ਪੰਜਾਬ ’ਚ ਮੀਂਹ ਤੇ ਪਹਾੜਾਂ ’ਤੇ ਬਰਫ ਨੇ ਵਧਾਈ ਠੰਢ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਤੇ ਚੰਡੀਗੜ੍ਹ ’ਚ ਅੱਜ ਸਵੇਰ ਤੋਂ ਹੀ ਬੱਦਲਵਾਈ ਬਣੀ ਰਹੀ ਤੇ ਕਿਣਮਿਣ ਹੁੰਦੀ ਰਹੀ। ਹਾਲਾਂਕਿ ਇਸ ਕਾਰਨ ਖ਼ੁਸ਼ਕ ਠੰਢ ਤੋਂ ਰਾਹਤ ਵੀ ਮਿਲੀ। ਦਿਨ ਭਰ ਹੁੰਦੀ ਰਹੀ ਕਿਣਮਿਣ ਕਰ ਕੇ ਤਾਪਮਾਨ ਆਮ ਨਾਲੋਂ ਘੱਟ ਰਿਹਾ। ਮੌਸਮ ਵਿਭਾਗ ਨੇ ਆਉਣ ਵਾਲੇ 3-4 ਦਿਨਾਂ ਦੌਰਾਨ ਪੰਜਾਬ ਵਿੱਚ ਭਰਵੇਂ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ ਜਿਸ ਨਾਲ ਠੰਢ ਤੇ ਧੁੰਦ ਵਧੇਗੀ। ਹਿਮਾਚਲ ਦੇ ਸ਼ਿਮਲਾ ਤੇ ਕਿਲੌਂਗ ਜ਼ਿਲ੍ਹਿਆਂ, ਲਾਹੌਲ-ਸਪਿਤੀ ਵਿਚ ਅੱਜ ਬਰਫ਼ਬਾਰੀ ਹੋਈ। ਇਸ ਤੋਂ ਇਲਾਵਾ ਜੰਮੂ ਕਸ਼ਮੀਰ ਤੇ ਲੱਦਾਖ ਵਿਚ ਵੀ ਅੱਜ ਬਰਫ਼ ਪਈ। ਹਿਮਾਚਲ ਤੇ ਉੱਤਰਾਖੰਡ ਵਿਚ ਭਲਕ ਤੋਂ ਤੇਜ਼ ਮੀਂਹ ਤੇ ਬਰਫ਼ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਹਰਿਆਣਾ ਵਿਚ ਵੀ ਭਲਕੇ ਮੀਂਹ ਪੈ ਸਕਦਾ ਹੈ।

ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿਚ ਭਲਕ ਤੋਂ ਕਾਫ਼ੀ ਜ਼ਿਆਦਾ ਬਰਫ਼ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਜਦਕਿ ਦਿੱਲੀ, ਉੱਤਰੀ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਿਚ ਵੀ ਚਾਰ ਤੋਂ ਛੇ ਜਨਵਰੀ ਤੱਕ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸੂਬੇ ’ਚ ਸਭ ਤੋਂ ਵੱਧ ਮੀਂਹ ਪਠਾਨਕੋਟ ’ਚ ਪਿਆ ਹੈ। ਇੱਥੇ ਤਿੰਨ ਐੱਮਐੱਮ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਜਲੰਧਰ, ਅੰਮ੍ਰਿਤਸਰ, ਮੋਗਾ, ਲੁਧਿਆਣਾ, ਫਿਰੋਜ਼ਪੁਰ, ਫਰੀਦਕੋਟ, ਗੁਰਦਾਸਪੁਰ ਸਣੇ ਸੂਬੇ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਮੀਂਹ ਪਿਆ। ਇਸ ਦੇ ਨਾਲ ਹੀ ਰਾਜਧਾਨੀ ਚੰਡੀਗੜ੍ਹ ਵਿੱਚ ਦਿਨ ਦਾ ਤਾਪਮਾਨ 17.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ 16.7 ਡਿਗਰੀ, ਲੁਧਿਆਣਾ ’ਚ 16.2 ਡਿਗਰੀ ਰਿਹਾ।

ਕਸ਼ਮੀਰ ਵਾਦੀ ਨਾਲ ਹਵਾਈ ਸੰਪਰਕ ਟੁੱਟਿਆ

ਕਸ਼ਮੀਰ ਵਾਦੀ ਵਿਚ ਬਰਫ਼ਬਾਰੀ ਕਾਰਨ ਹਵਾਈ ਆਵਾਜਾਈ ਬੰਦ ਹੋ ਗਈ ਹੈ। ਕਰੀਬ 16 ਉਡਾਣਾਂ ਅੱਜ ਰੱਦ ਹੋ ਗਈਆਂ। ਉੱਤਰਾਖੰਡ ਦੇ ਚਮੋਲੀ ਤੇ ਰੁਦਰਪ੍ਰਯਾਗ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ ਵਿਚ ਬਰਫ਼ ਪਈ ਹੈ। ਇਸ ਤੋਂ ਇਲਾਵਾ ਕੇਦਾਰਨਾਥ, ਬਦਰੀਨਾਥ, ਫੁੱਲਾਂ ਦੀ ਘਾਟੀ ਤੇ ਹੋਰਨਾਂ ਥਾਵਾਂ ਉਤੇ ਵੀ ਬਰਫ਼ ਪਈ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਚੋਣਾਂ: ਰਾਖਵੇਂ ਹਲਕਿਆਂ ਦੇ ਵਿਧਾਇਕ ਬਦਲ ਸਕਣਗੇ ਹਲਕੇ
Next articleਭਾਰਤ ਵਿੱਚ ਓਮੀਕਰੋਨ ਦੇ ਕੇਸਾਂ ਦੀ ਗਿਣਤੀ 1,892 ਹੋਈ