- ਕੇਂਦਰੀ ਸਿਹਤ ਮੰਤਰਾਲੇ ਵੱਲੋਂ ਪੱਤਰ ਜਾਰੀ
ਨਵੀਂ ਦਿੱਲੀ (ਸਮਾਜ ਵੀਕਲੀ): ਦੇਸ਼ ਦੇ ਕਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕਰੋਨਾਵਾਇਰਸ ਦੀ ਟੈਸਟਿੰਗ ਘਟਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਅੱਜ ਕੇਂਦਰ ਨੇ ਕਿਹਾ ਕਿ ਟੈਸਟਿੰਗ ਵਧਾਈ ਜਾਵੇ ਤਾਂ ਜੋ ਮਹਾਮਾਰੀ ਖ਼ਿਲਾਫ਼ ਚੱਲ ਰਹੀ ਜੰਗ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਰੱਖੀ ਜਾ ਸਕੇ ਤੇ ਲੋਕਾਂ ਦੀ ਜਾਨ ਦੀ ਰਾਖੀ ਲਈ ਜ਼ਰੂਰੀ ਕਦਮ ਚੁੱਕੇ ਜਾ ਸਕਣ।
ਰਾਜਾਂ ਤੇ ਯੂਟੀਜ਼ ਨੂੰ ਲਿਖੇ ਪੱਤਰ ’ਚ ਕੇਂਦਰੀ ਸਿਹਤ ਮੰਤਰਾਲੇ ਦੀ ਵਧੀਕ ਸਕੱਤਰ ਅਤਰੀ ਆਹੂਜਾ ਨੇ ਸਲਾਹ ਦਿੱਤੀ ਕਿ ਇਸ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤੇ ਕੁਝ ਖਾਸ ਇਲਾਕਿਆਂ ’ਚ ਕੇਸਾਂ ਦੀ ਸਕਾਰਾਤਮਕ ਦਰ ਵਧਣ ਨੂੰ ਧਿਆਨ ’ਚ ਰਖਦਿਆਂ ਟੈਸਟਿੰਗ ’ਚ ਵਾਧਾ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ’ਚ ਇਸ ਸਮੇਂ ਓਮੀਕਰੋਨ ਤੇਜ਼ੀ ਨਾਲ ਫੈਲ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਪੱਤਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਰੋਨਾ ਖ਼ਿਲਾਫ਼ ਜੰਗ ’ਚ ਟੈਸਟਿੰਗ ਅਹਿਮ ਤੱਤ ਹੈ। ਉਨ੍ਹਾਂ ਕਿਹਾ, ‘ਹਾਲਾਂਕਿ ਆਈਸੀਐੱਮਆਰ ਪੋਰਟਲ ’ਤੇ ਮੁਹੱਈਆ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਕਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕਰੋਨਾ ਦੀ ਟੈਸਟਿੰਗ ਘਟੀ ਹੈ।’ ਉਨ੍ਹਾਂ ਕਿਹਾ ਕਿ ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਵੱਲੋਂ 10 ਜਨਵਰੀ ਅਤੇ ਇਸ ਤੋਂ ਪਹਿਲਾਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਸਮੇਤ ਕਰੋਨਾ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਟੈਸਟਿੰਗ ਬੁਨਿਆਦੀ ਤੱਤ ਹੈ। ਇਸ ਲਈ ਵੱਧ ਤੋਂ ਵੱਧ ਟੈਸਟਿੰਗ ’ਤੇ ਜ਼ੋਰ ਿਦੱਤਾ ਜਾਵੇ।
ਇਸ ਨਾਲ ਨਵੇਂ ਕੇਸਾਂ ਦਾ ਜਲਦੀ ਪਤਾ ਲੱਗਦਾ ਹੈ ਤੇ ਨਾਲ ਹੀ ਵੱਧ ਜੋਖਮ ਵਾਲੀਆਂ ਥਾਵਾਂ ਨੂੰ ਕੰਟੇਨਮੈਂਟ ਜ਼ੋਨ ’ਚ ਤਬਦੀਲ ਕੀਤਾ ਜਾ ਸਕਦਾ ਹੈ। ਇਸੇ ਦੌਰਾਨ ਕੇਂਦਰ ਸਿਹਤ ਮੰਤਰਾਲੇ ਨੇ ਕਰੋਨਾ ਮਰੀਜ਼ਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਦੋ-ਤਿੰਨ ਹਫ਼ਤੇ ਤੋਂ ਵੱਧ ਸਮਾਂ ਖੰਘ ਰਹਿੰਦੀ ਹੈ ਤਾਂ ਉਨ੍ਹਾਂ ਟੀਬੀ ਤੇ ਹੋਰ ਟੈਸਟ ਕਰਵਾਉਣੇ ਚਾਹੀਦੇ ਹਨ। ਇਸੇ ਦੌਰਾਨ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦੇ ਇੱਕ ਇੰਜਨੀਅਰਿੰਗ ਕਾਲਜ ਦੇ 140 ਤੋਂ ਵੱਧ ਵਿਦਿਆਰਥੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly