ਵਾਤਾਵਰਣ ਵਰਗੇ ਸੰਵੇਦਨਸ਼ੀਲ ਮੁੱਦੇ ਤੇ ਰੱਖਣਗੇ ਆਪਣਾ ਪੱਖ
(ਸਮਾਜ ਵੀਕਲੀ)-ਕਪੂਰਥਲਾ /ਸੁਲਤਾਨਪੁਰ ਲੋਧੀ ,(ਕੌੜਾ)
ਚੋਣਾਂ ਦੌਰਾਨ ਲੋਕ ਮੁੱਦਿਆਂ ਨੂੰ ਵੋਟ ਮੁੱਦਾ ਬਣਾਉਣ ਲਈ ਤੇ ਵਾਤਾਵਰਣ ਨੂੰ ਅਹਿਮ ਮੁੱਦਿਆਂ ‘ਚ ਸ਼ਾਮਿਲ ਕਰਨ ਦੇ ਇਰਾਦੇ ਨਾਲ ਸੁਲਤਾਨਪੁਰ ਲੋਧੀ ਤੋਂ ਵਿਧਾਨ ਸਭਾ ਚੋਣ ਲੜ ਰਹੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ 15 ਫਰਵਰੀ 2022 ਨੂੰ ਦੁਪਹਿਰ 12.30 ਵਜੇ ਪਵਿੱਤਰ ਕਾਲੀ ਵੇਈਂ ਕਿਨਾਰੇ ਸੁਲਤਾਨਪੁਰ ਲੋਧੀ ਵਿਖੇੇ ਇਕ ਮੰਚ ਤੇ ਇਕੱਠੇ ਹੋ ਕੇ ਵਾਤਾਵਰਣ ਨਾਲ ਜੁੜੇ ਮਸਲਿਆਂ ਤੇ ਆਪਣਾ ਪੱਖ ਰੱਖਣਗੇ ਤੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਗੇ। ਇਸ ਮੌਕੇ ਜਾਣਕਾਰੀ ਦਿੰਦਿਆਂ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਵਾਤਾਵਰਣ ਵਰਗੇ ਸੰਵੇਦਨਸ਼ੀਲ ਮੁੱਦੇ ਨੂੰ ਮੁੱਖ ਮੁੱਦਾ ਬਣਾਉਣ ਲਈ ਪੰਜਾਬ ਵਾਤਾਵਰਣ ਚੇਤਨਾ ਲਹਿਰ ਵੱਲੋਂ ਹੁਣ ਤੱਕ ਸਾਰੀਆਂ ਰਾਜਸੀਆਂ ਪਾਰਟੀਆਂ ਨੂੰ ਜਾਰੀ ਕੀਤਾ ਗਿਆ ਗ੍ਰੀਨ ਚੋਣ ਮਨੋਰਥ ਪੱਤਰ ਈ-ਮੈਲ ਰਾਹੀਂ ਭੇਜਿਆ ਜਾ ਚੁੱਕਾ ਹੈ। ਹੁਣ ਜਦੋਂ ਚੋਣ ਪ੍ਰਚਾਰ ਸਿਖਰਾਂ ਵੱਲ ਵੱਧ ਰਿਹਾ ਹੈ, ਤਾਂ ਵੱਖ ਵੱਖ ਰਾਜਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਚੋਣ ਪੱਤਰ ਜਾਰੀ ਕੀਤੇ ਜਾ ਰਹੇ ਹਨ। ਇਸ ਲਈ ਡਿਬੇਟ ਕਰਵਾਈ ਜਾ ਰਹੀ ਹੈ ਤਾਂ ਜੋ ਵਾਤਾਵਰਣ ਦੇ ਸਾਰਥਿਕ ਮੁੱਦੇ ਤੇ ਪੰਜਾਬ ਦੇ ਪਾਣੀਆ ਤੇ ਸੁਲਤਾਨਪੁਰ ਲੋਧੀ ਤੋ ਚੋਣਾਂ ਲੜ ਰਹੇ ਸਾਰੇ ਉਮੀਦਾਵਾਰਾਂ ਲੋਕਾਂ ਦੇ ਜੀਵਨ ਨਾਲ ਜੁੜੇ ਵਾਤਾਵਰਣ ਦੇ ਮੁੱਦੇ ਤੇ ਆਪਣੀਆਂ ਪਾਰਟੀਆਂ ਵੱਲੋ ਲੋਕਾਂ ਲਈ ਬਣਾਈ ਗਈ ਰਣਨੀਤੀ ਬਾਰੇ ਆਪਣਾ ਪੱਖ ਰੱਖਣਗੇ। ਇਸ ਮੌਕੇ ਸੰਤ ਸੀਚੇਵਾਲ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਚ 2000 ਤੋਂ ਆਰੰਭੀ ਬਾਬੇ ਨਾਨਕ ਦੀ ਵੇਈਂ ਦੀ ਕਾਰਸੇਵਾ ਨੂੰ 21 ਵਰ੍ਹੇ ਹੋ ਗਏ ਹਨ, ਪਰ ਇਸ ਵਿਚ ਪੈ ਰਹੇ ਗੰਧਲੇ ਪਾਣੀ ਹਲੇ ਵੀ ਨਹੀ ਬੰਦ ਹੋਏ। ਉਹ ਇਸ ਸਬੰਧੀ ਪਾਰਟੀ ਦੇ ਲੀਡਰਾਂ ਨੂੰ ਪੁੱਛਣਗੇ ਕਿ ਜੇਕਰ ਉਹ ਜਿੱਤਦੇ ਹਨ ਤਾਂ ਉਹ ਬਾਬੇ ਨਾਨਕ ਦੀ ਵੇਈਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕੀ ਕੁਝ ਕਰਨਗੇ। ਉਹਨਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਨੇ ਵਾਤਾਵਰਣ ਵਰਗੇ ਗੰਭੀਰ ਮੁੱਦੇ ਤੋਂ ਮੁੱਖ ਮੋੜਿਆ ਹੋਇਆ ਹੈ, ਜਦਕਿ ਇਹ ਮੁੱਦਾ ਸਾਡੇ ਜਿਊਣ ਦੇ ਅਧਿਕਾਰ ਤੇ ਭਵਿੱਖ ਨਾਲ ਜੁੜਿਆ ਹੋਇਆ ਹੈ। ਇਸ ਲਈ ਉਹਨਾਂ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਵਾਦ ਵਿਚ ਸ਼ਾਮਿਲ ਹੋਣ ਤੇ ਉਮੀਦਵਾਰਾਂ ਨਾਲ ਸਵਾਲ ਜਵਾਬ ਕਰਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly