(ਸਮਾਜ ਵੀਕਲੀ)– ਮੇਰੇ ਕੋਲ ਫੋਨ ਆਇਆ, “ਤੁਸੀਂ ਤਰਕਸ਼ੀਲ ਸੁਸਾਇਟੀ ਵਾਲੇ ਬੋਲ ਰਹੇ ਹੋ।”
ਮੈਂ ਕਿਹਾ, “ਹਾਂ ਜੀ! ਦੱਸੋ ਕੀ ਗੱਲ ਹੈ ?”
ਉਸਨੇ ਕਿਹਾ, “ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਸਾਡੇ ਘਰੇ ਕੱਪੜੇ ਕੱਟੇ ਜਾਂਦੇ ਨੇ ਤੇ ਕਦੇ – ਕਦੇ ਚਿੱਠੀਆਂ ਵੀ ਆਉਂਦੀਆਂ ਨੇ। ਸਿਆਣਿਆਂ ਤੋਂ ਕੋਈ ਇਲਾਜ ਨਹੀਂ ਹੋ ਰਿਹਾ। ਕਿਸੇ ਨੇ ਤੁਹਾਡੀ ਦੱਸ ਪਾਈ ਹੈ।
ਮੈਂ ਉਸਤੋਂ ਸਾਰੀ ਗੱਲ ਸੁਣਨ ਤੇ ਉਸਦੇ ਘਰ ਦਾ ਪਤਾ ਲੈਣ ਬਾਅਦ ਉਸਨੂੰ ਅਗਲੇ ਦਿਨ ਆਉਣ ਬਾਰੇ ਦੱਸਿਆ। ਅਗਲੇ ਦਿਨ ਮੈਂ ਤਰਸੇਮ ਕਾਨਗੜ੍ਹ ਤੇ ਗੁਰਦੀਪ ਸਿੰਘ ਸਬੰਧਿਤ ਘਰ ਪਹੁੰਚੇ। ਘਰ ਦੇ ਮੁਖੀ ਤੋਂ ਸਾਰੀ ਵਿਥਿਆ ਸੁਣੀ। ਉਸਨੇ ਦੱਸਿਆ, “ਅਸੀਂ ਬਹੁਤ ਦੁਖੀ ਹਾਂ। ਸਾਡੇ ਵਸਦੇ ਰਸਦੇ ਪਰਿਵਾਰ ਦਾ ਆਹ ਕੀ ਹਾਲ ਹੋ ਗਿਆ। ਅਸੀਂ ਤਿੰਨ ਭਰਾ ਹਾਂ| ਤਿੰਨਾਂ ਕੋਲ 4 ਲੜਕੇ ਤੇ ਪੰਜ ਕੁੜੀਆਂ ਨੇ। ਦੋ ਲੜਕੇ ਵਿਆਹੇ ਹੋਏ ਨੇ। ਦੋ ਕੁੜੀਆਂ ਵੀ ਵਿਆਹੀਆਂ ਜਾ ਚੁੱਕੀਆਂ ਨੇ। ਵਧੀਆ ਜ਼ਮੀਨ ਹੈ, ਵਧੀਆ ਮਕਾਨ ਹੈ। ਪਤਾ ਨਹੀਂ ਕੀ ਭਾਣਾ ਵਰਤ ਗਿਆ। ਪਤਾ ਨਹੀਂ ਸਾਡੇ ਘਰ ਉੱਤੇ ਕਿਸੇ ਨੇ ਕੀ ਕਰਾ ‘ਤਾ। ਅਸੀਂ ਲੱਖਾਂ ਰੁਪਏ ਸਿਆਣਿਆਂ ਕੋਲ ਲੁਟਾ ਚੁੱਕੇ ਹਾਂ। ਪਰ ਕਿਸੇ ਤੋਂ ਕੋਈ ਇਲਾਜ ਨਹੀਂ ਹੋਇਆ। ਕੋਈ ਢਾਲੇ ਦੇ ਨਾਂ ‘ ਤੇ 20 ਹਜ਼ਾਰ, ਕੋਈ ਕੜਾਹੀ ਦੇ ਨਾਂ ‘ ਤੇ 30 ਹਜ਼ਾਰ, ਕਿਸੇ ਨੇ ਸੁੱਖਣਾ ਦੇ ਨਾਂ ‘ਤੇ 10 ਹਜ਼ਾਰ ਰੁਪਏ ਲੈ ਲਏ। ਪਰ ਪਰਨਾਲਾ ਉੱਥੇ ਦਾ ਉੱਥੇ ਹੈ। ਆਪਣੇ ਆਪ ਕੱਪੜੇ ਕੱਟੇ ਜਾਂਦੇ ਨੇ। ਊਂਟ ਪਟਾਂਗ ਲਿਖੀਆਂ ਚਿੱਠੀਆਂ ਆਉਂਦੀਆਂ ਹਨ।”
ਅਸੀਂ ਉਨ੍ਹਾਂ ਨੂੰ ਅੱਗੇ ਤੋਂ ਘਟਨਾ ਨਾ ਹੋਣ ਬਾਰੇ ਤੇ ਸਾਡੀਆਂ ਸਾਰੀਆਂ ਗੱਲਾਂ ਮੰਨਣ ਲਈ ਕਿਹਾ। ਉਨ੍ਹਾਂ ਵੱਲੋਂ ਹਾਂ ਵਿੱਚ ਹਾਂ ਮਿਲਾਉਣ ਮਗਰੋਂ ਅਸੀਂ ਮਨੋ ਵਿਗਿਆਨਕ ਤੇ ਵਿਗਿਆਨਕ ਨਜ਼ਰੀਏ ਨਾਲ ਘਟਨਾਵਾਂ ਦੀ ਪੜਤਾਲ ਕਰਨੀ ਸ਼ੁਰੂ ਕੀਤੀ। ਅਸੀਂ ਤਿੰਨੇ ਤਰਕਸ਼ੀਲ ਮੈਂਬਰ ਇੱਕ ਕਮਰੇ ਵਿੱਚ ਬੈਠ ਗਏ ਤੇ ਪਰਿਵਾਰ ਦੇ ਇਕੱਲੇ – ਇਕੱਲੇ ਮੈਂਬਰ ਨੂੰ ਬੁਲਾ ਕੇ ਘਟਨਾਵਾਂ ਹੋਣ ‘ ਤੇ ਕਿਸੇ ਦੂਸਰੇ ਮੈਂਬਰ ਨਾਲ ਕੋਈ ਪੁੱਛੀ ਗੱਲ ਨਾ ਦੱਸਣ ਬਾਰੇ ਕਿਹਾ। ਅਸੀਂ ਪਰਿਵਾਰਕ ਮੈਂਬਰਾਂ ਨੂੰ ਕਹਿੰਦੇ ਕਿ ਸੱਚੀ ਗੱਲ ਦੱਸਣੀ ਹੈ। ਫਿਰ ਹੀ ਅਸੀਂ ਤੁਹਾਨੂੰ ਮੁਸੀਬਤ ਤੋਂ ਮੁਕਤ ਕਰ ਸਕਦੇ ਹਾਂ। ਸਾਡੇ ਰਾਹੀਂ ਤੁਹਾਡੀ ਦੱਸੀ ਗੱਲ, ਕਦੇ ਵੀ ਕਿਸੇ ਨੂੰ ਨਹੀਂ ਦੱਸੀ ਜਾਵੇਗੀ। ਸਾਡੀ ਪੜਤਾਲ ਸ਼ੁਰੂ ਹੋਈ। ਅਸੀਂ ਗੁਰਦੀਪ ਸਿੰਘ ਦੀ ਕੁਰਸੀ ਕਮਰੇ ਦੇ ਗੇਟ ਕੋਲ ਲਾ ਦਿੱਤੀ ਤਾਂ ਕਿ ਸਾਡੇ ਰਾਹੀਂ ਪਰਿਵਾਰਕ ਮੈਂਬਰਾਂ ਤੋਂ ਪੁੱਛੀ ਜਾਂਦੀ ਜਾਂ ਉਸ ਦੁਆਰਾ ਦੱਸੀ ਗੱਲ ਦੂਸਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਨਾ ਲੱਗੇ, ਤਾਂ ਕਿ ਦੱਸਣ ਵਾਲਾ ਮੈਂਬਰ ਖੁੱਲ੍ਹ ਕੇ ਗੱਲ ਕਰ ਸਕੇ। ਸਾਡੀ ਕੀਤੀ ਪੜਤਾਲ ‘ਚੋਂ ਇਹ ਗੱਲ ਨਿਕਲ ਕੇ ਆਈ ਕਿ ਛੋਟੇ ਲੜਕੇ ਦੇ ਵਿਆਹ ਤੋਂ ਪਹਿਲਾਂ ਹੀ ਘਟਨਾ ਹੁੰਦੀਆਂ ਸਨ। ਇਸ ਲਈ ਛੋਟੀ ਵਹੁਟੀ ਸਾਡੇ ਸ਼ੱਕ ਤੋਂ ਬਾਹਰ ਹੋ ਗਈ। ਇੱਕ ਕੁੜੀ ਕਾਲਜ ਵਿੱਚ ਪੜ੍ਹਦੀ ਸੀ, ਉਸ ਤੋਂ ਬਾਅਦ ਵੀ ਘਟਨਾਵਾਂ ਹੁੰਦੀਆਂ ਸਨ। ਇੱਕ ਵਾਰੀ ਉਹ ਆਪਣੇ ਨਾਨਕੇ ਚਲੀ ਗਈ। ਉਸ ਤੋਂ ਬਾਅਦ ਵੀ ਘਟਨਾਵਾਂ ਹੋਈਆਂ। ਇਸ ਲਈ ਉਹ ਵੀ ਸ਼ਕ ਤੋਂ ਬਾਹਰ ਹੋ ਗਈ। ਇੱਕ ਕੁੜੀ ਛੋਟੀ ਸੀ, ਮਸਾਂ ਪੰਜ ਕੁ ਸਾਲ ਦੀ, ਉਹ ਵੀ ਸਾਡੇ ਸ਼ੱਕ ਤੋਂ ਬਾਹਰ ਹੋ ਗਈ। ਇੱਕ ਲੜਕਾ ਬਾਹਰ ਪੜ੍ਹਦਾ ਸੀ। ਇਕ ਲੜਕਾ, ਇੱਕ ਲੜਕੀ ਤੇ ਇੱਕ ਬਹੂ ਸਾਡੇ ਸ਼ੱਕ ਦੇ ਘੇਰੇ ਵਿੱਚ ਰਹਿ ਗਏ। ਬਾਕੀ ਸਾਰਿਆਂ ਦੀ ਗੈਰਹਾਜ਼ਰੀ ਸਿੱਧ ਹੋ ਚੁੱਕੀ ਸੀ।ਸਾਡੀ ਅੱਗੇ ਹੋਰ ਪੜਤਾਲ ਤੋਂ ਬਾਅਦ ਵੱਡੀ ਵਹੁਟੀ ਵੀ ਸ਼ੱਕ ‘ਚੋਂ ਨਿਕਲ ਗਈ। ਹੁਣ ?ਸ਼ੱਕ ਦੇ ਘੇਰੇ ਵਿੱਚ ਬਚੇ ਲੜਕਾ ਤੇ ਲੜਕੀ ਦੀ ਸ਼ਨਾਖ਼ਤ ਬਾਕੀ ਸੀ। ਅਸੀਂ ਚਿੱਠੀਆਂ ਕਬਜ਼ੇ ਵਿੱਚ ਕੀਤੀਆਂ ਹੋਈਆਂ ਸੀ। ਚਿੱਠੀਆਂ ਵਿਚ ਮੋਟਰ ਸਾਈਕਲ ਦੀ ਮੰਗ ਅਤੇ ਵਹੁਟੀਆਂ ਤੇ ਕਮੈਂਟਸ ਸਨ। ਲਿਖਾਈ ਤੋਂ ਲੜਕੇ ਦੀ ਸ਼ਨਾਖਤ ਹੋ ਗਈ।
ਅਸੀਂ ਉਸਨੂੰ ਇਕੱਲੇ ਨੂੰ ਜਦ ਬੁਲਾਇਆ ਤਾਂ ਉਹ ਘਬਰਾਈ ਹੋਈ ਹਾਲਤ ਵਿਚ ਸਾਡੇ ਕੋਲ ਨੀਵੀਂ ਪਾ ਕੇ ਬੈਠ ਗਿਆ। ਅਸੀਂ ਉਸਨੂੰ ਕਿਹਾ, ਜੇ ਤੂੰ ਸੱਚੀ – ਸੱਚੀ ਗੱਲ ਦੱਸੇਂਗਾ ਤਾਂ ਸਾਡੀ ਹਮਦਰਦੀ ਤੇਰੇ ਨਾਲ ਹੋਵੇਗੀ। ਸਾਰੀਆਂ ਘਟਨਾਵਾਂ ਕਰਨ ਵਾਲੇ ਵਿਅਕਤੀ ਤੇ ਚਿੱਠੀਆਂ ਲਿਖਣ ਵਾਲੇ ਦਾ ਪਤਾ ਲੱਗ ਗਿਆ ਹੈ। ਸਾਨੂੰ ਪਤੈ ਭੂਤ – ਪ੍ਰੇਤ, ਜਿੰਨ-ਚੁੜੇਲ, ਓਪਰੀ ਸ਼ੈਅ ਨਾ ਦੀ ਕੋਈ ਚੀਜ਼ ਨਹੀਂ ਹੁੰਦੀ। ਇਨ੍ਹਾਂ ਦੇ ਨਾਂ ‘ਤੇ ਡਰਾਇਆ ਜਾਂਦਾ ਹੈ। ਸੋ, ਤੂੰ ਦੱਸ ਇਹ ਘਟਨਾਵਾਂ ਕਿਉਂ ਕਰਦਾਂ ਹੈ ? ” ਪਹਿਲਾਂ ਤਾਂ ਉਹ ਮੰਨਿਆਂ ਨਹੀਂ ਪਰ ਜਦੋਂ ਅਸੀਂ ਉਸਨੂੰ ਘਟਨਾਵਾਂ ਦੇ ਸਬੂਤ ਦਿੱਤੇ ਤੇ ਕਿਹਾ ਕਿ ਕੋਈ ਵੀ ਵਿਅਕਤੀ ਤਰਕਸ਼ੀਲਾਂ ਦੀ ਪਰਖ ਤੋਂ ਬਚ ਨਹੀਂ ਸਕਦਾ। ਸਾਡੀ ਕਿਹੜਾ ਤੇਰੇ ਨਾਲ ਦੁਸ਼ਮਣੀ ਤੇ ਦੂਜਿਆਂ ਨਾਲ ਮਿੱਤਰਤਾ ਹੈ। ‘ਸਿਆਣੇ’ ਤੁਹਾਨੂੰ ਲੁੱਟੀ ਜਾ ਰਹੇ ਹਨ।
ਉਸਨੇ ਕਿਹਾ, “ਮੈਨੂੰ ਬੜਾ ਆਨੰਦ ਆਉਂਦੇ। ਜਦ ਸਿਆਣੇ ਇਨ੍ਹਾਂ ਨੂੰ ਲੁੱਟਦੇ ਨੇ।
”
ਸਾਡੀ ਮੰਗ ਪੂਰੀ ਕਰਨ ਵੇਲੇ ਤਾਂ ਇਨ੍ਹਾਂ ਕੋਲ ਪੈਸੇ ਨਹੀਂ ਹੁੰਦੇ ਤੇ ਸਿਆਣਿਆਂ ਨੂੰ ਦੇਣ ਲਈ, ਜ਼ਮੀਨਾਂ ਖਰੀਦਣ ਲਈ ਕਿੱਥੋਂ ਆ ਜਾਂਦੇ ਨੇ।
ਸਾਨੂੰ ਇਸ ਤੋਂ ਸਾਰੀ ਗੱਲ ਸਮਝ ਆ ਗਈ। ਮੈਂ ਕਿਹਾ “ਚਲੋ ਤੇਰੀ ਗੱਲ ਸਾਡੇ ਕੋਲ ਆ ਗਈ। ਹੁਣ ਤੂੰ ਘਟਨਾਵਾਂ ਦੀ ਗੱਲ ਮੰਨ ਤੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਿਸ਼ਵਾਸ ਦੇ।”ਉਸਨੇ ਕਿਹਾ, “ਅੱਗੇ ਤੋਂ ਤਾਂ ਮੈਂ ਨਹੀਂ ਕਰਦਾ ਪਰ ਇੱਕ ਤਾਂ ਮੇਰੀ ਭੈਣ ਦੇ ਵਿਆਹ ਲਈ ਕਹੋ ਤੇ ਦੂਜਾ ਮੋਟਰ ਸਾਈਕਲ ਲਈ।ਮੋਟਰਸਾਈਕਲ ਮੇਰੇ ਤੋਂ ਬਿਨਾਂ ਸਾਰਿਆਂ ਕੋਲ ਹੈ। ਮੈਂ ਕਾਲਜ ਪੜ੍ਹਨ ਜਾਨਾਂ, ਮੈਨੂੰ ਲੈ ਕੇ ਨਹੀਂ ਦਿੰਦੇ। ”
ਅਸੀਂ ਕਿਹਾ, “ਤੇਰੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ। ਬਥੇਰੀ ਜ਼ਮੀਨ ਜਾਇਦਾਦਬ ਹੈ।” ਫਿਰ ਅਸੀਂ ਘਰ ਦੇ ਮੁਖੀ ਨੂੰ ਬੁਲਾ ਕੇ ਘਰ ਦੀਆਂ ਜ਼ਰੂਰਤਾਂ ਬਾਰੇ ਵਿਸਥਾਰ ਵਿੱਚ ਸਮਝਾਇਆ। ਜਦ ਜ਼ਰੂਰਤਾਂ ਪੂਰੀਆਂ ਹੋ ਜਾਣਗੀਆਂ ਤਾਂ ਘਟਨਾ ਕਰਨ ਵਾਲੇ ਭੂਤ – ਪ੍ਰੇਤ ਵੀ ਭੱਜ ਜਾਣਗੇ।”ਮੁਖੀ ਕਾਫੀ ਸਮਝਦਾਰ ਸੀ।
ਉਸਨੇ ਸਾਡੇ ਨਾਲ ਸਹਿਮਤੀ ਪ੍ਰਗਟਾਈ। ਫਿਰ ਅਸੀਂ ਸਾਰੇ ਮੈਂਬਰਾਂ ਨੂੰ ਇਕੱਠੇ ਕੀਤਾ ਤੇ ਸਮਝਾਇਆ, “ਭੂਤ – ਪ੍ਰੇਤ ਉਨ੍ਹਾਂ ਘਰਾਂ ਵਿੱਚ ਆਉਂਦੇ ਨੇ, ਜਿੱਥੇ ਪਰਿਵਾਰਕ ਮੈਂਬਰਾਂ ਨਾਲ ਪੱਖਪਾਤ ਕੀਤਾ ਜਾਂਦਾ ਹੈ,ਕਿਸੇ ਦੀ ਹੋਂਦ ਅਣਗੌਲਿਆ ਕੀਤਾ ਜਾਂਦਾ ਹੈ। ਜਦ ਪਰਿਵਾਰਕ ਮੈਂਬਰਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿੰਦੀਆਂ ਨੇ ਤਾਂ ਉੱਥੇ ਪ੍ਰੇਤ ਨਹੀਂ ਆਉਂਦੇ। ਜਦ ਮੁੰਡਾ ਜਾਂ ਕੁੜੀ ਵਿਆਹੁਣ ਯੋਗ ਹੋਵੇ ਤਾਂ ਸਾਨੂੰ ਫ਼ਿਕਰਮੰਦ ਹੋਣਾ ਚਾਹੀਦਾ ਹੈ ਤੇ ਸਮੇਂ ਸਿਰ ਉਸਦਾ ਵਿਆਹ ਕਰ ਦੇਣਾ ਚਾਹੀਦੈ। ਹੋਰ ਜ਼ਮੀਨ ਖ਼ਰੀਦਣ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਦੀਆਂ ਮੰਗਾਂ ਵੱਲ ਵੀ ਧਿਆਨ ਦੇਣਾ ਚਾਹੀਦੈ। ਇਹ ਨਾ ਸਮਝ ਆਉਣ ਵਾਲੀਆਂ ਘਟਨਾਵਾਂ ਦੀ ਸ਼ੁਰੂਆਤ ਵੀ ਉਦੋਂ ਹੀ ਹੁੰਦੀ ਹੈ ਜਦ ਕਿਸੇ ਦੀਆਂ ਜ਼ਰੂਰਤਾਂ ਅਣਗੌਲੀਆਂ ਕੀਤੀਆਂ ਜਾਂਦੀਆਂ ਨੇ। ਜੋ ਲੋੜਾਂ ਨੇ, ਉਹ ਪੂਰੀਆਂ ਕਰਨ ਵੱਲ ਧਿਆਨ ਦੇਵੋ। ਸਭ ਠੀਕ ਹੋ ਜਾਵੇਗਾ। ਕਿਸੇ ਅਖੌਤੀ ਸਿਆਣੇ ਕੋਲ ਇਨ੍ਹਾਂ ਦਾ ਕੋਈ ਇਲਾਜ ਨਹੀਂ। ਇਹ ਓਪਰੀ ਸ਼ੈਆਂ ਅਸਲ ਵਿੱਚ ਅਧੂਰੀਆਂ ਖੁਹਾਇਸ਼ਾਂ, ਮੰਗਾਂ, ਲੋੜਾਂ ਵਿੱਚੋਂ ਉਪਜਦੀਆਂ ਨੇ । ਸਾਡੀਆਂ ਘਰ ਦੇ ਮੁਖੀ ਨਾਲ ਗੱਲਾਂ ਹੋ ਗਈਆਂ ਨੇ। ਅੱਗੇ ਤੋਂ ਕੋਈ ਅਜਿਹੀ ਰਹੱਸਮਈ ਘਟਨਾ ਨਹੀਂ ਵਾਪਰੇਗੀ। ਆਗਿਆਤ ਚਿੱਠੀਆਂ੍ ਨਹੀਂ ਆਉਣਗੀਆਂ, ਨਾ ਹੀ ਕਪੜੇ ਕੱਟੇ ਜਾਣਗੇ ਤੇ ਨਾ ਹੀ ਚੀਜਾਂ ਗੁੰਮ ਹੋਣਗੀਆਂ। ਬੇਫਿਕਰ ਰਹੋ, ਡਰੋ ਨਾ। ਆਪਸੀ ਪ੍ਰੇਮ ਪਿਆਰ ਬਣਾ ਕੇ ਰੱਖੋ।ਤੁਹਾਡੇ ਵਲੋਂ ਸਮਝੀ ਜਾਂਦੀ ਓਪਰੀ ਸ਼ੈਅ ਦਾ ਸਫਾਇਆ ਕਰ ਦਿੱਤਾ ਹੈ।ਅਸੀਂ ਘਟਨਾ ਕਰਨ ਵਾਲੇ ਲੜਕੇ ਵੱਲ ਵੀ ਦੇਖ ਰਹੇ ਸੀ, ਉਸਦਾ ਮੁਰਝਾਇਆ ਚਿਹਰਾ ਖਿੜਦਾ ਜਾ ਰਿਹਾ ਸੀ।
ਮਾਸਟਰ ਪਰਮ ਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349
ਅਫਸਰ ਕਲੋਨੀ ਸੰਗਰੂਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly