ਨਵੀਂ ਦਿੱਲੀ (ਸਮਾਜ ਵੀਕਲੀ): ਦੇਸ਼ ’ਚ ਇਕ ਦਿਨ ’ਚ ਓਮੀਕਰੋਨ ਦੇ 495 ਨਵੇਂ ਕੇਸ ਸਾਹਮਣੇ ਆਏ ਹਨ। ਇਸ ਨਾਲ ਓਮੀਕਰੋਨ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 2,630 ਹੋ ਗਈ ਹੈ। ਓਮੀਕਰੋਨ ਦੇ ਸਭ ਤੋਂ ਜ਼ਿਆਦਾ ਕੇਸ ਮਹਾਰਾਸ਼ਟਰ (797) ’ਚ ਆਏ ਹਨ ਜਦਕਿ ਦੂਜੇ ਨੰਬਰ ’ਤੇ ਦਿੱਲੀ (465) ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ ’ਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 90,928 ਕੇਸ ਆਏ ਹਨ ਜੋ 200 ਦਿਨਾਂ ’ਚ ਸਭ ਤੋਂ ਜ਼ਿਆਦਾ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ 10 ਜੂਨ ਨੂੰ ਕਰੋਨਾ ਦੇ 91,702 ਕੇਸ ਆਏ ਸਨ। ਮੰਤਰਾਲੇ ਨੇ ਕਿਹਾ ਕਿ ਬੀਤੇ ਇਕ ਦਿਨ ’ਚ 325 ਹੋਰ ਜਾਨਾਂ ਜਾਣ ਨਾਲ ਮ੍ਰਿਤਕਾਂ ਦਾ ਅੰਕੜਾ 4,82,876 ’ਤੇ ਪਹੁੰਚ ਗਿਆ ਹੈ। ਕੌਮੀ ਰਿਕਵਰੀ ਦਰ ਵੀ ਘੱਟ ਕੇ 97.81 ਫ਼ੀਸਦ ’ਤੇ ਪਹੁੰਚ ਗਈ ਹੈ।
ਕਰੋਨਾ ਦੇ ਲਗਾਤਾਰ ਵਧ ਰਹੇ ਕੇਸਾਂ ਨੂੰ ਦੇਖਦਿਆਂ ਕੇਂਦਰ ਨੇ ਸੂਬਿਆਂ ਅਤੇ ਯੂਟੀਜ਼ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਜ਼ਿਲ੍ਹਾ ਅਤੇ ਉਪ ਜ਼ਿਲ੍ਹਾ ਪੱਧਰ ’ਤੇ ਕੋਵਿਡ-19 ਕੰਟਰੋਲ ਰੂਮ ਸਥਾਪਤ ਕਰਨ। ਕੇਂਦਰੀ ਸਿਹਤ ਮੰਤਰਾਲੇ ’ਚ ਵਧੀਕ ਸਕੱਤਰ ਆਰਤੀ ਅਹੂਜਾ ਨੇ ਕਿਹਾ ਕਿ ਇਨ੍ਹਾਂ ਕੰਟਰੋਲ ਰੂਮਾਂ ’ਚ ਟੈਸਟਿੰਗ ਕੇਂਦਰਾਂ, ਐਂਬੂਲੈਂਸਾਂ ਅਤੇ ਘਰਾਂ ’ਚ ਇਕਾਂਤਵਾਸ ’ਚ ਰਹਿ ਰਹੇ ਸਾਰੇ ਮਰੀਜ਼ਾਂ ਦੇ ਅੰਕੜੇ ਹੋਣੇ ਚਾਹੀਦੇ ਹਨ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਸੂਬਿਆਂ ਅਤੇ ਯੂਟੀਜ਼ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਸਿਹਤ ਸੰਭਾਲ ਅਤੇ ਫਰੰਟਲਾਈਨ ਵਰਕਰਾਂ ਨੂੰ ਕਰੋਨਾ ਤੋਂ ਬਚਾਅ ਦੀਆਂ ਇਹਤਿਆਤੀ ਖੁਰਾਕਾਂ ਉਸੇ ਕੰਪਨੀਆਂ ਦੀਆਂ ਲੱਗਣਗੀਆਂ ਜੋ ਉਨ੍ਹਾਂ ਪਹਿਲਾਂ ਦੋਵੇਂ ਲਗਵਾਈਆਂ ਹਨ। ਬੂਸਟਰ ਡੋਜ਼ ਵਾਲਾ ਟੀਕਾਕਰਨ 10 ਜਨਵਰੀ ਤੋਂ ਸ਼ੁਰੂ ਹੋਣਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly