿਹਾ ਸੀ ਕਿ ਜੇਕਰ ਰੂਸ ਗੋਲੀਬੰਦੀ ਦਾ ਐਲਾਨ ਕਰੇ ਤਾਂ ਸਰਕਾਰ ਵਿਦੇਸ਼ੀ ਵਿਦਿਆਰਥੀਆਂ ਨੂੰ ਖਾਰਕੀਵ ਤੇ ਸੂਮੀ ਤੋਂ ਕਿਸੇ ਹੋਰ ਥਾਂ ਤਬਦੀਲ ਕਰਨ ਲਈ ਤਿਆਰ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ, ‘‘ਸਾਡੇ ਕੋਲ ਕਿਸੇ ਵੀ ਵਿਦਿਆਰਥੀ ਨੂੰ ਬੰਦੀ ਬਣਾਏ ਜਾਣ ਬਾਰੇ ਕੋਈ ਰਿਪੋਰਟ ਨਹੀਂ ਹੈ। ਅਸੀਂ ਯੂਕਰੇਨੀ ਪ੍ਰਸ਼ਾਸਨ ਨੂੰ ਖਾਰਕੀਵ ਤੇ ਨੇੜਲੇ ਖੇਤਰਾਂ ਵਿੱਚ ਫਸੇ ਵਿਦਿਆਰਥੀਆਂ ਨੂੰ ਉਥੋਂ ਕੱਢ ਕੇ ਮੁਲਕ ਦੇ ਪੱਛਮੀ ਹਿੱਸੇ ਵਿੱਚ ਲਿਜਾਣ ਲਈ ਵਿਸ਼ੇਸ਼ ਰੇਲਗੱਡੀਆਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਸੀ।’’ ਉਨ੍ਹਾਂ ਕਿਹਾ ਕਿ ਯੂਕਰੇਨ ਵਿਚਲੀ ਭਾਰਤੀ ਅੰਬੈਸੀ ਲਗਾਤਾਰ ਯੂਕਰੇਨ ਵਿੱਚ ਭਾਰਤੀ ਨਾਗਰਿਕਾਂ ਦੇ ਸੰਪਰਕ ਵਿੱਚ ਹੈ। ਯੂਕਰੇਨੀ ਅਥਾਰਿਟੀਜ਼ ਦੇ ਸਹਿਯੋਗ ਨਾਲ ਕਈ ਵਿਦਿਆਰਥੀ ਲੰਘੇ ਦਿਨ ਖਾਰਕੀਵ ਛੱਡ ਗਏ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਕਰੇਨ ਸੰਕਟ: ਸਾਹਿਲੀ ਸ਼ਹਿਰ ਖੇਰਸਾਨ ’ਤੇ ਰੂਸ ਕਾਬਜ਼
Next articleਮੈਂ ਤੁਹਾਨੂੰ ਵੱਢਦਾਂ: ਜ਼ੇਲੈਂਸਕੀ