ਭਿਵਾਨੀ ’ਚ ਪਹਾੜ ਖਿਸਕਣ ਨਾਲ ਚਾਰ ਮੌਤਾਂ

ਭਿਵਾਨੀ (ਸਮਾਜ ਵੀਕਲੀ):  ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਡਾਡਮ ਖ਼ਣਨ ਖੇਤਰ ਵਿਚ ਪਹਾੜ ਖ਼ਿਸਕਣ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਪੁਲੀਸ ਨੇ ਦੱਸਿਆ ਕਿ ਕਈ ਲੋਕ ਮਲਬੇ ’ਚ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਛੇ ਡੰਪਰ ਟਰੱਕ ਤੇ ਕੁਝ ਮਸ਼ੀਨਾਂ ਮਲਬੇ ਹੇਠ ਦੱਬ ਗਈਆਂ ਹਨ। ਤੋਸ਼ਾਮ ਬਲਾਕ ਵਿਚ ਇਹ ਹਾਦਸਾ ਸਵੇਰੇ ਕਰੀਬ ਨੌਂ ਵਜੇ ਵਾਪਰਿਆ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਦੱਸਿਆ ਕਿ ਰਾਹਤ ਤੇ ਬਚਾਅ ਕਾਰਜਾਂ ਲਈ ਕਈ ਟੀਮਾਂ ਲਾਈਆਂ ਗਈਆਂ ਹਨ। ਉਨ੍ਹਾਂ ਟਵੀਟ ਕਰ ਕੇ ਮੌਤਾਂ ਬਾਰੇ ਜਾਣਕਾਰੀ ਦਿੱਤੀ ਤੇ ਘਟਨਾ ਉਤੇ ਡੂੰਘਾ ਦੁੱਖ ਪ੍ਰਗਟ ਕੀਤਾ। ਗਾਜ਼ੀਆਬਾਦ ਤੋਂ ਐਨਡੀਆਰਐਫ ਦੀ ਟੀਮ ਵੀ ਮੌਕੇ ਉਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ ਹਿਸਾਰ ਤੋਂ ਫ਼ੌਜ ਦੀ ਇਕ ਯੂਨਿਟ ਨੂੰ ਵੀ ਬਚਾਅ ਕਾਰਜਾਂ ਲਈ ਤਾਇਨਾਤ ਕੀਤਾ ਗਿਆ ਹੈ।

ਭਿਵਾਨੀ ਦੇ ਮੁੱਖ ਮੈਡੀਕਲ ਅਫ਼ਸਰ ਰਘੁਵੀਰ ਸ਼ਾਂਡਿਲਆ ਨੇ ਦੱਸਿਆ ਕਿ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਇਕ ਮ੍ਰਿਤਕ ਦੀ ਸ਼ਨਾਖ਼ਤ ਤੂਫ਼ਾਨ ਸ਼ਰਮਾ (30) ਵਜੋਂ ਹੋਈ ਹੈ ਜੋ ਕਿ ਬਿਹਾਰ ਦਾ ਰਹਿਣ ਵਾਲਾ ਸੀ ਜਦਕਿ ਇਕ ਹੋਰ ਦਾ ਨਾਂ ਬਿੰਦਰ (23) ਹੈ ਜੋ ਕਿ ਹਰਿਆਣਾ ਦੇ ਜੀਂਦ ਜ਼ਿਲ੍ਹੇ ਨਾਲ ਸਬੰਧਤ ਹੈ। ਡੀਐੱਸਪੀ ਮਨੋਜ ਕੁਮਾਰ ਨੇ ਦੱਸਿਆ ਕਿ ਚਾਰ-ਪੰਜ ਜਣੇ ਅਜੇ ਵੀ ਮਲਬੇ ਹੇਠ ਫਸੇ ਹੋਏ ਹਨ। ਜਦਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਗਿਣਤੀ ਜ਼ਿਆਦਾ ਹੋ ਸਕਦੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਉਹ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਸੰਪਰਕ ਵਿਚ ਹਨ ਤੇ ਤੇਜ਼ੀ ਨਾਲ ਰਾਹਤ ਤੇ ਬਚਾਅ ਕਾਰਜ ਯਕੀਨੀ ਬਣਾਏ ਜਾ ਰਹੇ ਹਨ। ਉਨ੍ਹਾਂ ਇਕ ਟਵੀਟ ਕਰ ਕੇ ਡਾਡਮ ਵਿਚ ਵਾਪਰੇ ਹਾਦਸੇ ਉਤੇ ਦੁੱਖ ਪ੍ਰਗਟ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਹਾਦਸੇ ਉਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਇਸ ਬਾਰੇ ਮੁੱਖ ਮੰਤਰੀ ਖੱਟਰ ਤੋਂ ਜਾਣਕਾਰੀ ਲਈ ਹੈ। -ਪੀਟੀਆਈ/ਆਈਏਐਨਐੱਸ

ਹਾਦਸੇ ਵੇਲੇ ਇਕ ਮਾਈਨਿੰਗ ਸਾਈਟ ਤੋਂ ਦੂਜੀ ਵੱਲ ਜਾ ਰਹੇ ਸਨ ਲੋਕ

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਡਿਪਟੀ ਕਮਿਸ਼ਨਰ ਆਰ.ਐੱਸ. ਢਿੱਲੋਂ ਨੂੰ ਹੁਕਮ ਦਿੱਤਾ ਹੈ ਕਿ ਨਾਲ ਲੱਗਦੇ ਜ਼ਿਲ੍ਹਿਆਂ ਵਿਚੋਂ ਕਰੇਨਾਂ, ਫਾਇਰ ਬ੍ਰਿਗੇਡ ਤੇ ਹੋਰ ਮਸ਼ੀਨਰੀ ਲਿਆਂਦੀ ਜਾਵੇ ਤਾਂ ਕਿ ਮਲਬਾ ਜਲਦੀ ਤੋਂ ਜਲਦੀ ਹਟਾ ਕੇ ਫਸੇ ਲੋਕਾਂ ਨੂੰ ਕੱਢਿਆ ਜਾ ਸਕੇ। ਪੁਲੀਸ ਮੁਤਾਬਕ ਕਈ ਲੋਕ ਖ਼ਣਨ ਵਾਲੀ ਇਕ ਥਾਂ ਤੋਂ ਦੂਜੀ ਥਾਂ ਵੱਲ ਵਾਹਨਾਂ ਵਿਚ ਜਾ ਰਹੇ ਸਨ ਜਦ ਪਹਾੜ ਖ਼ਿਸਕਣ ਕਾਰਨ ਵਾਹਨ ਤੇ ਉਹ ਉੱਥੇ ਫ਼ਸ ਗਏ।

ਖੱਟਰ ਸਰਕਾਰ ਦੇ ਰਾਜ ਵਿਚ ਹੋ ਰਿਹੈ ਗ਼ੈਰਕਾਨੂੰਨੀ ਖ਼ਣਨ: ਕਾਂਗਰਸ

ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਹਰਿਆਣਾ ਦੀ ਖੱਟਰ ਸਰਕਾਰ ਦੇ ਰਾਜ ਵਿਚ ਗ਼ੈਰਕਾਨੂੰਨੀ ਖ਼ਣਨ ਹੋ ਰਿਹਾ ਹੈ ਤੇ ਇਨ੍ਹਾਂ ਮੌਤਾਂ ਲਈ ਭਾਜਪਾ ਸਰਕਾਰ ਜ਼ਿੰਮੇਵਾਰ ਹੈ। ਇਕ ਟਵੀਟ ਵਿਚ ਸੁਰਜੇਵਾਲਾ ਨੇ ਪੁੱਛਿਆ ਕਿ ਕੀ ਸਰਕਾਰ ਮਾਈਨਿੰਗ ਰੈਕੇਟ ਦੀ ਨਿਆਂਇਕ ਜਾਂਚ ਦਾ ਹੁਕਮ ਦੇਵੇਗੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੌਜੂਦਾ ਸਾਲ ’ਚ ਕਰੋਨਾ ’ਤੇ ਜਿੱਤ ਪਾ ਲਈ ਜਾਵੇਗੀ: ਗੈਬ੍ਰਿਸਸ
Next articleਪ੍ਰੋ. ਕੱਕੜ ਦਾ ‘ਨਾਈਟ ਕਮਾਂਡਰ ਆਫ਼ ਦਿ ਆਰਡਰ’ ਨਾਲ ਸਨਮਾਨ