ਪ੍ਰਧਾਨ ਮੰਤਰੀ ਪੰਜਾਬ ਨੂੰ ਬਦਨਾਮ ਨਾ ਕਰਨ: ਚੰਨੀ

 

  • ‘ਪ੍ਰਧਾਨ ਮੰਤਰੀ ਦੀ ਜਾਨ ਨੂੰ ਖ਼ਤਰਾ ਹੋਣ ’ਤੇ ਪਹਿਲੀ ਗੋਲੀ ਆਪਣੇ ਸੀਨੇ ’ਤੇ ਖਾਵਾਂਗਾ’

ਮਾਛੀਵਾੜਾ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਦੀ ‘ਸੁਰੱਖਿਆ ’ਚ ਖਾਮੀਆਂ’ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਦਰਮਿਆਨ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਭਾਜਪਾ ਦੀ ਫਿਰੋਜ਼ਪੁਰ ਰੈਲੀ ਵਿਚ ਲੋਕ ਨਹੀਂ ਪਹੁੰਚੇ ਸਨ, ਜਿਸ ਕਾਰਨ ਉਹ ਸੁਪਰ ਫਲਾਪ ਹੋਈ ਅਤੇ ਰੈਲੀ ਨੂੰ ਸੰਬੋਧਨ ਕਰਨ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਪਸ ਮੁੜਨਾ ਪਿਆ। ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੀ ਸੁਰੱਖਿਆ ’ਚ ਖਾਮੀਆਂ ਦੇ ਹਵਾਲੇ ਨਾਲ ਪੰਜਾਬ ਤੇ ਪੰਜਾਬੀਅਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਚੰਨੀ ਨੇ ਮਾਛੀਵਾੜਾ, ਟਾਂਡਾ ਅਤੇ ਦਸੂਹਾ ਅਨਾਜ ਮੰਡੀਆਂ ’ਚ ਕਾਂਗਰਸ ਦੀਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ ਉਸ ਨੂੰ ਪੰਜਾਬ ਵਿਚ ‘ਜਾਨ ਦਾ ਖ਼ਤਰਾ’ ਖੜ੍ਹਾ ਹੋ ਗਿਆ ਸੀ, ਜੋ ਬਿਲਕੁਲ ਬੇਬੁਨਿਆਦ ਦੋਸ਼ ਹੈ। ਉਨ੍ਹਾਂ ਕਿਹਾ,‘‘ਸੂਬੇ ਵਿਚ ਜੇਕਰ ਕੋਈ ਪ੍ਰਧਾਨ ਮੰਤਰੀ ’ਤੇ ਹਮਲਾ ਕਰੇਗਾ ਤਾਂ ਪਹਿਲੀ ਗੋਲੀ ਮੈਂ ਆਪਣੀ ਛਾਤੀ ਉੱਤੇ ਖਾਵਾਂਗਾ। ਪ੍ਰਧਾਨ ਮੰਤਰੀ ਦੀ ਜਾਨ ਨੂੰ ਖ਼ਤਰਾ ਕਿਵੇਂ ਹੋ ਸਕਦਾ ਹੈ, ਕਿਉਂਕਿ ਉਨ੍ਹਾਂ ਦੀਆਂ ਗੱਡੀਆਂ ਦੇ ਕਾਫ਼ਲੇ ਤੱਕ ਕੋਈ ਵੀ ਪ੍ਰਦਰਸ਼ਨਕਾਰੀ ਨਹੀਂ ਪੁੱਜ ਸਕਿਆ ਅਤੇ ਨਾ ਹੀ ਕਿਸੇ ਨੇ ਕੋਈ ਹਮਲਾ ਕੀਤਾ।’’

ਚੰਨੀ ਨੇ ਦਾਅਵਾ ਕੀਤਾ ਕਿ ਕਿਸਾਨ ਤਾਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਨ ਪਰ ਫਿਰ ਵੀ ਉਨ੍ਹਾਂ ਉਪਰ ਦਿੱਲੀ ਸੰਘਰਸ਼ ਦੌਰਾਨ ਪਰਚੇ ਅਤੇ ਜ਼ੁਲਮ ਹੋਇਆ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਹੁਣ ਸੁਰੱਖਿਆ ਪ੍ਰਬੰਧਾਂ ਲਈ ਪੰਜਾਬ ਸਿਰ ਠੀਕਰਾ ਭੰਨ੍ਹ ਰਹੇ ਹਨ ਜਦਕਿ 5 ਦਿਨ ਪਹਿਲਾਂ ਹੀ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਸਾਰੇ ਪ੍ਰਬੰਧ ਆਪਣੀ ਨਿਗਰਾਨੀ ਹੇਠ ਲੈ ਲਏ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਤੇ ਭਾਜਪਾ ਹੁਣ ਫਲਾਪ ਰੈਲੀ ਦਾ ਭਾਂਡਾ ਸੂਬਾ ਸਰਕਾਰ ਸਿਰ ਭੰਨ ਕੇ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰਨ ਲਈ ਸੌੜੀ ਰਾਜਨੀਤੀ ਕਰ ਰਹੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਤਨਜ਼ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਿਆਸੀ ਤੌਰ ’ਤੇ ਨਾਕਾਮ ਹੋ ਚੁੱਕੇ ਹਨ ਅਤੇ ਬੁੱਧਵਾਰ ਨੂੰ ਭਾਜਪਾ ਦੀ ਰੈਲੀ ਵਿੱਚ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਨ ਤੋਂ ਇਹ ਸਪੱਸ਼ਟ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕੈਪਟਨ ਨੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ, ਜਿਸ ਕਾਰਨ ਕੋਈ ਵੀ ਉਨ੍ਹਾਂ ਦੀ ਗੱਲ ਨਹੀਂ ਸੁਣਨਾ ਚਾਹੁੰਦਾ। ਅਕਾਲੀਆਂ ’ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਕ ਦਹਾਕੇ ਦੇ ਕਾਰਜਕਾਲ ਦੌਰਾਨ ਅਕਾਲੀ ਆਗੂਆਂ ਨੇ ਸੂਬੇ ਵਿੱਚ ਨਸ਼ਿਆਂ ਦਾ ਕਾਰੋਬਾਰ ਫੈਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਨਤੀਜੇ ਵਜੋਂ ਹੁਣ ਬਿਕਰਮ ਸਿੰਘ ਮਜੀਠੀਆ ਪੰਜਾਬ ’ਚ ਨਜ਼ਰ ਨਹੀਂ ਆ ਰਿਹਾ। ਮੁੱਖ ਮੰਤਰੀ ਨੇ ਟਾਂਡਾ ਇਲਾਕੇ ’ਚ 18 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਵੀ ਰੱਖੇ। ਉਨ੍ਹਾਂ ਦਸੂਹਾ ਹਲਕੇ ਦੇ ਕਸਬਾ ਤਲਵਾੜ ਵਿੱਚ 28.50 ਕਰੋੜ ਰੁਪਏ ਦੇ ਸੀਵਰੇਜ, ਬੱਸ ਅੱਡੇ ਲਈ 2.5 ਕਰੋੜ ਅਤੇ ਕਮਾਹੀ ਦੇਵੀ ਬੱਸ ਅੱਡੇ ਲਈ 1.5 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਵੀ ਕੀਤਾ।

‘ਕੇਜਰੀਵਾਲ ‘ਕਰੋਨਾ’ ਵਰਗਾ ਇਸ ਨੂੰ ਪੰਜਾਬ ਵਿਚ ਨਾ ਵੜਨ ਦਿਓ’

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੈਲੀ ਦੌਰਾਨ ਆਪਣੇ ਸਿਆਸੀ ਵਿਰੋਧੀਆਂ ਨੂੰ ਜ਼ੋਰਦਾਰ ਰਗੜੇ ਲਾਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਕਰੋਨਾ’ ਵਰਗਾ ਹੈ, ਜੋ ਬਾਹਰਲੇ ਸੂਬੇ ਦਾ ਹੋ ਕੇ ਪੰਜਾਬ ਉੱਪਰ ਅੱਖ ਰੱਖੀ ਬੈਠਾ ਹੈ। ਉਨ੍ਹਾਂ ਕਿਹਾ ਕਿ ਲੋਕ ਕੇਜਰੀਵਾਲ ਨੂੰ ਆਪਣੇ ਇਲਾਕੇ ਵਿਚ ਨਾ ਵੜਨ ਦੇਣ। ਉਨ੍ਹਾਂ ਕਿਹਾ ਕਿ ਕੇਜਰੀਵਾਲ ਲੋਕ ਹਿੱਤਾਂ ਲਈ ਕੰਮਾਂ ਦੀਆਂ ਗਾਰੰਟੀਆਂ ਦਿੰਦਾ ਹੈ, ਜਦੋਂਕਿ ‘ਚੰਨੀ’ ਵਾਅਦੇ ਨਹੀਂ ਬਲਕਿ ਇਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਂਦਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਈਸ਼ਵਰ ਸਿੰਘ ਨੂੰ ਪੰਜਾਬ ਵਿਜੀਲੈਂਸ ਬਿਓਰੋ ਦਾ ਮੁਖੀ ਲਾਇਆ
Next articleਪੰਜਾਬੀਆਂ ਉੱਤੇ ਸਵਾਲ ਨਾ ਚੁੱਕਣ ਮੋਦੀ: ਰੰਧਾਵਾ