ਨਵੀਂ ਦਿੱਲੀ (ਸਮਾਜ ਵੀਕਲੀ): ਭਾਜਪਾ ਵੱਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਅਯੁੱਧਿਆ ਤੋਂ ਚੋਣ ਮੈਦਾਨ ’ਚ ਉਤਾਰਨ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਉੱਤਰ ਪ੍ਰਦੇਸ਼ ’ਚ 10 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਉਮੀਦਵਾਰਾਂ ਦੇ ਨਾਮ ਤੈਅ ਕਰਨ ਲਈ ਇਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਲਗਾਤਾਰ ਦੂਜੇ ਦਿਨ ਅੱਜ ਬੈਠਕਾਂ ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ। ਯੋਗੀ ਇਸ ਸਮੇਂ ਵਿਧਾਨ ਪ੍ਰੀਸ਼ਦ ਦੇ ਮੈਂਬਰ ਹਨ ਅਤੇ ਹੁਣੇ ਜਿਹੇ ਉਨ੍ਹਾਂ ਕਿਹਾ ਸੀ ਕਿ ਉਹ ਵਿਧਾਨ ਸਭਾ ਚੋਣਾਂ ਲੜਨ ਦੇ ਇੱਛੁਕ ਹਨ। ਸੂਤਰਾਂ ਨੇ ਕਿਹਾ ਕਿ ਪਾਰਟੀ ਅੰਦਰ ਅਯੁੱਧਿਆ ਸੀਟ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਪਰ ਉਮੀਦਵਾਰ ਬਾਰੇ ਅੰਤਿਮ ਫ਼ੈਸਲਾ ਪਾਰਟੀ ਦੇ ਸਿਖਰਲੇ ਆਗੂਆਂ ਨੇ ਲੈਣਾ ਹੈ।
ਭਾਜਪਾ ਦੀ ਕੇਂਦਰੀ ਚੋਣ ਕਮੇਟੀ, ਜਿਸ ਦੇ ਮੈਂਬਰਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹਨ, ਵੱਲੋਂ ਛੇਤੀ ਹੀ ਬੈਠਕ ਕਰਕੇ ਵੱਡੀ ਗਿਣਤੀ ਉਮੀਦਵਾਰਾਂ ਦੇ ਨਾਮ ਤੈਅ ਕੀਤੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਯੋਗੀ ਆਦਿੱਤਿਆਨਾਥ ਅਯੁੱਧਿਆ, ਮਥੁਰਾ ਜਾਂ ਗੋਰਖਪੁਰ ਤੋਂ ਚੋਣ ਲੜਨ ਦੇ ਇੱਛੁਕ ਹਨ। ਸੂਤਰਾਂ ਨੇ ਕਿਹਾ ਯੋਗੀ ਦੇ ਅਯੁੱਧਿਆ ਤੋਂ ਚੋਣ ਲੜਨ ਨੂੰ ਮਨਜ਼ੂਰੀ ਮਿਲ ਸਕਦੀ ਹੈ ਕਿਉਂਕਿ ਇਕ ਤਾਂ ਉਥੇ ਰਾਮ ਮੰਦਰ ਦੀ ਉਸਾਰੀ ਚੱਲ ਰਹੀ ਹੈ, ਦੂਜਾ ਇਹ ਅਵਧ ਖ਼ਿੱਤੇ ਦਾ ਹਲਕਾ ਹੈ ਜਿਥੇ ਸਮਾਜਵਾਦੀ ਪਾਰਟੀ ਮਜ਼ਬੂਤ ਹੈ ਅਤੇ ਆਦਿੱਤਿਆਨਾਥ ਨੂੰ ਮੈਦਾਨ ’ਚ ਉਤਾਰਨ ਨਾਲ ਗੁਆਂਢੀ ਪੂਰਵਾਂਚਲ ਖ਼ਿੱਤੇ ਦੇ ਹਿੱਸਿਆਂ ’ਚ ਵੀ ਹਿੰਦੂਤਵ ਯੋਜਨਾ ਦਾ ਲਾਹਾ ਲਿਆ ਜਾ ਸਕਦਾ ਹੈ। ਅਯੁੱਧਿਆ ਸੀਟ ਤੋਂ ਇਸ ਸਮੇਂ ਭਾਜਪਾ ਦੇ ਵੇਦ ਪ੍ਰਕਾਸ਼ ਗੁਪਤਾ ਵਿਧਾਇਕ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly