ਪੰਜਾਬ ਚੋਣਾਂ: ਰਾਖਵੇਂ ਹਲਕਿਆਂ ਦੇ ਵਿਧਾਇਕ ਬਦਲ ਸਕਣਗੇ ਹਲਕੇ

 

  • ਸਕਰੀਨਿੰਗ ਕਮੇਟੀ ਦੀ ਮੀਟਿੰਗ ’ਚੋਂ ਮੁੱਖ ਮੰਤਰੀ ਚੰਨੀ ਰਹੇ ਗੈਰਹਾਜ਼ਰ
  • 40 ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ’ਤੇ ਮੋਹਰ ਲਾਈ

ਚੰਡੀਗੜ੍ਹ (ਸਮਾਜ ਵੀਕਲੀ): ਕਾਂਗਰਸ ਦੀ ਸਕਰੀਨਿੰਗ ਕਮੇਟੀ ਨੇ ਪੰਜਾਬ ਚੋਣਾਂ ਲਈ ਅੱਜ ਦਿੱਲੀ ਵਿਚ ਕੀਤੀ ਮੀਟਿੰਗ ਦੌਰਾਨ ਕਈ ਹਲਕਿਆਂ ਵਿਚ ਨਵੇਂ ਤਕੜੇ ਉਮੀਦਵਾਰ ਉਤਾਰੇ ਜਾਣ ’ਤੇ ਵਿਚਾਰ ਚਰਚਾ ਕੀਤੀ। ਜਿਨ੍ਹਾਂ ਹਲਕਿਆਂ ਵਿਚ ਮੌਜੂਦਾ ਵਿਧਾਇਕਾਂ ਦੀ ਸਿਆਸੀ ਹਾਲਤ ਖਸਤਾ ਦਿਖ ਰਹੀ ਹੈ, ਉਥੇ ਨਵੇਂ ਉਮੀਦਵਾਰ ਉਤਾਰੇ ਜਾਣਗੇ। ਸਕਰੀਨਿੰਗ ਕਮੇਟੀ ਦੇ ਚੇਅਰਮੈਨ ਅਜੈ ਮਾਕਨ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਦੋਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਵਿਚੋਂ ਗੈਰਹਾਜ਼ਰ ਰਹੇ। ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ, ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਇੰਚਾਰਜ ਹਰੀਸ਼ ਚੌੌਧਰੀ ਆਦਿ ਹਾਜ਼ਰ ਸਨ।

ਸੂਤਰਾਂ ਅਨੁਸਾਰ ਕਾਂਗਰਸ ਨੇ ਹਲਕਿਆਂ ਵਿਚ ਅਦਲਾ-ਬਦਲੀ ਲਈ ਕੇਵਲ ਰਾਖਵੇਂ ਹਲਕਿਆਂ ਨੂੰ ਛੋਟ ਦੇਣਾ ਤੈਅ ਕਰ ਲਿਆ ਹੈ। ਮੀਟਿੰਗ ਦੌਰਾਨ ਚਰਚਾ ਹੋਈ ਕਿ ਕਿਸੇ ਵੀ ਮੌਜੂਦਾ ਵਿਧਾਇਕ ਦਾ ਹਲਕਾ ਨਹੀਂ ਬਦਲਿਆ ਜਾਵੇਗਾ ਪ੍ਰੰਤੂ ਰਾਖਵੇਂ ਹਲਕਿਆਂ ਵਾਲੇ ਵਿਧਾਇਕਾਂ ਨੂੰ ਇਸ ਤੋਂ ਛੋਟ ਦੇ ਦਿੱਤੀ ਗਈ ਹੈ। ਹਾਲਾਂਕਿ ਅੱਜ ਮੁੱਖ ਮੰਤਰੀ ਦੀ ਗੈਰਹਾਜ਼ਰੀ ਕਾਰਨ ਗੱਲ ਕਿਸੇ ਤਣ ਪੱਤਣ ਨਹੀਂ ਲੱਗ ਸਕੀ ਹੈ। ਮੀਟਿੰਗ ਵਿਚ ਪਹਿਲਾਂ ਹੀ ਵਿਚਾਰੇ ਗਏ 40 ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ’ਤੇ ਮੋਹਰ ਲਾਈ ਗਈ। ਸਕਰੀਨਿੰਗ ਕਮੇਟੀ ਵੱਲੋਂ ਹੁਣ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਦੀ ਉਡੀਕ ਕੀਤੀ ਜਾ ਰਹੀ ਹੈ। ਸਕਰੀਨਿੰਗ ਕਮੇਟੀ ਵਿਚ ਨੌਜਵਾਨਾਂ ਅਤੇ ਔਰਤਾਂ ਨੂੰ ਟਿਕਟਾਂ ਦਿੱਤੇ ਜਾਣ ’ਤੇ ਵੀ ਵਿਚਾਰ ਚਰਚਾ ਹੋਈ ਹੈ। ਕਰੀਬ ਢਾਈ ਘੰਟੇ ਚੱਲੀ ਮੀਟਿੰਗ ਵਿਚ ਨਵੇਂ ਹਲਕਿਆਂ ਨੂੰ ਹਾਲ ਦੀ ਘੜੀ ਛੇੜਿਆ ਨਹੀਂ ਗਿਆ ਹੈ। ਨਿਰਵਿਵਾਦ ਵਾਲੇ ਹਲਕਿਆਂ ’ਤੇ ਉਮੀਦਵਾਰਾਂ ਨੂੰ ਗੈਰਰਸਮੀ ਤੌਰ ’ਤੇ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਹਲਕਿਆਂ ’ਚੋਂ ਕੱਦਾਵਰ ਉਮੀਦਵਾਰਾਂ ਦੀ ਤਲਾਸ਼ ਲਈ ਗੱਲਬਾਤ ਕੀਤੀ ਗਈ ਜਿਥੇ ਮੌਜੂਦਾ ਵਿਧਾਇਕਾਂ ਦੀ ਪੁਜ਼ੀਸ਼ਨ ਚੰਗੀ ਨਹੀਂ ਦਿਖ ਰਹੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਕੈਬਨਿਟ ਵੱਲੋਂ ਚੋਣ ਸੌਗਾਤਾਂ ਨੂੰ ਹਰੀ ਝੰਡੀ
Next articleਪੰਜਾਬ ’ਚ ਮੀਂਹ ਤੇ ਪਹਾੜਾਂ ’ਤੇ ਬਰਫ ਨੇ ਵਧਾਈ ਠੰਢ