ਜਲੰਧਰ (ਸਮਾਜ ਵੀਕਲੀ): ਰੂਸ ਤੇ ਯੂਕਰੇਨ ਵਿਚਾਲੇ ਵਧ ਰਹੀ ਤਲਖ਼ੀ ਨੇ ਪੰਜਾਬ ਤੋਂ ਯੂਕਰੇਨ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਦੇ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ। ਦੋਆਬੇ ਦੇ ਕਈ ਇਲਾਕਿਆਂ ’ਚੋਂ ਵਿਦਿਆਰਥੀ ਉਚੇਰੀ ਪੜ੍ਹਾਈ ਲਈ ਯੂਕਰੇਨ ਗਏ ਹੋਏ ਹਨ। ਜਲੰਧਰ ਦੇ ਬਿਧੀਪੁਰ ਦੇ ਰਹਿਣ ਵਾਲੇ ਡਾ. ਅਸ਼ਵਨੀ ਸ਼ਰਮਾ ਦਾ ਪੁੱਤਰ, ਭਤੀਜਾ ਅਤੇ ਭਤੀਜੀ ਐੱਮਬੀਬੀਐੱਸ ਕਰਨ ਯੂਕਰੇਨ ਗਏ ਹਨ। ਡਾ. ਸ਼ਰਮਾ ਨੇ ਦੱਸਿਆ ਕਿ ਜਦੋਂ ਤੋਂ ਹਾਲਾਤ ਵਿਗੜਨ ਦੀ ਖਬਰ ਸੁਣੀ ਹੈ, ਉਨ੍ਹਾਂ ਦੀ ਜਾਨ ਮੁੱਠੀ ਵਿੱਚ ਆਈ ਹੋਈ ਹੈ।
ਡਾ. ਸ਼ਰਮਾ ਦਾ ਪੁੱਤਰ ਈਸ਼ਾਨ ਸ਼ਰਮਾ ਪਿਛਲੇ ਸਾਲ 11 ਦਸੰਬਰ ਨੂੰ ਯੂਕਰੇਨ ਗਿਆ ਸੀ। ਉਨ੍ਹਾਂ ਦੇ ਭਰਾ ਮੁਨੀਸ਼ ਸ਼ਰਮਾ ਦੀ ਧੀ ਵੰਸ਼ਿਕਾ ਵੀ ਯੂਕਰੇਨ ਗਈ ਹੋਈ ਹੈ। ਇਨ੍ਹਾਂ ਦੋਵਾਂ ਤੋਂ ਪਹਿਲਾਂ ਉਨ੍ਹਾਂ ਦੇ ਇਕ ਹੋਰ ਭਰਾ ਵਿਜੇ ਸ਼ਰਮਾ ਦਾ ਪੁੱਤਰ ਪ੍ਰਥਮ ਸ਼ਰਮਾ ਵੀ ਉਥੇ ਐੱਮਬੀਬੀਐੱਸ ਦੇ ਦੂਜੇ ਸਾਲ ਦੀ ਪੜ੍ਹਾਈ ਕਰ ਰਿਹਾ ਹੈ।
ਬੱਚਿਆਂ ਨੇ ਮਾਪਿਆਂ ਨੂੰ ਦੱਸਿਆ ਹੈ ਕਿ ਅੱਜ ਵੀ ਉਨ੍ਹਾਂ ਦੀਆਂ ਆਨਲਾਈਨ ਕਲਾਸਾਂ ਲੱਗੀਆਂ ਹਨ ਤੇ ਕਾਲਜ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ ਜੇਕਰ ਉਹ ਆਪਣੇ ਦੇਸ਼ ਵਾਪਸ ਚਲੇ ਵੀ ਜਾਂਦੇ ਹਨ ਤਾਂ ਉਨ੍ਹਾਂ ਦੀ ਪੜ੍ਹਾਈ ਵਿੱਚ ਕੋਈ ਅੜਿੱਕਾ ਨਹੀਂ ਪੈਣ ਦਿੱਤਾ ਜਾਵੇਗਾ। ਉਨ੍ਹਾਂ ਦੀ ਵਾਪਸੀ ਲਈ ਟਿਕਟਾਂ ਬੁੱਕ ਕਰਵਾ ਦਿੱਤੀਆਂ ਗਈਆਂ ਹਨ। ਉਹ 25 ਫਰਵਰੀ ਨੂੰ ਯੂਕਰੇਨ ਤੋਂ ਚੱਲਣਗੇ ਤੇ 26 ਫਰਵਰੀ ਨੂੰ ਭਾਰਤ ਪਹੁੰਚਣਗੇ। ਯੂਕਰੇਨ ’ਚ ਰਹਿੰਦੇ ਈਸ਼ਾਨ ਦੀ ਮਾਤਾ ਡਾ. ਦਿਵਿਆਨੀ ਵੀ ਕੇਂਦਰੀ ਹਸਪਤਾਲ ਵਿੱਚ ਮੈਡੀਕਲ ਅਫ਼ਸਰ ਵਜੋਂ ਤਾਇਨਾਤ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly