ਲਖਨਊ (ਸਮਾਜ ਵੀਕਲੀ): ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਅਗਾਮੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ ਨਹੀਂ ਲੜੇਗੀ। ਪਾਰਟੀ ਦੇ ਜਨਰਲ ਸਕੱਤਰ ਐੱਸ.ਸੀ. ਮਿਸ਼ਰਾ ਨੇ ਅੱਜ ਦੱਸਿਆ ਕਿ ਉਹ ਖ਼ੁਦ ਵੀ ਵਿਧਾਨ ਸਭਾ ਚੋਣ ਨਹੀਂ ਲੜਨਗੇ। ਜ਼ਿਕਰਯੋਗ ਹੈ ਕਿ ਯੂਪੀ ਵਿਚ ਚੋਣਾਂ 10 ਫਰਵਰੀ ਤੋਂ ਸੱਤ ਗੇੜਾਂ ਵਿਚ ਹੋਣਗੀਆਂ। ਮਿਸ਼ਰਾ ਨੇ ਕਿਹਾ ਕਿ ਯੂਪੀ, ਪੰਜਾਬ ਤੇ ਉੱਤਰਾਖੰਡ ਸਣੇ ਪੰਜ ਸੂਬਿਆਂ ਵਿਚ ਚੋਣਾਂ ਹਨ। ਬਸਪਾ ਪ੍ਰਧਾਨ ਖ਼ੁਦ ਚੋਣ ਨਹੀਂ ਲੜੇਗੀ ਪਰ ਪਾਰਟੀ ਉਮੀਦਵਾਰਾਂ ਦੀ ਚੋਣ ਜਿੱਤਣ ਵਿਚ ਮਦਦ ਕਰੇਗੀ। ਮਿਸ਼ਰਾ ਨੇ ਕਿਹਾ, ‘ਉਹ ਦੋਵੇਂ ਚੋਣ ਨਹੀਂ ਲੜਨਗੇ ਜਦਕਿ ਸਾਰੇ ਭਵਿੱਖੀ ਫ਼ੈਸਲੇ ਮਾਇਆਵਤੀ ਹੀ ਲੈਣਗੇ।’
ਮਾਇਆਵਤੀ ਫ਼ਿਲਹਾਲ ਨਾ ਤਾਂ ਸੰਸਦ ਮੈਂਬਰ ਹਨ ਤੇ ਨਾ ਵਿਧਾਇਕ ਹਨ। ਮਿਸ਼ਰਾ ਰਾਜ ਸਭਾ ਮੈਂਬਰ ਹਨ। ਬਸਪਾ ਯੂਪੀ ਦੀਆਂ ਸਾਰੀਆਂ 403 ਸੀਟਾਂ ਉਤੇ ਇਕੱਲੇ ਚੋਣ ਲੜੇਗੀ। ਪੰਜਾਬ ਵਿਚ ਬਸਪਾ ਦਾ ਅਕਾਲੀ ਦਲ ਨਾਲ ਗੱਠਜੋੜ ਹੈ। ਚੋਣ ਸਰਵੇਖਣਾਂ ਵਿਚ ਬਸਪਾ ਨੂੰ ਸੱਤਾ ਦੀ ਦੌੜ ਵਿਚੋਂ ਬਾਹਰ ਦਿਖਾਏ ਜਾਣ ’ਤੇ ਮਿਸ਼ਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਰਾਜ ਵਿਚ ਸਰਕਾਰ ਬਣਾਏਗੀ ਤੇ ਮਾਇਆਵਤੀ ਪੰਜਵੀਂ ਵਾਰ ਮੁੱਖ ਮੰਤਰੀ ਬਣਨਗੇ। ਜ਼ਿਕਰਯੋਗ ਹੈ ਕਿ ਮਾਇਆਵਤੀ ਸੰਨ 1995, 1997, 2002 ਤੇ 2007 ਵਿਚ ਯੂਪੀ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਉਹ 2007 ਵਿਚ ਵਿਧਾਨ ਪ੍ਰੀਸ਼ਦ ਦੇ ਮੈਂਬਰ ਸਨ।
ਲਖਨਊ ਵਿਚ ਪਿਛਲੇ ਸਾਲ ‘ਬ੍ਰਾਹਮਣ ਸੰਮੇਲਨ’ ਵਿਚ ਮਾਇਆਵਤੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਯੂਪੀ ਦੇ ਵਿਕਾਸ ਲਈ ਕੰਮ ਕਰੇਗੀ ਤੇ ਸਰਕਾਰ ਬਣਨ ’ਤੇ ਕਾਨੂੰਨ-ਵਿਵਸਥਾ ਸੁਧਾਰੇਗੀ। ਭਾਜਪਾ ਤੇ ਸਮਾਜਵਾਦੀ ਪਾਰਟੀ ਨੇ ਆਪਣੀ ਚੋਣ ਮੁਹਿੰਮ ਦੌਰਾਨ ਬਸਪਾ ਬਾਰੇ ਜ਼ਿਆਦਾ ਗੱਲ ਨਹੀਂ ਕੀਤੀ ਹੈ। ਮਾਇਆਵਤੀ ਦੀ ਅਗਵਾਈ ਵਾਲੀ ਪਾਰਟੀ ਜਿਸ ਦਾ ਯੂਪੀ ਵਿਚ ਮਜ਼ਬੂਤ ਦਲਿਤ ਅਧਾਰ ਹੈ, ਇਨ੍ਹਾਂ ਦੋਵਾਂ ਸਿਆਸੀ ਧਿਰਾਂ ਨੂੰ ਝਟਕਾ ਦੇਣ ਦੀ ਪੂਰੀ ਸਮਰੱਥਾ ਰੱਖਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly