(ਸਮਾਜਵੀਕਲੀ)
ਗਾਇਕੀ ਦੇ ਸੰਗੀਤ ਦਾ ਆਪਸ ਵਿੱਚ ਗੂੜ੍ਹਾ ਰਿਸ਼ਤਾ ਹੈ ਦੋਨੋਂ ਇੱਕ ਦੂਜੇ ਤੋਂ ਬਿਨਾਂ ਅਧੂਰੇ ਹਨ, ਜਦੋਂ ਕੋਈ ਖੂਬਸੂਰਤ ਅਵਾਜ਼ ਨੂੰ ਸੰਗੀਤ ਨਾਲ ਗਾਉਂਦਾ ਹੈ ਤਾਂ ਉਹ ਰੂਹ ਨੂੰ ਇੱਕ ਵੱਖਰਾ ਸਕੂਨ ਦਿੰਦਾ ਹੈ। ਉਹ ਗਾਇਕੀ ਤੁਹਾਨੂੰ ਰੱਬ ਨਾਲ ਜੋੜਨ ਦਾ ਅਹਿਸਾਸ ਕਰਵਾਉਂਦੀ ਹੈ। ਅਜਿਹੀ ਅਵਾਜ਼ ਦਾ ਮਾਲਿਕ ਹੈ , ਗੁਰਮੀਤ ਸਿੰਘ ਬੰਟੀ ਜੋ ਲੰਘੇ ਸਾਲ ਦੀ ਆਖਰੀ ਰਾਤ ਨੂੰ ਪੀ.ਟੀ.ਸੀ ਦੇ ਸੋਅ ਵਾਇਸ ਆਫ ਪੰਜਾਬ 12 ਦਾ ਜੇਤੂ ਬਣਿਆ ਹੈ। ਗੁਰਮੀਤ ਸਿੰਘ ਦਾ ਜਨਮ ਪੰਜਾਬ ਦੀ ਇਤਿਹਾਸਿਕ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਲ 1998ਵਿੱਚ ਪਿਤਾ ਸੁਖਰਾਜ ਸਿੰਘ ਦੇ ਘਰ ਅਤੇ ਮਾਤਾ ਜਸਵਿੰਦਰ ਕੌਰ ਦੀ ਕੁੱਖੋਂ ਹੋਇਆ। ਆਪਣੀ ਮੁੱਢਲੀ ਪੜ੍ਹਾਈ ਮੁਕਤਸਰ ਸਾਹਿਬ ਵਿਖੇ ਹੀ ਮੁਕੰਮਲ ਕਰਕੇ ਫੇਰ ਪੀ. ਡੀ.ਸੀ.ਕਾਲਜ ਮਹਿਮਣਾ ਵਿਖੇ ਬੀ. ਏ ਵੀ ਮਿਊਜ਼ਕ ਵਿਸ਼ੇ ਨਾਲ ਕੀਤੀ ਅਤੇ ਮਾਲਵਾ ਕਾਲਜ ਵਿਖੇ ਮਕੈਨੀਕਲ ਡਿਪਲੋਮਾ ਵੀ ਕੀਤਾ। ਇਸੇ ਦੇ ਨਾਲ ਆਪਣੇ ਸ਼ੌਕ ਵਜੋਂ ਸ਼ੁਰੂ ਕੀਤੀ ਗਾਇਕੀ ਦਾ ਬੀਜ਼ ਵੀ ਪੁੰਗਰ ਚੁੱਕਾ ਸੀ। ਸੌ਼ਕ ਪੈਦਾ ਹੋਣ ਦਾ ਮੁੱਖ ਕਾਰਨ ਬਚਪਨ ਤੋਂ ਹੀ ਨਿਰੰਕਾਰੀ ਮਿਸ਼ਨ ਦੀਆਂ ਸੰਗਤਾਂ ਵਿੱਚ ਅਕਸਰ ਸ਼ਬਦ ਗਾਉਣ ਦਾ ਮੌਕਾ ਮਿਲਣਾ ਸੀ। ਇਸਤੋਂ ਬਾਅਦ ਫੇਰ ਕਦੋਂ ਗਾਇਕੀ ਗੁਰਮੀਤ ਉੱਤੇ ਛਾ ਗਈ ਉਸਨੂੰ ਖੁਦ ਵੀ ਪਤਾ ਨਹੀਂ ਲੱਗਿਆ। ਉਸ ਤੋਂ ਬਾਅਦ ਫ਼ੇਰ ਗੁਰਮੀਤ ਨੇ ਗਾਇਕੀ ਦੀਆਂ ਬਰੀਕੀਆਂ ਸਿੱਖਣ ਲਈ ਗੁਰੂ ਵੀ ਧਾਰਿਆ ਜਿਸ ਵਿੱਚ ਪੰਜਾਬੀ ਗਾਇਕ ਸੁਖਰਾਜ ਬਰਕੰਦੀ ਅਤੇ ਫੇਰ ਮਸ਼ਹੂਰ ਗਾਇਕ ਉਸਤਾਦ ਸੁਰਿੰਦਰ ਖਾਨ ਅਤੇ ਉਸਤਾਦ ਮੱਘਰ ਅਲੀ ਤੋਂ ਗਾਇਕੀ ਦੇ ਗੂੜ੍ਹ ਰਹੱਸ ਪ੍ਰਾਪਤ ਕੀਤੇ । ਜਿਸ ਕਾਰਨ ਪੜਦੇ ਸਮੇਂ ਹੀ ਤਿੰਨ ਵਾਰ ਗੋਲਡ ਮੈਡਲ ਪ੍ਰਾਪਤ ਕੀਤੇ । ਇਸਤੋਂ ਬਾਅਦ ਗੁਰਮੀਤ ਗਾਇਕੀ ਵਿੱਚ ਹੋਰ ਨਿਖਾਰ ਲਿਆਉਂਦਾ ਰਿਹਾ ਅਤੇ “ਰੋਇਆ ਨਹੀਂ ਜਾਣਾ” ਗੀਤ ਰਿਕਾਰਡ ਕਰਵਾਇਆ ਜਿਸਨੂੰ ਸੋਸਲ ਮੀਡੀਆ ਦੇ ਪਲੇਟਫਾਰਮ ‘ਤੇ ਰੀਲੀਜ਼ ਕੀਤਾ ਗਿਆ। ਉਸਤੋਂ ਬਾਅਦ ਹਾਰਪ ਫਾਰਮਰ ਮਿਊਜਲ ਵੱਲੋਂ ਇੱਕ ਸੂਫ਼ੀ ਗੀਤ “ਹੀਰ ” ਰਿਕਾਰਡ ਹੋਇਆ, ਜਿਸਨੂੰ ਸਰੋਤਿਆਂ ਵੱਲੋਂ ਬਹੁਤ ਪਿਆਰ ਦਿੱਤਾ ਗਿਆ ਤੇ ਗੁਰਮੀਤ ਨੂੰ ਗਾਇਕ ਦੇ ਤੌਰ ਤੇ ਸਵੀਕਾਰ ਕੀਤਾ ਗਿਆ।
ਜਿਸ ਉਪਰੰਤ ਕਾਫ਼ੀ ਚੈੱਨਲਾਂ ਵੱਲੋਂ ਵੀ ਘਰ ਆ ਕੇ ਮੁਲਾਕਾਤਾਂ ਕੀਤੀਆਂ ਗਈਆਂ। ਇਸਤੋਂ ਬਾਅਦ ਫੇਰ ਇੱਕ ਗੀਤ “ਪਾਗਲਪਨ” ਵੀ ਰਿਲੀਜ਼ ਹੋਇਆ। ਪਰ ਜਿਹੜੀ ਥਾਂ ਉੱਤੇ ਗੁਰਮੀਤ ਆਪਣੇ ਆਪ ਨੂੰ ਦੇਖਣਾ ਚਾਹੁੰਦਾ ਸੀ ਉਹ ਅਜੇ ਬਾਕੀ ਸੀ ਜਿਸ ਕਾਰਨ ਉਹ 2ਸਾਲ ਪਹਿਲਾਂ ਪੀ. ਟੀ. ਸੀ ਦੇ ਸੋਅ ਵਾਇਸ ਆਫ਼ ਪੰਜਾਬ-11ਦੇ ਮੈਗਾ ਐਡੀਸ਼ਨ ਵਿੱਚੋਂ ਬਾਹਰ ਵੀ ਹੋਇਆ। ਪਰ ਉਸ ਸਬਕ ਨੇ ਗੁਰਮੀਤ ਨੂੰ ਹੋਰ ਉਤਸ਼ਾਹ ਦਿੱਤਾ ਅਤੇ ਅਗਲੀ ਵਾਰੀ ਦੀ ਤਿਆਰੀ ਵਿੱਚ ਜੁੱਟ ਕੇ ਹੋਰ ਮਿਹਨਤ ਨਾਲ ਪਿਛਲੇ ਸਾਲ 2021ਵਿੱਚ ਚਾਰ ਕੁ ਮਹੀਨੇ ਪਹਿਲਾਂ ਪੀ.ਟੀ.ਸੀ ਚੈੱਨਲ ਦੇ ਸ਼ੋਅ ਵਾਇਸ ਆਫ਼ ਪੰਜਾਬ-12ਵਿੱਚ ਐਡੀਸ਼ਨ ਦੇਣ ਗਿਆ ਤਾਂ ਉਹ ਇਸ ਸ਼ੋਅ ਦਾ ਜੇਤੂ ਬਣਕੇ ਵਾਪਸ ਪਰਤਿਆ। ਜਿਸ ਤੋਂ ਬਾਅਦ ਗੁਰਮੀਤ ਦਾ ਕਹਿਣਾ ਹੈ ਕਿ ਮੇਰੀ ਮਿਹਨਤ ਤੇ ਉਸਦੇ ਨਾਲ ਆਪਣੇ ਉਸਤਾਦ ਅਤੇ ਆਪਣੇ ਸਤਿਗੁਰੂ ਦੀ ਕਿਰਪਾ ਕਾਰਨ ਕਦਮ ਅੱਗੇ ਵਧਾ ਰਿਹਾ ਹਾਂ। ਉਹ ਪਲ-ਪਲ ਨਿਰੰਕਾਰ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ। ਗੁਰਮੀਤ ਦਾ ਕਹਿਣਾ ਹੈ ਕਿ ਇਹ ਉਸਦੀ ਸ਼ੁਰੂਆਤ ਹੈ , ਉਸਨੇ ਅਜੇ ਬਹੁਤ ਮੰਜਿਲਾਂ ਸਰ ਕਰਨੀਆਂ ਨੇ ਜਿਸ ਲਈ ਉਹ ਹੋਰ ਵੀ ਸਖ਼ਤ ਮਿਹਨਤ ਕਰ ਰਿਹਾ ਹੈ। ਗੁਰਮੀਤ ਬੰਟੀ ਨੇ ਆਪਣੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਇਹ ਵੀ ਕਿਹਾ ਆਉਣ ਵਾਲੇ ਸਮੇਂ ਵਿੱਚ ਉਹ ਕਈ ਨਵੇਂ ਪ੍ਰੋਜੈਕਟ ਸਰੋਤਿਆਂ ਦੀ ਝੋਲੀ ਵਿੱਚ ਪਾਏਗਾ, ਜਿਨ੍ਹਾਂ ਤੋਂ ਉਸਨੇ ਕਾਫ਼ੀ ਉਮੀਦਾਂ ਲਗਾਈਆਂ ਹਨ ।ਜਾਣਕਾਰੀ ਸਾਂਝੀ ਕਰਦਿਆ ਡਾਇਰੈਕਟਰ ਤੇ ਪ੍ਰੋਡਿਊਸਰ ਏ ਵੀ ਅਟਵਾਲ ਨੇ ਧੰਨਵਾਦ ਕੀਤਾ ।
ਲੇਖਕ ਰਣਦੀਪ ਸਿੰਘ ਰਾਮਾਂ
(ਮੋਗਾ ) 9463293056
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly