(ਸਮਾਜ ਵੀਕਲੀ)- ਅਰਪਣ ਬੈਂਕ ਮੁਲਾਜ਼ਮ ਸੀ ਅਤੇ ਮਹਿਕਦੀਪ ਇਕ ਪੋਸਟ ਗ੍ਰੈਜੂਏਟ ਘਰੇਲੂ ਔਰਤ ਸੀ। ਮਹਿਕਦੀਪ ਅਤੇ ਅਰਪਣ ਦੇ ਵਿਆਹ ਨੂੰ ਸਤਾਰਾਂ ਸਾਲ ਹੋ ਚੁੱਕੇ ਸਨ। ਉਹਨਾਂ ਦੇ ਘਰ ਹੋਏ ਦੋ ਜੁੜਵਾਂ ਬੱਚੇ ਸਾਹਿਲ ਅਤੇ ਰਜਨੀ ਵੀ ਹੁਣ ਦੱਸਵੀਂ ਵਿਚ ਪੜ੍ਹ ਰਹੇ ਸਨ।
ਵਿਆਹ ਤੋਂ ਪਹਿਲਾਂ ਤਾਂ ਉਸਦੇ ਸਹੁਰੇ ਕਹਿੰਦੇ ਸਨ ਕਿ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਜੇਕਰ ਮਹਿਕ ਨੌਕਰੀ ਕਰਨਾ ਚਾਹੁੰਦੀ ਹੋਵੇ ਪਰ ਬਾਅਦ ਵਿਚ ਹਾਲਾਤ ਹੀ ਕੁਝ ਇਸ ਤਰ੍ਹਾਂ ਦੇ ਬਣ ਗਏ ਕਿ ਉਹ ਚਾਹ ਕੇ ਵੀ ਨੌਕਰੀ ਨਾ ਕਰ ਸਕੀ। ਸਮਾਂ ਪਾ ਕੇ ਉਸ ਦੇ ਪਤੀ ਦੀ ਵੀ ਤਰੱਕੀ ਹੋ ਗਈ ਸੀ। ਇਸ ਕਰਕੇ ਆਰਥਿਕ ਪੱਖੋਂ ਕੋਈ ਤੰਗੀ ਨਹੀਂ ਸੀ।
ਪਿਛਲੇ ਪੰਜਾਂ ਕੁ ਸਾਲਾਂ ਤੋਂ ਉਸ ਨੂੰ ਲੱਗਾ ਕਿ ਤਰੱਕੀ ਤੋਂ ਬਾਅਦ ਅਰਪਣ ਜਿਵੇਂ ਉਹਦੇ ਕੋਲੋਂ ਹੌਲ਼ੀ-ਹੌਲ਼ੀ ਦੂਰ ਹੁੰਦਾ ਜਾ ਰਿਹਾ ਸੀ। ਪੜ੍ਹੀ ਲਿਖੀ ਹੋਣ ਕਰਕੇ ਉਹ ਬੱਚਿਆਂ ਨੂੰ ਘਰ ਆਪ ਹੀ ਜੀਅ-ਜਾਨ ਨਾਲ਼ ਪੜ੍ਹਾਈ ਕਰਵਾਉੰਦੀ। ਆਪਣੇ ਸੱਸ-ਸਹੁਰੇ ਦਾ ਵੀ ਖ਼ੂਬ ਧਿਆਨ ਰੱਖਦੀ। ਘਰੇਲੂ ਹੋਣ ਕਰਕੇ ਉਹ ਘਰ ਦੇ ਸਾਰੇ ਕੰਮ ਵੀ ਆਪ ਹੀ ਕਰਦੀ। ਅਰਪਣ ਨੂੰ ਉਹ ਬਹੁਤਾ ਵਕਤ ਨਾ ਦੇ ਪਾਉਂਦੀ। ਨਤੀਜੇ ਵਜੋਂ ਨਿੱਕੇ-ਨਿੱਕੇ ਝਗੜਿਆਂ ਕਾਰਨ ਬੋਲ-ਚਾਲ ਬੰਦ ਹੋ ਜਾਂਦੀ। ਮਹਿਕ ਵੀ ਉਦਾਸ ਰਹਿਣ ਲੱਗ ਪਈ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਇਸ ਉਦਾਸੀ ਵਿੱਚੋਂ ਬਾਹਰ ਕਿਵੇਂ ਨਿਕਲੇ।
ਅਰਪਣ ਵੀ ਘਰ ਆ ਕੇ ਆਪਣੇ ਮੋਬਾਈਲ ਵਿਚ ਹੀ ਖੁੱਭਿਆ ਰਹਿੰਦਾ। ਜੇਕਰ ਮਹਿਕ ਕੁਝ ਪੁੱਛਦੀ ਕਿ ਉਹ ਫ਼ੋਨ ‘ਤੇ ਕਿਸ ਨਾਲ਼ ਰੁੱਝੇ ਹੋਏ ਹਨ ਤਾਂ ਉਹ ਅੱਗੋਂ ਖਾਣ ਨੂੰ ਪੈਂਦਾ। ਮਿਹਕ ਨੂੰ ਮਹਿਸੂਸ ਹੋਇਆ ਕਿ ਜਿਹੜਾ ਅਰਪਨ ਆਪਣਾ ਹਰ ਪਲ ਮਹਿਕਦੀਪ ਦੀ ਮਹਿਕ ਤੋਂ ਅਰਪਣ ਕਰਨ ਲਈ ਤਿਆਰ ਰਹਿੰਦਾ ਸੀ, ਉਸਨੂੰ ਜਿਵੇਂ ਮਹਿਕ ਕੋਲ਼ੋ ਕੋਈ ਭੈੜੀ ਮੁਸ਼ਕ ਆਉਣ ਲੱਗ ਪਈ ਹੋਵੇ। ਉਸ ਦਾ ਬੜਾ ਮਨ ਕਰਦਾ ਕਿ ਕਾਸ਼ ਕਿਤੇ ਅਰਪਣ ਉਸ ਨਾਲ਼ ਵੀ ਘੰਟਿਆਂ ਬੱਧੀ ਗੱਲਾਂ ਕਰਦਾ ਰਹੇ ਜਿਵੇਂ ਮੋਬਾਈਲ ‘ਤੇ ਲੱਗਾ ਰਹਿੰਦਾ ਹੈ।
ਇਕ ਦਿਨ ਮਹਿਕ ਨੇ ਫੁੱਲਾਂ ਦੇ ਓਹਲੇ ਆਪਣੀ ਤਸਵੀਰ ਖਿੱਚੀ। ਫੁੱਲ ਸੰਘਣੇ ਹੋਣ ਕਰਕੇ ਉਸ ਦੇ ਚਿਹਰੇ ਦੀ ਪਹਿਚਾਣ ਨਹੀਂ ਆ ਰਹੀ ਸੀ। ਫਿਰ ਵੀ ਤਸਵੀਰ ਵਿਚ ਬੜੀ ਖਿੱਚ ਸੀ।
ਉਸ ਨੂੰ ਪਤਾ ਨਹੀਂ ਕੀ ਸੁੱਝੀ। ਉਸ ਨੇ ਆਪਣੀ ਪਹਿਚਾਣ ਬਦਲ ਕੇ ਇਕ ਫੇਸ-ਬੁੱਕ ਅਕਾਊਂਟ ਬਣਾਇਆ। ਫਿਰ ਉਸ ਨੇ ਅਰਪਣ ਨੂੰ ਫਰੈਂਡ ਰੀਕੁਏਸਟ ਭੇਜੀ। ਅਰਪਣ ਨੇ ਸਵੀਕਾਰ ਕਰ ਲਈ। ਹੁਣ ਮਹਿਕ ਨੂੰ ਤਾਂ ਪਤਾ ਸੀ ਕਿ ਉਹ ਅਰਪਣ ਨਾਲ਼ ਜੁੜੀ ਹੋਈ ਹੈ ਪਰ ਅਰਪਣ ਇਸ ਗੱਲੋਂ ਪੂਰੀ ਤਰ੍ਹਾਂ ਬੇਖ਼ਬਰ ਸੀ।
ਬੋਰਡ ਦੀ ਕਲਾਸ ਹੋਣ ਕਰਕੇ ਬੱਚਿਆਂ ਨੇ ਟਿਊਸ਼ਨਾਂ ਰੱਖ ਲਈਾਆਂ। ਮਹਿਕ ਕੋਲ਼ ਵੀ ਹੁਣ ਥੋੜ੍ਹਾ ਵਕਤ ਬਚ ਜਾਂਦਾ। ਅਰਪਣ ਛੁੱਟੀ ਵਾਲੇ ਦਿਨ ਜਦੋਂ ਹੀ ਵਿਹਲਾ ਹੋ ਕੇ ਘਰੋਂ ਬਾਹਰ ਜਾਂਦਾ ਜਾਂ ਕਦੀ ਘਰ ਲੇਟ ਆਏ ਤਾਂ ਮਹਿਕ ਕੰਮ ਸਮੇਟ ਕੇ ਅਰਪਣ ਨਾਲ਼ ਮੋਬਾਈਲ ‘ਤੇ ਚੈਟ ਕਰਨ ਲੱਗ ਜਾਂਦੀ ਜਾਂ ਅਰਪਣ ਆਪ ਵੀ ਲੱਗ ਜਾਂਦਾ। ਉਸ ਨੂੰ ਬੜਾ ਚੰਗਾ ਲੱਗਦਾ ਕਿ ਉਸ ਦਾ ਪਤੀ ਉਸ ਨਾਲ਼ ਵਕਤ ਬਿਤਾ ਰਿਹਾ ਹੈ। ਕਈ ਵਾਰ ਤਾਂ ਦੋ-ਦੋ ਘੰਟੇ ਬੀਤ ਜਾਂਦੇ। ਕਈ ਵਾਰ ਉਸਦਾ ਕੰਮ ਵੀ ਪਿੱਛੇ ਪੈ ਜਾਂਦਾ। ਘਰ ਆਉਣ ‘ਤੇ ਜੇ ਉਸ ਨੇ ਅਰਪਣ ਨੂੰ ਪੁੱਛਣਾ ਕਿ ਉਹ ਇਨ੍ਹਾਂ ਸਮਾਂ ਕਿੱਥੇ ਲਾ ਕੇ ਆਇਆ ਕਿ ਹੈ ਤਾਂ ਉਸ ਨੇ ਇੱਧਰ-ਉੱਧਰ ਦੇ ਕਈ ਕੰਮ ਗਿਣਾ ਦੇਣੇ ਜਾਂ ਜਵਾਬ ਦੇਣਾ ਜ਼ਰੂਰੀ ਨਾ ਸਮਝਣਾ। ਇਸ ਸੁਣ ਕੇ ਮਹਿਕ ਨੂੰ ਬਹੁਤ ਦੁੱਖ ਮਹਿਸੂਸ ਹੁੰਦਾ ਕਿ ਅਰਪਣ ਝੂਠ ਬੋਲ ਰਿਹਾ ਹੈ।
ਇਸ ਤਰ੍ਹਾਂ ਫੇਕ ਆਈ ਡੀ ‘ਤੇ ਗੱਲਾਂ ਬਾਤਾਂ ਕਰਦਿਆਂ ਦੋ ਸਾਲ ਬੀਤ ਚੁੱਕੇ ਸਨ ਪਰ ਅਰਪਣ ਨੂੰ ਇਸ ਗੱਲ ਦੀ ਜਰਾਂ ਵੀ ਭਿਣਕ ਨਾ ਪਈ ਕਿ ਉਹ ਆਪਣੀ ਮਹਿਕਦੀਪ ਨਾਲ਼ ਹੀ ਗੱਲਾਂ ਕਰਕੇ ਮਹਿਕ ਰਿਹਾ ਹੈ। ਉਸ ਨੇ ਬਹੁਤ ਵਾਰੀ ਮਹਿਕ ਨੂੰ ਆਪਣਾ ਚਿਹਰਾ ਦਿਖਾਉਣ ਲਈ ਕਿਹਾ। ਮਹਿਕ ਹਰ ਵਾਰ ਉਸ ਨੂੰ ਗੱਲਾਂ ਵਿਚ ਉਲਝਾ ਲੈਂਦੀ। ਕਦੀ ਕਦੀ ਉਸ ਨੂੰ ਦੁੱਖ ਵੀ ਮਹਿਸੂਸ ਹੁੰਦਾ ਕਿ ਅਰਪਣ ਉਸ ਨਾਲ਼ ਵਕਤ ਬਿਤਾਉਣ ਦੀ ਬਜਾਇ ਫੇਸ ਬੁੱਕ ਦੋਸਤ ਨਾਲ਼ ਵਕਤ ਬਿਤਾ ਕੇ ਜਿਆਦਾ ਸੰਤੁਸ਼ਟੀ ਹੁੰਦੀ, ਭਾਂਵੇਂ ਕਿ ਉਹ ਦੋਸਤ ਉਹ ਖੁਦ ਹੀ ਸੀ। ਉਹ ਆਪਣੇ ਆਪ ਨੂੰ ਝੂਠੀ ਤਸੱਲੀ ਦਿੰਦੀ ਰਹਿੰਦੀ ਕਿ ਅਰਪਣ ਉਸ ਨਾਲ਼ ਸਮਾਂ ਤਾਂ ਬਤੀਤ ਕਰਦਾ ਹੀ ਹੈ, ਆਪਣੇ ਜ਼ਜਬਾਤ ਵੀ ਸਾਂਝੇ ਕਰਦਾ ਹੈ ਬੇਸ਼ੱਕ ਉਸ ਨੂੰ ਫੇਸ ਬੁੱਕ ਦੋਸਤ ਹੀ ਸਮਝਦਾ ਹੈ। ਇਸ ਝੂਠੀ ਜਿਹੀ ਤਸੱਲੀ ਨਾਲ਼ ਖੁਸ਼ੀ ਮਹਿਸੂਸ ਕਰਦੀ ਮਹਿਕ ਪਤਾ ਨਹੀਂ ਕਿਹੜੀ ਖ਼ਿਆਲੀ ਦੁਨੀਆਂ ਵਿਚ ਅਲੋਪ ਹੋ ਜਾਂਦੀ।
ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly