(ਸਮਾਜ ਵੀਕਲੀ)
ਤਪਸ਼ ਤੋਂ ਇਸ਼ਕ ਦੀ ਬੇਸ਼ੱਕ ਸੰਭਲਣਾ ਵੀ ਜ਼ਰੂਰੀ ਹੈ।
ਧੁੱਖੇ ਸੀਨਾ ਮਗਰ ਇੰਨਾ ਕੁ ਜਲਣਾ ਵੀ ਜ਼ਰੂਰੀ ਹੈ।
ਜੁਦਾ ਹੋਣਾ ਪਿਆ ਤਾਂ ਹੱਸ ਕੇ ਕਹਿਣਾ ਅਲਵਿਦਾ ਬਿਹਤਰ,
ਮਿਲਣ ਦੀ ਰੀਝ ਪਰ ਸੀਨੇ ‘ਚ ਪਲਣਾ ਵੀ ਜ਼ਰੂਰੀ ਹੈ।
ਹਵਾ ਹੈਂ ਤੂੰ ਮਿਟਾਉਣਾ ਹੋਂਦ ਮੇਰੀ ਹੈ ਤੇਰਾ ਖ਼ਾਸਾ
ਮੇਰਾ ਚਾਹਤ ‘ਚ ਬਣਕੇ ਦੀਪ ਬਲਣਾ ਵੀ ਜ਼ਰੂਰੀ ਹੈ।
ਮੁਹੱਬਤ ਮੌਸਮਾਂ ਦੇ ਵਾਂਗ ਜੇ ਰੰਗਤ ਬਦਲ ਜਾਵੇ
ਮੁਤਾਬਕ ਓਸ ਦੇ ਇਸ ਦਿਲ ਦਾ ਢੱਲਣਾ ਵੀ ਜ਼ਰੂਰੀ ਹੈ।
ਬਿਨਾਂ ਤੇਰੇ ਬੜਾ ਮੁਸ਼ਕਿਲ ਮੇਰਾ ਤੁਰਨਾ, ਸਫਰ ਕਰਨਾ,
ਤੇਰੇ ਰਾਹਾਂ ਨੂੰ ਤੱਕਣਾ ਹੈ ਤੇ ਚਲਣਾ ਵੀ ਜ਼ਰੂਰੀ ਹੈ।
ਤੇਰੀ ਦੂਰੀ ‘ਚ ਲਾਜ਼ਿਮ ਜਜ਼ਬਿਆਂ ਦਾ ਬਰਫ਼ ਹੋ ਜੰਮਣਾ,
ਜੇ ਹੁਣ ਨਜਦੀਕ ਹੈਂ ਤਾਂ ਕੁਝ ਪਿਘਲਣਾ ਵੀ ਜ਼ਰੂਰੀ ਹੈ।
ਹਨੇਰੇ ਤੋਂ ਜੇ ਜਿੱਤਣਾ ਤਾਂ ਸ਼ਮਾ ਹੋ ਕੇ ਫ਼ਨਾ ਹੋ ਜਾ,
ਜੇ ਵੰਡਣਾ ਨੂਰ ਹੈ ਤਾਂ ਖੁਦ ਦਾ ਜਲਣਾ ਵੀ ਜ਼ਰੂਰੀ ਹੈ।
ਮਗਨ ਹੋ ਰਾਤ ਸਾਰੀ ਚਾਨਣੀ ਦੀ ਸੇਜ ਮਾਣੀਂ ਪਰ
ਤੂੰ ਸੂਰਜ ਹੈਂ, ਸੁਬ੍ਹਾ ਉੱਠ ਕੇ ਨਿਕਲਣਾ ਵੀ ਜ਼ਰੂਰੀ ਹੈ।
ਤੂੰ ਧੁੱਪਾਂ ਵਾਂਗ ਚਮਕੀ ਨੂਰ ਵੰਡੀ ਪਰ ਭੁਲਾਈਂ ਨਾ,
ਢਲੇਗੀ ਸ਼ਾਮ ਜਦ ਉਸ ਨਾਲ ਢਲਣਾ ਵੀ ਜ਼ਰੂਰੀ ਹੈ।
ਜੋਗਿੰਦਰ ਨੂਰਮੀਤ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly