(ਸਮਾਜ ਵੀਕਲੀ)
ਰੋਕ ਪਰਿੰਦੇ ਰੋਕ ਸਕੇ ਤਾਂ, ਜਾਲ਼ ਵਿਛਾ ਕੇ ਤਾਰਾਂ ਦਾ
ਦਿਲ ਤੋਂ ਦਿਲ ਨੂੰ ਹੁੰਦੈ ਰਸਤਾ, ਸਿੱਧਾ ਯਾਰ ਪਿਆਰਾਂ ਦਾ
ਨਾ ਗੁਲਦਸਤੇ ਫੁੱਲ਼ ਕਦੇ ਵੀ, ਇਸ਼ਕ ਗਵਾਹੀ ਦਿੰਦੇ ਨੇ
ਅਗਲੀ ਸਿਫ਼ਰ ਜਿਹਾ ਅਰਥ ਰਹੇ, ਕਾਗਜ਼ ਗੁੰਦੇ ਹਾਰਾਂ ਦਾ
ਪੰਜਾਬੀ ਸਾਡੀ ਮਾਂ-ਬੋਲੀ, ਲਹਿਜ਼ਾ ਵੀ ਪੰਜਾਬੀ ਏ
ਪਾਕਿ-ਪਵਿੱਤਰ ਜਲ ਵਰਗਾ ਏ, ਸੁੱਚਮ ਏ ਕਿਰਦਾਰਾਂ ਦਾ
ਚੜਦਾ ਲਹਿੰਦਾ ਤੂੰ ਆਖੀ ਜਾਹ, ਜਿਗਰ ਮੇਰੇ ਦੇ ਟੋਟੇ ਕਰ
ਮੇਰੀ ਰੂਹ ਨੂੰ ਵੰਡ ਰਿਹੈਂ ਕਿਉਂ , ਇਹ ਤਾਂ ਕੰਮ ਗ਼ਦਾਰਾਂ ਦਾ
ਸ਼ਮਲੇ ਵਾਲੀ ਪੱਗ ਸਿਰਾਂ ਤੇ, ਹੁੱਕੇ ਦੀ ਵੀ ਗੁੜ ਗੁੜ ਹੈ
ਸ਼ਹਿਦ ਜਿਹੀ ਹੀ ਬੋਲੀ ਅੰਦਰ, ਮੋਹ ਮਾਂ ਦੀਆਂ ਮਾਰਾਂ ਦਾ
ਗਾਲ਼ਾਂ ਵਿੱਚ ਮਹੁੱਬਤ ਜਿਸਦੇ, ਹੈ ਮਾਂ ਬੋਲੀ ਪੰਜਾਬੀ
ਵੈਣ-ਸਿਆਪੇ, ਪਿੱਟ-ਪਿਟਾਪੇ, ਨਖ਼ਰਾ ਹੈ ਤਕਰਾਰਾਂ ਦਾ
ਆਪਣੀ ਲਿੱਪੀ ਆਪਣੇ ਅੱਖਰ, ਸ਼ਾਨ ਨਿਰਾਲ਼ੀ ਪੈਂਤੀ ਦੀ
ਤੋਲ ਖ਼ਜ਼ਾਨਾ ਇਸਦਾ ਵੇਖ ,ਅਥਾਹ ਸ਼ਬਦ ਭੰਡਾਰਾਂ ਦਾ
ਰੁਤਵਾ ਸ਼ਾਹੀ ਦੇਣੋ ਮੁਨਕਰ, ਕਿਉਂ ਨੇ ਮਾਂ- ਪਟਰਾਣੀ ਨੂੰ
ਕਿਉਂ ਅੱਖ’ਚ ਕਣ ਵਾਂਗੂੰ ਗੜਿਆ,ਫਤਵਾ ਫਿਰ ਸਰਕਾਰਾਂ ਦਾ
ਮੈਨੂੰ ਤੀਰਥ ਪੰਜਾਬ ਮੇਰਾ, ਓਧਰ ਵੀ ‘ਤੇ ਇੱਧਰ ਵੀ
ਮਿੱਟੀ ਇਸਦੀ ਮੱਥੇ ਲਾ ਲਾ, ਜਖ਼ਮ ਭਰਾਂ ਹਰ ਮਾਰਾਂ ਦਾ
ਹੁੰਦੇ ਫ਼ਰ ਤਾਂ ਉਡ ਉਡ ਜਾਂਦਾ, ਕੰਧ ਬਨੇਰੇ ਰੁੱਖ਼ਾਂ ‘ਤੇ
ਪੀ ਪੀ ਪਾਣੀ ਹਰ ਘਰ ਅੰਦਰ, ਕਰਜ਼ ਚੁਕਾਉਂਦਾ ਯਾਰਾਂ ਦਾ
ਔਤ ਘੜੀ ਸੀ ਕਿਹੜੀ ਰੱਬਾ, ਪਾਏ ਜਿਸ ਬਟਵਾਰੇ ਮਾਂ
ਕਰਿਆ “ਰੇਤਗੜੵ” ਯੁਦਾ “ਬਾਲੀ”, ਪਾ ਪਾ ਖੱਪਾ ਘਾਰਾਂ ਦਾ
ਬਲਜਿੰਦਰ ਸਿੰਘ ਬਾਲੀ ਰੇਤਗੜੵ
+919465129168
+917087629168
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly