- ਪਾਰਟੀ ਨੇ ਮਾਨ ਦੀ ਨਿੱਜੀ ਜ਼ਿੰਦਗੀ ਅਤੇ ਸਿਆਸਤ ਬਾਰੇ ਵੀਡੀਓ ਸਾਂਝੀ ਕੀਤੀ
ਐੱਸਏਐੱਸ ਨਗਰ (ਮੁਹਾਲੀ) (ਸਮਾਜ ਵੀਕਲੀ): ਪੰਜਾਬ ਵਿਧਾਨ ਸਭਾ ਦੀਆਂ 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਵੱਲੋਂ ਭਗਵੰਤ ਮਾਨ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ। ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇੱਥੇ ਮੁਹਾਲੀ ਕਲੱਬ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਦੇ ਚਿਹਰੇ ਵਜੋਂ ਭਗਵੰਤ ਮਾਨ ਦੇ ਨਾਂਅ ਦਾ ਰਸਮੀ ਐਲਾਨ ਕੀਤਾ। ਕੇਜਰੀਵਾਲ ਨੇ ਜਿਵੇਂ ਹੀ ਭਗਵੰਤ ਮਾਨ ਦੇ ਨਾਂ ਦਾ ਐਲਾਨ ਕੀਤਾ ਤਾਂ ਹਾਲ ਵਿੱਚ ਬੈਠੇ ‘ਆਪ’ ਵਲੰਟੀਅਰਾਂ ਨੇ ਢੋਲ ਨਗਾਰੇ ਵਜਾ ਕੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਚਾਰ ਚੁਫੇਰੇ ਖੁਸ਼ੀ ਵਾਲਾ ਮਾਹੌਲ ਸੀ ਜਦੋਂਕਿ ਭਗਵੰਤ ਮਾਨ ਖ਼ੁਦ ਭਾਵੁਕ ਹੋ ਗਏ।
ਚੇਤੇ ਰਹੇ ਕਿ ਪਿਛਲੇ ਦਿਨੀਂ ਕੇਜਰੀਵਾਲ ਨੇ ਇਸੇ ਜਗ੍ਹਾ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਸੀ ਕਿ ਉਹ ਭਗਵੰਤ ਮਾਨ ਨੂੰ ਪਹਿਲਾਂ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਚਾਹੁੰਦੇ ਸਨ, ਪਰ ਮਾਨ ਨੇ ਖ਼ੁਦ ਜਵਾਬ ਦਿੰਦਿਆਂ ਕਿਹਾ ਸੀ ਕਿ ਲੋਕ ਜਿਸ ਨੂੰ ਚਾਹੁਣਗੇ, ਉਸ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਦਿੱਤਾ ਜਾਵੇ। ਇਸ ਮਗਰੋਂ ਪਾਰਟੀ ਨੇ ਇੱਕ ਨੰਬਰ (7074870748) ਜਾਰੀ ਕਰਕੇ ਪੰਜਾਬ ਦੇ ਲੋਕਾਂ ਤੋਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਰਾਇ ਮੰਗੀ ਸੀ। ਇਹ ਨੰਬਰ 17 ਜਨਵਰੀ ਸ਼ਾਮ 5 ਵਜੇ ਤੱਕ ਖੁੱਲ੍ਹਾ ਰਿਹਾ। ਪਾਰਟੀ ਵੱਲੋਂ ਕੀਤੇ ਦਾਅਵੇ ਮੁਤਾਬਕ ਪਿਛਲੇ ਕਰੀਬ 96 ਘੰਟਿਆਂ ਦੌਰਾਨ 22 ਲੱਖ ਵਾਲੰਟੀਅਰਾਂ ਅਤੇ ਆਮ ਲੋਕਾਂ ਨੇ ਮੁੱਖ ਮੰਤਰੀ ਦੇ ਚਿਹਰੇ ਲਈ ਉਮੀਦਵਾਰ ਦਾ ਨਾਮ ਸੁਝਾਇਆ ਸੀ। ਇਨ੍ਹਾਂ ’ਚੋਂ 93.3 ਫੀਸਦੀ ਲੋਕਾਂ ਵੱਲੋਂ ਭਗਵੰਤ ਮਾਨ ਦਾ ਨਾਮ ਲਿਆ ਗਿਆ।
ਕੇਜਰੀਵਾਲ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀ ਹੋਣਗੇ। ਕੇਜਰੀਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ, ‘‘ਰਵਾਇਤੀ ਪਾਰਟੀਆਂ ਅਕਸਰ ਆਪਣੇ ਧੀ-ਪੁੱਤ, ਭਾਈ-ਭਤੀਜੇ ਅਤੇ ਨੂੰਹ ਨੂੰ ਸੱਤਾ ਸੌਂਪਦੀਆਂ ਹਨ। ਭਗਵੰਤ ਮੇਰਾ ਛੋਟਾ ਭਰਾ ਹੈ, ਜੇਕਰ ਮੈਂ ਉਸ ਨੂੰ ਸਿੱਧੇ ਤੌਰ ’ਤੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੰਦਾ ਤਾਂ ਸ਼ਾਇਦ ਲੋਕਾਂ ਨੇ ਕਹਿਣਾ ਸੀ ਕਿ ਮੈਂ ਆਪਣੇ ਭਰਾ ਨੂੰ ਬਣਾ ਦਿੱਤਾ ਹੈ। ਇਸ ਲਈ ਮੁੱਖ ਮੰਤਰੀ ਦਾ ਚਿਹਰਾ ਲੱਭਣ ਲਈ ਨਵੀਂ ਰਵਾਇਤ ਸ਼ੁਰੂ ਕੀਤੀ ਗਈ। ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਚਿਹਰੇ ਦੀ ਚੋਣ ਕੀਤੀ ਹੈ।’’ ਕੇਜਰੀਵਾਲ ਨੇ ਦੱਸਿਆ ਕਿ ਲੋਕਾਂ ਵੱਲੋਂ ਸੁਝਾਅ ਦੇਣ ਮੌਕੇ ਸਾਢੇ 3 ਫੀਸਦੀ ਲੋਕਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਚੁਣਿਆ। ਕੇਜਰੀਵਾਲ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀ ਹੋਣਗੇ।
ਇਸ ਮੌਕੇ ਪਾਰਟੀ ਵੱਲੋਂ ਭਗਵੰਤ ਮਾਨ ਦੀ ਜ਼ਿੰਦਗੀ ਬਾਰੇ ਇਕ ਵੀਡੀਓ ਵੀ ਸਾਂਝੀ ਕੀਤੀ ਗਈ, ਜਿਸ ਵਿੱਚ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਸਿਆਸਤ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ। ਵੀਡੀਓ ਵਿੱਚ ਭਗਵੰਤ ਮਾਨ ਦੀ ਜ਼ਿੰਦਗੀ ਨਾਲ ਜੁੜੇ ਹੋਰ ਕਿੱਸਿਆਂ ਨੂੰ ਵੀ ਸਾਂਝਾ ਕੀਤਾ ਗਿਆ। ਜਦੋਂ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਉਹ (ਮਾਨ) ਥੋੜ੍ਹੇ ਸਮੇਂ ਲਈ ਭਾਵੁਕ ਹੋ ਗਏ। ਕੇਜਰੀਵਾਲ ਨੇ ਭਗਵੰਤ ਮਾਨ ਦੇ ਨਾਂ ਦਾ ਐਲਾਨ ਕਰਨ ਤੋਂ ਬਾਅਦ ਮੰਚ ਉੱਤੇ ਮਾਨ ਨੂੰ ਕਲਾਵੇ ਵਿੱਚ ਲੈ ਕੇ ਵਧਾਈ ਦਿੱਤੀ। ਇਸ ਮੌਕੇ ਮਾਨ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। ਇਸ ਮੌਕੇ ‘ਆਪ’ ਦੇ ਕੌਮੀ ਜਨਰਲ ਸਕੱਤਰ ਰਾਘਵ ਚੱਢਾ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਵਿਧਾਇਕ ਹਰਪਾਲ ਸਿੰਘ ਚੀਮਾ, ਮੁਹਾਲੀ ਤੋਂ ਪਾਰਟੀ ਉਮੀਦਵਾਰ ਕੁਲਵੰਤ ਸਿੰਘ ਅਤੇ ਹੋਰ ਆਗੂ ਅਤੇ ‘ਆਪ’ ਦੇ ਲਗਪਗ ਸਾਰੇ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਭਗਵੰਤ ਮਾਨ ਦੀ ਮਾਂ ਤੇ ਭੈਣ ਵੀ ਹੋਈਆਂ ਭਾਵੁਕ
ਮੰਚ ’ਤੇ ਬੋਲਦਿਆਂ ਭਾਵੁਕ ਹੋਈ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਨੇ ਕਿਹਾ ਕਿ ‘ਜਿਸ ਤਰ੍ਹਾਂ ਤੁਸੀਂ ਮੇਰੇ ਬੇਟੇ ਭਗਵੰਤ ਨੂੰ ਪਿਛਲੇ 30 ਸਾਲਾਂ ਤੋਂ ਪਿਆਰ ਅਤੇ ਸਮਰਥਨ ਦਿੱਤਾ ਹੈ, ਹੁਣ ਉਸੇ ਤਰ੍ਹਾਂ ਫਿਰ ਤੋਂ ਸਮਰਥਨ ਕਰਨਾ ਪਏਗਾ। ਪ੍ਰਮਾਤਮਾ ਪੰਜਾਬ ’ਤੇ ਕਿਰਪਾ ਬਣਾਈ ਰੱਖੇ ਅਤੇ ਹਮੇਸ਼ਾ ਖ਼ੁਸ਼ ਰੱਖੇ।’ ਭਗਵੰਤ ਦੀ ਛੋਟੀ ਭੈਣ ਮਨਪ੍ਰੀਤ ਕੌਰ, ਜੋ ਪਟਿਆਲਾ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕਾ ਹੈ, ਵੀ ਮੁੱਖ ਮੰਤਰੀ ਲਈ ਉਸ ਦੇ ਭਰਾ ਦੇ ਨਾਂ ਦਾ ਐਲਾਨ ਹੋਣ ਮੌਕੇ ਭਾਵੁਕ ਹੋ ਗਈ। ਮਨਪ੍ਰੀਤ ਨੇ ਕਿਹਾ, ‘‘ਅਸੀਂ ਇੱਕ ਬਹੁਤ ਹੀ ਸਾਧਾਰਨ ਪਰਿਵਾਰ ਵਿੱਚ ਪੈਦਾ ਹੋਏ ਅਤੇ ਪਾਲਣ ਪੋਸ਼ਣ ਹੋਇਆ ਹੈ। ਇਸੇ ਲਈ ਮੇਰਾ ਭਰਾ ਭਗਵੰਤ ਮਾਨ ਆਮ ਲੋਕਾਂ ਦੀਆਂ ਮੁਸ਼ਕਲਾਂ ਅਤੇ ਦੁੱਖ ਤਕਲੀਫ਼ਾਂ ਬਾਰੇ ਚੰਗੀ ਤਰਾਂ ਜਾਣੂ ਹੈ। ਵੀਰੇ ਨੇ ਆਪਣੀ ਕਾਮੇਡੀ ਵਿੱਚ ਵੀ ਸਮਾਜ ਦੀਆਂ ਸਮੱਸਿਆਵਾਂ ਨੂੰ ਉਭਾਰਿਆ ਹੈ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਘਰ ਵਿੱਚ ਹਮੇਸ਼ਾ ਬੋਲਦੇ ਸਨ ਕਿ ਹਾਸਾ ਉਦੋਂ ਹੀ ਆਉਂਦਾ ਹੈ ਜਦੋਂ ਢਿੱਡ ਭਰਿਆ ਹੁੰਦਾ ਹੈ। ਲੇਕਿਨ ਅੱਜ ਪੰਜਾਬ ਦਾ ਹਾਸਾ ਗਾਇਬ ਹੈ। ਇਸ ਲਈ ਲੋਕਾਂ ਨੂੰ ਹਸਾਉਣ ਲਈ ਸਾਨੂੰ ਰਾਜਨੀਤੀ ਵਿੱਚ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਗਵੰਤ ਨੇ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਹਸਾਇਆ, ਉਸੇ ਤਰ੍ਹਾਂ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੇ ਚਿਹਰੇ ’ਤੇ ਮੁਸਕਰਾਹਟ ਲਿਆਵੇਗਾ।
ਸੋਚਿਆ ਨਹੀਂ ਸੀ ਜ਼ਿੰਦਗੀ ’ਚ ਇੰਨਾ ਵੱਡਾ ਬਦਲਾਅ ਆਏਗਾ: ਮਾਨ
ਭਗਵੰਤ ਮਾਨ ਨੇ ਕਿਹਾ, ‘‘ਦੇਸ਼ ਦੀ ਦਿਸ਼ਾ ਅਤੇ ਦਸ਼ਾ ਬਦਲਣ ਲਈ ਹੀ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾਈ ਹੈ। ਜ਼ਿੰਦਗੀ ਵਿੱਚ ਏਨਾ ਵੱਡਾ ਬਦਲਾਅ ਆਵੇਗਾ, ਕਦੇ ਸੋਚਿਆ ਵੀ ਨਹੀਂ ਸੀ।’’ ਉਨ੍ਹਾਂ ਕਿਹਾ ਕਿ ਲੋਕ ‘‘ਮੈਨੂੰ ਪੰਜਾਬ ਨੂੰ ਬਚਾਉਣ ਦੀ ਦੁਹਾਈ ਦਿੰਦੇ ਹਨ, ਪਰ ਬਚਾਉਣ ਵਾਲਾ ਮੈਂ ਨਹੀਂ ਪਰਮਾਤਮਾ ਅਤੇ ਲੋਕ ਹਨ, ਅਸੀਂ ਸਿਰਫ਼ ਜ਼ਰੀਆ ਬਣ ਸਕਦੇ ਹਾਂ।’’ ਮਾਨ ਨੇ ਸਾਬਕਾ ਰਾਸ਼ਟਰਪਤੀ ਏ.ਪੀ.ਜੇ.ਅਬਦੁਲ ਕਲਾਮ ਦੇ ਹਵਾਲੇ ਨਾਲ ਕਿਹਾ ਕਿ ਸੁਫ਼ਨੇ ਉਹ ਨਹੀਂ ਹੁੰਦੇ ਜੋ ‘‘ਸਾਨੂੰ ਸੁੱਤਿਆਂ ਪਿਆਂ ਆਉਂਦੇ ਹਨ, ਸੁਫਨੇ ਤਾਂ ਉਹ ਹੁੰਦੇ ਹਨ ਜਿਹੜੇ ਸਾਨੂੰ ਸੌਣ ਨਹੀਂ ਦਿੰਦੇ ਅਤੇ ਸਾਨੂੰ ਪੰਜਾਬ ਨੂੰ ਬਚਾਉਣ ਦਾ ਸੁਫ਼ਨਾ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਸੁਫ਼ਨਾ, ਖੇਤੀ ਨੂੰ ਲਾਹੇਵੰਦ ਬਣਾਉਣ ਦਾ ਸੁਫ਼ਨਾ, ਵਪਾਰੀ ਦੀ ਖੁਸ਼ਹਾਲੀ ਦਾ ਸੁਫ਼ਨਾ ਸੌਣ ਨਹੀਂ ਦਿੰਦਾ।’’ ਉਨ੍ਹਾਂ ਕਿਹਾ ਕਿ ‘ਆਪ’ ਟੀਮ ਵਰਕ ਨਾਲ ਕੰਮ ਕਰਦੀ ਹੈ, ਪਾਰਟੀ ਅਤੇ ਲੋਕਾਂ ਨੇ ਅੱਜ ਜੋ ਜ਼ਿੰਮੇਵਾਰੀ ਦਿੱਤੀ ਹੈ ਅਤੇ ਹੁਣ ਉਹ ਦੁੱਗਣੇ ਹੌਸਲੇ ਨਾਲ ਕੰਮ ਕਰਕੇ ਦਿਖਾਉਣਗੇ ਅਤੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਹਨ ਉੱਤੇ ਪੂਰਾ ਉੱਤਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly