(ਸਮਾਜ ਵੀਕਲੀ)- ਬੀਨਾ ਸੁਭਾਅ ਤੋਂ ਘੱਟ ਬੋਲਣ ਵਾਲੀ ਔਰਤ ਸੀ।ਗੁਆਂਢ ਵਿੱਚ ਵੀ ਕਿਸੇ ਨਾਲ ਘੱਟ ਵੱਧ ਹੀ ਗੱਲ ਕਰਦੀ ਸੀ। ਚਿਹਰੇ ਤੋਂ ਉਹ ਕਾਫ਼ੀ ਪ੍ਰੇਸ਼ਾਨ ਦਿਸਦੀ ਸੀ। ਕਈ ਵਾਰੀ ਉਹ ਇਕੱਲੀ ਬੈਠੀ ਉੱਚੀ ਉੱਚੀ ਰੋਣ ਲੱਗ ਜਾਂਦੀ ਸੀ।ਉਸ ਦਾ ਘਰਵਾਲਾ ਲੋਕਾਂ ਨੂੰ ਕਹਿ ਦਿੰਦਾ ਕਿ ਉਸ ਨੂੰ ਡਿਪਰੈਸ਼ਨ ਦੀ ਬੀਮਾਰੀ ਹੈ। ਇੱਕ ਦੋ ਵਾਰ ਹਫਤੇ ਵਿੱਚ ਉਸ ਨੂੰ ਇਹ ਡਿਪਰੈੱਸ਼ਨ ਦਾ ਦੌਰਾ ਪੈ ਹੀ ਜਾਂਦਾ ਸੀ।ਸਾਰੇ ਸੋਚਦੇ ਸਨ ਕਿ ਰੱਬ ਨੇ ਉਸ ਨੂੰ ਸਭ ਕੁਝ ਦਿੱਤਾ ਹੋਇਆ ਹੈ ਇੱਕ ਕੁੜੀ ਪਹਿਲੀ ਜਮਾਤ ਵਿੱਚ ਪੜ੍ਹਦੀ ਸੀ ਤੇ ਇੱਕ ਮੁੰਡਾ ਤਿੰਨ ਸਾਲ ਦਾ ਨਰਸਰੀ ਵਿੱਚ ਪੜ੍ਹਦਾ ਸੀ।ਉਸ ਦੇ ਪਤੀ ਦੀ ਦੁਕਾਨ ਵੀ ਚੰਗੀ ਚੱਲਦੀ ਸੀ।ਬੱਚੇ ਵਧੀਆ ਸਕੂਲ ਵਿੱਚ ਪੜ੍ਹਦੇ ਸਨ।ਇਸ ਮੁਹੱਲੇ ਵਿੱਚ ਆਇਆਂ ਇਹਨਾਂ ਨੂੰ ਛੇ ਕੁ ਮਹੀਨੇ ਹੀ ਹੋਏ ਸਨ।
ਇੱਕ ਦਿਨ ਸਾਹਮਣੇ ਵਾਲ਼ੀ ਗੁਆਂਢਣ ਨੇ ਦੇਖਿਆ ਕਿ ਬੀਨਾ ਦੇ ਪਤੀ ਨਾਲ ਉਸ ਦੀ ਭਰਜਾਈ ਗੱਡੀ ਵਿੱਚ ਆਈ ।ਬੀਨਾ ਦੀ ਭਰਜਾਈ ਨੂੰ ਲੈਕੇ ਉਸ ਦਾ ਘਰਵਾਲਾ ਘਰ ਦੇ ਅੰਦਰ ਚਲਾ ਗਿਆ ਅਤੇ ਬੂਹੇ ਢੋਅ ਲਏ।ਬੀਨਾ ਬਹੁਤ ਦੇਰ ਘਰ ਦੇ ਬਾਹਰਲੇ ਪਾਸੇ ਚੌਕੀ ਭਰਦੀ ਰਹੀ। ਇਸ ਤਰ੍ਹਾਂ ਅਕਸਰ ਹੋਣ ਲੱਗ ਪਿਆ ਸੀ। ਇੱਕ ਦਿਨ ਉਸ ਦੀ ਗੁਆਂਢਣ ਨੇ ਹੀਆ ਕਰਕੇ ਬੀਨਾ ਨਾਲ ਉਸ ਬਾਰੇ ਗੱਲ ਕੀਤੀ ਤਾਂ ਬੀਨਾ ਉਸ ਦੇ ਗਲ਼ ਲੱਗ ਕੇ ਫੁੱਟ ਫੁੱਟ ਕੇ ਰੋਣ ਲੱਗੀ। ਉਸ ਨੇ ਉਸ ਨੂੰ ਦੱਸਿਆ ਕਿ ਉਸ ਦਾ ਵਿਆਹ ਛੇ ਸਾਲ ਪਹਿਲਾਂ ਹੋਇਆ ਸੀ।ਉਸ ਤੋਂ ਡੇਢ ਸਾਲ ਬਾਅਦ ਉਸ ਦੇ ਭਰਾ ਦਾ ਵਿਆਹ ਹੋਇਆ ਸੀ। ਅਕਸਰ ਉਹ,ਉਸ ਦਾ ਪਤੀ,ਉਸ ਦਾ ਭਰਾ ਅਤੇ ਭਰਜਾਈ ਪਹਾੜਾਂ ਵਿੱਚ ਇਕੱਠੇ ਘੁੰਮਣ ਜਾਇਆ ਕਰਦੇ ਸਨ। ਪਤਾ ਹੀ ਨਹੀਂ ਲੱਗਿਆ ਕਦ ਉਸ ਦੇ ਪਤੀ ਤੇ ਉਸ ਨੇ ਡੋਰੇ ਪਾ ਲਏ ਅਤੇ ਉਹਨਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋ ਗਈ। ਪਹਿਲਾਂ ਪਹਿਲ ਜਦ ਦੋਨੋ ਭੈਣ ਭਰਾਵਾਂ ਨੂੰ ਸ਼ੱਕ ਹੁੰਦਾ ਸੀ ਤਾਂ ਉਹ ਦੋਵੇਂ ਮੁਕਰ ਜਾਂਦੇ ਸਨ।
ਫਿਰ ਭਰਜਾਈ ਅਕਸਰ ਉਸ ਦੇ ਭਰਾ ਨਾਲ ਲੜ ਕੇ ਪੇਕੇ ਚਲੀ ਜਾਂਦੀ। ਉਥੋਂ ਹੀ ਉਸ ਦਾ ਪਤੀ ਉਸ ਨੂੰ ਬਾਹਰ ਘੁੰਮਾਉਣ ਲੈ ਜਾਂਦਾ। ਬੀਨਾ ਦੇ ਭਰਾ ਦਾ ਮੁੰਡਾ ਵੀ ਉਸ ਦੇ ਪੁੱਤਰ ਦੇ ਹਾਣ ਦਾ ਮਤਲਬ ਤਿੰਨ ਸਾਲ ਦਾ ਹੀ ਸੀ।ਵੇਖਣ ਨੂੰ ਦੋਵੇਂ ਬੱਚੇ ਜੌੜੇ ਹੀ ਲੱਗਦੇ ਸਨ। ਹੁਣ ਬੀਨਾ ਦੇ ਭਰਾ ਦੇ ਵਸ ਵਿੱਚ ਨਹੀਂ ਰਿਹਾ ਸੀ ਕਿਉਂਕਿ ਉਸ ਦੀ ਭਰਜਾਈ ਨੇ ਉਸ ਦੇ ਭਰਾ ਨੂੰ ਤਲਾਕ ਦੇਣ ਦਾ ਫੈਸਲਾ ਕਰ ਲਿਆ ਸੀ ਤੇ ਮੁੰਡਾ ਲੈ ਕੇ ਪੇਕੇ ਚਲੀ ਗਈ ਸੀ। ਬੀਨਾ ਦਾ ਸਹੁਰਾ ਪਰਿਵਾਰ ਉਸ ਦੇ ਨਾਲ ਸਹਿਮਤ ਵੀ ਸੀ ਅਤੇ ਸਾਥ ਵੀ ਦਿੰਦਾ ਸੀ। ਇਹਨਾਂ ਦੇ ਘਰ ਰੌਲਾ ਪੈਂਦਾ ਤਾਂ ਸਾਰੇ ਰਿਸ਼ਤੇਦਾਰ ਉਸ ਦੇ ਪਤੀ ਨੂੰ ਸਮਝਾ ਕੇ ਚਲੇ ਜਾਂਦੇ। ਹੁਣ ਉਸ ਦਾ ਪਤੀ ਉਸ ਨੂੰ ਘਰੋਂ ਕੱਢ ਕੇ ਰਸਤਾ ਸਾਫ਼ ਕਰਨਾ ਚਾਹੁੰਦਾ ਸੀ।ਪਰ ਬੀਨਾ ਨੇ ਠਾਣ ਲਿਆ ਸੀ ਕਿ ਉਹ ਕਿਸੇ ਵੀ ਹਾਲਤ ਵਿੱਚ ਆਪਣਾ ਘਰ ਅਤੇ ਬੱਚੇ ਛੱਡ ਕੇ ਨਹੀਂ ਜਾਵੇਗੀ।
ਬੀਨਾ ਦੇ ਪਤੀ ਨੇ ਇਸ ਮੁਹੱਲੇ ਵਿੱਚੋਂ ਮਕਾਨ ਵੇਚ ਕੇ ਕਿਸੇ ਦੂਜੇ ਮੁਹੱਲੇ ਲੈ ਲਿਆ ਸੀ ਅਤੇ ਬੀਨਾ ਦੀ ਭਰਜਾਈ ਨੂੰ ਆਪਣੀ ਪਤਨੀ ਬਣਾ ਕੇ ਰੱਖ ਲਿਆ ਸੀ। ਤਿੰਨੇ ਬੱਚੇ ਵੀ ਉਹਨਾਂ ਨਾਲ ਹੀ ਰਹਿੰਦੇ ਸਨ।ਸਾਲ ਕੁ ਬਾਅਦ ਉਸੇ ਗੁਆਂਢਣ ਨੇ ਬੀਨਾ ਨੂੰ ਦੇਖਿਆ ਤਾਂ ਉਸ ਦੀ ਹਾਲਤ ਦੇਖ ਕੇ ਉਸ ਦਾ ਰੋਣਾ ਨਿਕਲ ਗਿਆ।ਉਸ ਨੇ ਬੀਨਾ ਨੂੰ ਹਾਲ ਪੁੱਛਿਆ ਤਾਂ ਦੱਸਿਆ ਕਿ ਉਸ ਦੀ ਭਰਜਾਈ ਉਸ ਦੇ ਪਤੀ ਨਾਲ ਸਵੇਰੇ ਤਿਆਰ ਹੋ ਕੇ ਦੁਕਾਨ ਤੇ ਹੀ ਚਲੀ ਜਾਂਦੀ ਹੈ। ਉਹ ਉਹਨਾਂ ਨੂੰ ਨਾਸ਼ਤੇ ਦਾ ਟਿਫਨ ਬਣਾ ਕੇ ਭੇਜਦੀ ਹੈ ਅਤੇ ਫਿਰ ਦੁਪਹਿਰ ਦਾ।ਉਸ ਮੁਹੱਲੇ ਵਿੱਚ ਸਾਰੇ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਇਹ ਉਸ ਘਰ ਦੀ ਨੌਕਰਾਣੀ ਹੈ।ਉਸ ਨਾਲ਼ ਸਲੂਕ ਵੀ ਨੌਕਰਾਂ ਵਾਂਗ ਹੀ ਕੀਤਾ ਜਾਂਦਾ ਸੀ। ਐਤਵਾਰ ਨੂੰ ਬੱਚਿਆਂ ਨੂੰ ਲੈ ਕੇ ਚਲੇ ਜਾਂਦੇ ਸਨ ਤੇ ਰਾਤ ਨੂੰ ਘਰ ਆ ਕੇ ਸੌਂ ਜਾਂਦੇ ਸਨ।ਬਸ ਉਸ ਦਾ ਉਸ ਘਰ ਵਿੱਚ ਇੱਕ ਨੌਕਰਾਣੀ ਵਾਲ਼ਾ ਦਰਜਾ ਹੀ ਸੀ। ਉਸ ਨੇ ਅੱਖਾਂ ਪੂੰਝਦਿਆਂ ਆਖਿਆ,”ਮੈਨੂੰ ਦੋ ਗੱਲਾਂ ਦਾ ਸਬਰ ਹੈ ਪਹਿਲੀ ਇਹ ਕਿ ਆਪਣੇ ਗਰੀਬ ਮਾਪਿਆਂ ਤੇ ਬੋਝ ਨਹੀਂ ਬਣੀ ਤੇ ਦੂਜਾ ਆਪਣੇ ਬੱਚਿਆਂ ਨੂੰ ਆਪਣੀ ਨਿਗਰਾਨੀ ਹੇਠ ਪਲ਼ਦਾ ਵੇਖ ਰਹੀ ਹਾਂ,ਉਹ ਆਪਣੀ ਮਾਂ ਦੇ ਹੱਥਾਂ ਦਾ ਪੱਕਿਆ ਖਾਣਾ ਖਾਂਦੇ ਹਨ, ਉਹਨਾਂ ਦੀ ਦੇਖਭਾਲ ਉਸ ਡੈਣ ਦੇ ਹੱਥਾਂ ਵਿੱਚ ਨਹੀਂ ਬਲਕਿ ਮਾਂ ਦੇ ਹੱਥਾਂ ਵਿੱਚ ਹੋ ਰਹੀ ਹੈ ਚਾਹੇ ਗੋਲੀ ਬਣ ਕੇ ਹੀ ਸਹੀ…।” ਬੀਨਾ ਬੇਬਸ ਖੜੀ ਸਬਰ ਅਤੇ ਤਿਆਗ ਦੀ ਮੂਰਤੀ ਜਾਪ ਰਹੀ ਸੀ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly