(ਸਮਾਜ ਵੀਕਲੀ)– ਅੱਜ ਦੇ ਮੋਜੂਦਾ ਦੌਰ ਵਿੱਚ ਰੋਜ਼ਾਨਾ ਅਖਬਾਰ ਖੋਲ੍ਹਦਿਆਂ, ਰੇਡੀਓ/ਟੈਲੀਵਿਜ਼ਨ ਲਗਾਉਂਦਿਆ ਜਾਂ ਇੰਟਰਨੈੱਟ ਆਦਿ ਦੀ ਫਰੋਲਾ ਫਰੋਲੀ ਕਰਦਿਆਂ ਅਧਿਆਪਕਾਂ ਨਾਲ਼ ਧੱਕੇਸ਼ਾਹੀਆਂ, ਸਕੂਲੀ ਪ੍ਰਬੰਧਾਂ ਵਿੱਚ ਘਾਟ ਜਾਂ ਵਜੀਫਿਆਂ ਵਿੱਚ ਘਪਲੇਬਾਜ਼ੀਆਂ ਵਗੈਰਾ ਦੀਆਂ ਖਬਰਾਂ ਆਮ ਹੀ ਵੇਖਣ ਸੁਣਨ ਨੂੰ ਮਿਲਦੀਆਂ ਹਨ। ਭਾਵ ਅਜੇ ਵੀ ਵਿਦਿਅਕ ਖੇਤਰ ਵਿੱਚ ਜਿਵੇਂ ਹਨੇਰ ਜਿਹਾ ਹੀ ਛਾਇਆ ਹੋਇਆ ਹੈ ਪਰ ਉਪਰੋਕਤ ਸ਼ਖਸੀਅਤ ਬਾਰੇ ਦਿੱਤੇ ਸਿਰਲੇਖ ਬਾਬਤ ਇੱਕ ਲਾਈਨ ਹੀ ਲਿਖਣੀ ਕਾਫ਼ੀ ਹੈ ਕਿ ਇਹਨਾਂ ਨੇ ਸੰਨ 1942 ਵਿੱਚ ਹੀ ਖੁਲਵਾ ਦਿੱਤਾ ਸੀ ਆਪਣੇ ਪਿੰਡ ਕੁੜੀਆਂ ਲਈ ਅਲੱਗ ਤੋਂ ਸਕੂਲ।
ਜੀ ਹਾਂ ਮੈਂ ਗੱਲ ਕਰ ਰਹੀ ਹਾਂ ਗਦਰੀ ਬਾਬਾ ਲਛਮਣ ਸਿੰਘ ਜੀ ਕੈਨੇਡੀਅਨ ਬਾਰੇ। 1988 ਵਿੱਚ ਪਿੰਡ ਖੁਰਦਪੁਰ (ਜਲੰਧਰ) ਵਿੱਚ ਜਨਮੇ (ਜਨਮ ਤਾਰੀਖ ਦਾ ਵੇਰਵਾ ਉਪਲੱਬਧ ਨਹੀਂ) ਆਮ ਜਿਹੇ ਕਿਸਾਨੀ ਪਰਿਵਾਰ ਦੇ ਜੰਮਪਲ ਸਵ: ਲਛਮਣ ਸਿੰਘ ਆਪਣੀ ਸਖ਼ਤ ਘਾਲਣਾ ਸਦਕਾ ਸੰਨ 1907 ਵਿੱਚ ਹੀ ਜਾ ਪਹੁੰਚੇ ਸਨ ਕੈਨੇਡਾ। ਜਵਾਨੀ ਦੇ ਜੋਸ਼, ਦੂਰ-ਅੰਦੇਸ਼ਗੀ ਦੇ ਹੋਸ਼ ਤੇ ਗੁਲਾਮੀ ਪ੍ਰਤੀ ਰੋਸ ਦਾ ਨਤੀਜਾ ਕਿਹਾ ਜਾ ਸਕਦਾ ਹੈ ਕਿ ਉਹਨਾਂ ਦੇ ਮਨ ਵਿੱਚੋਂ ਆਪਣੀ ਜੰਮਣ ਭੋਇੰ ਬਾਬਤ ਮੋਹ ਘੜੀ ਪਲ ਲਈ ਵੀ ਵੱਖ ਨਹੀਂ ਹੋਇਆ। ਸ਼ਾਇਦ ਇਸੇ ਕਰਕੇ ਕੈਨੇਡਾ ਪਹੁੰਚ ਕੇ ਵੀ ਉਹ ਆਪਣੇ ਵਤਨ ਭਾਰਤ ਖਾਤਰ ਹੁੰਦੀ ਹਰ ਗਤੀਵਿਧੀ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਰਹੇ।
ਫਿਰ ਚਾਹੇ 1907 ਵਿੱਚ ਭਾਰਤੀਆਂ ਨੂੰ ਕੈਨੇਡਾ ਤੋਂ ਹਾਂਡੂਰਾਸ ਭੇਜਣ ਦਾ ਰੋਸ ਪ੍ਰਦਰਸ਼ਨ ਹੋਵੇ, 1909 ਵਿੱਚ ਵਰਦੀਆਂ ਤੇ ਮੈਡਲਾਂ ਲਈ ਸਰਗਰਮੀਆਂ ਹੋਣ, 1913 ਵਿੱਚ ਜਾਰਜ ਪੰਚਮ ਦੀ ਤਾਜਪੋਸ਼ੀ ਜਸ਼ਨਾਂ ਦਾ ਵਿਰੋਧ ਹੋਵੇ, 1914 ਦਾ ਕਾਮਾਗਾਟਾਮਾਰੂ ਘੋਲ਼ ਹੋਵੇ, 1914 ਵਿੱਚ ਹੀ ਗਦਰ ਲਹਿਰ ਦੀ ਸ਼ੁਰੂਆਤ ਹੋਵੇ ਅਤੇ ਬੇਸ਼ੱਕ 1934 ਵਿੱਚ ਅਖ਼ਬਾਰ ਦੁਖੀ ਕਿਸਾਨ ਦੀ ਆਰੰਭਤਾ ਹੋਵੇ (ਸਮੇਂ ਦੀ ਸਰਕਾਰ ਵੱਲੋਂ 5000 ਰੁਪਏ ਜੁਰਮਾਨਾ ਲਗਾ ਕੇ ਜਬਰੀ ਬੰਦ ਕਰਵਾ ਦਿੱਤਾ ਗਿਆ ਪਰਚਾ)। ਇਹਨਾਂ ਸਾਰੀਆਂ ਗਤੀਵਿਧੀਆਂ ਦੌਰਾਨ ਮੂਹਰਲੀਆਂ ਸਫ਼ਾਵਾਂ ਵਿੱਚ ਵਿਚਰੇ ਲਛਮਣ ਸਿੰਘ। ਜਿਨ੍ਹਾਂ ਦੇ ਨਾਮ ਨਾਲ਼ ਉਹਨਾਂ ਦੇ ਹਾਣੀਆਂ ਵੱਲੋਂ ਕੈਨੇਡਾ ਵਾਸੀ ਹੋਣ ਉਪਰੰਤ ਪੱਕੇ ਤੌਰ ‘ਤੇ ਲਗਾ ਦਿੱਤਾ ਗਿਆ ਤਖਲਸ ਕੈਨੇਡੀਅਨ ਤੇ ਕੁੜੀਆਂ ਦੇ ਸਕੂਲ ਲਈ ਮੋਹਰੀ ਭੂਮਿਕਾ ਨਿਭਾਉਣ ਤੋਂ ਬਾਅਦ ਉਹ ਅੱਜ ਵੀ ਜਾਣੇ ਜਾਂਦੇ ਹਨ ਆਪਣੇ ਦੂਸਰੇ ਉੱਪ-ਤਖਲੱਸ ਸਕੂਲ ਵਾਲ਼ੇ ਬਾਬਾ ਜੀ ਦੇ ਨਾਲ਼। ਜਿਹੜੇ ਕਿ 14 ਅਪ੍ਰੈਲ 1974 ਨੂੰ ਦੇ ਗਏ ਸਨ ਸਦੀਵੀ ਵਿਛੋੜਾ ਪਰ ਸਿਰਫ਼ ਸਰੀਰਕ ਤੌਰ ‘ਤੇ ਕਿਉਂਕਿ ਵਿਚਾਰਕ ਪੱਖੋਂ ਉਹਨਾਂ ਦੇ ਜੀਵਨ ਸੰਘਰਸ਼ ਤੋਂ ਅੱਜ ਵੀ ਨਵੀਂ ਪੀੜ੍ਹੀ ਬਾਦਸਤੂਰ ਯੋਗ ਅਗਵਾਈ ਲੈ ਰਹੀ ਹੈ। ਸ਼ਾਲਾ! ਅਜਿਹੇ ਵਿਦਿਆ ਦੇ ਚਾਨਣ ਮੁਨਾਰੇ ਪੰਜਾਬ ਹੀ ਨਹੀਂ ਬਲਕਿ ਕੁੱਲ ਦੁਨੀਆਂ ਦੇ ਗਲੀ ਗਲੀ, ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਵਿੱਚ ਪੈਦਾ ਹੋਣ ਤਾਂ ਕਿ ਸਿਰਜਿਆ ਜਾ ਸਕੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਦਾ ਸੰਸਾਰ। ਅੰਤ ਵਿੱਚ ਏਸ ਵੇਲੇ ਹੋ ਰਹੇ ਅੰਤਾਂ ਦੇ ਮਾਣ ਨੂੰ ਆਪ ਸਭ ਨਾਲ਼ ਜਰੂਰ ਸਾਂਝਾ ਕਰਨਾ ਚਾਹਾਂਗੀ ਕਿ ਮੈਂ ਹਾਂ ਸਵ: ਗਦਰੀ ਬਾਬਾ ਲਛਮਣ ਸਿੰਘ ਕੈਨੇਡੀਅਨ ਦੀ ਪੋਤੀ:-
ਰਣਬੀਰ ਕੌਰ ਬੱਲ
ਯੂ.ਐੱਸ.ਏ.
+15108616871
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly