ਸਰਦ ਰੁੱਤ ਓਲੰਪਿਕ ਖੇਡਾਂ ਤੋਂ ਪਹਿਲਾਂ ਕਰੋਨਾ ਦਾ ਕਹਿਰ

ਪੇਈਚਿੰਗ (ਸਮਾਜ ਵੀਕਲੀ):  ਚੀਨ ਨੇ ਕਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਧਣ ਮਗਰੋਂ 1.3 ਕਰੋੜ ਦੀ ਵਸੋਂ ਵਾਲੇ ਉੱਤਰੀ ਸ਼ਹਿਰ ਸ਼ਿਆਨ ਵਿੱਚ ਲੌਕਡਾਊਨ ਲਾ ਦਿੱਤਾ ਹੈ। ਸਰਦ ਰੁੱਤ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਤੋਂ ਕੁਝ ਹਫ਼ਤੇ ਪਹਿਲਾਂ ਮੁਲਕ ਵਿੱਚ ਕਰੋਨਾਵਾਇਰਸ ਲਾਗ ਦੇ ਮਾਮਲੇ ਵਧਣ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਕੀ ਤੇਜ਼ੀ ਨਾਲ ਵਧ ਰਹੇ ਮਾਮਲੇ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਹਨ ਜਾਂ ਡੈਲਟਾ ਰੂਪ ਦੇ। ਚੀਨ ਵਿੱਚ ਓਮੀਕਰੋਨ ਦੇ ਹੁਣ ਤੱਕ ਮਹਿਜ਼ ਸੱਤ ਕੇਸ ਮਿਲੇ ਹਨ ਜਿਨ੍ਹਾਂ ਵਿੱਚੋਂ ਚਾਰ ਗਆਂਗਝੂ ਦੇ ਦੱਖਣੀ ਪੁਨਰ-ਨਿਰਮਾਣ ਕੇਂਦਰ, ਦੋ ਦੱਖਣੀ ਸ਼ਹਿਰ ਚਾਂਗਸ਼ਾ ਅਤੇ ਇੱਕ ਤਿਆਨਜਿਨ ਦੀ ਉੱਤਰੀ ਬੰਦਰਗਾਹ ਵਿੱਚ ਹਨ।

ਸ਼ਿਆਨ ਸ਼ਾਂਕਸੀ ਪ੍ਰਾਂਤ ਦੀ ਰਾਜਧਾਨੀ ਹੈ ਜਿੱਥੇ ਅੱਜ ਲਾਗ ਫੈਲਣ ਦੇ 63 ਨਵੇਂ ਮਾਮਲੇ ਆਏ ਹਨ, ਜਿਸ ਤੋਂ ਬਾਅਦ ਸ਼ਹਿਰ ਵਿੱਚ ਲਾਗ ਦੇ ਮਾਮਲੇ ਵਧ ਕੇ 211 ਹੋ ਗਏ ਹਨ। ਸਰਕਾਰੀ ਮੀਡੀਆ ਮੁਤਾਬਕ ਅਧਿਕਾਰੀਆਂ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਘਰਾਂ ’ਚ ਰਹਿਣ ਦਾ ਹੁਕਮ ਦਿੱਤਾ ਹੈ ਜਦਕਿ ਉਨ੍ਹਾਂ ਦਾ ਘਰੋਂ ਨਿਕਲਣਾ ਜ਼ਰੂਰੀ ਨਾ ਹੋਵੇ। ਖ਼ਾਸ ਮਾਮਲਿਆਂ ਤੋਂ ਇਲਾਵਾ ਸ਼ਹਿਰ ਤੋਂ ਆਉਣ-ਜਾਣ ਵਾਲੇ ਆਵਾਜਾਈ ਦੇ ਸਾਰੇ ਸਾਧਨ ਬੰਦ ਕਰ ਦਿੱਤੇ ਗਏ ਹਨ। ਹੁਕਮ ’ਚ ਕਿਹਾ ਗਿਆ ਹੈ ਕਿ ਹਰ ਘਰ ਦੇ ਇੱਕ ਵਿਅਕਤੀ ਨੂੰ ਹਰ ਦੋ ਦਿਨ ਵਿੱਚ ਘਰੇਲੂ ਜ਼ਰੂਰਤ ਦਾ ਸਾਮਾਨ ਖ਼ਰੀਦਣ ਲਈ ਬਾਹਰ ਜਾਣ ਦੀ ਆਗਿਆ ਦਿੱਤੀ ਜਾਵੇਗੀ। ਹੁਕਮ ਬੁੱਧਵਾਰ ਅੱਧੀ ਰਾਤ ਤੋਂ ਲਾਗੂ ਹੋਇਆ ਹੈ, ਇਸ ਨੂੰ ਕਦੋਂ ਹਟਾਇਆ ਜਾਵੇਗਾ, ਅਜੇ ਇਸ ਸਬੰਧੀ ਕੁਝ ਨਹੀਂ ਦੱਸਿਆ ਗਿਆ। ਦੱਸਣਯੋਗ ਹੈ ਕਿ ਚੀਨ ਵਿੱਚ ਕੋਵਿਡ -19 ਦੇ ਕੁੱਲ 1,00,644 ਮਾਮਲੇ ਮਿਲੇ ਹਨ ਤੇ ਇਸ ਮਹਾਮਾਰੀ ਕਾਰਨ 4,636 ਲੋਕਾਂ ਦੀ ਮੌਤ ਹੋ ਚੁੱਕੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਮੂਲ ਦਾ ਜੋੜਾ ਕੋਵਿਡ ਲੋਨ ਯੋਜਨਾ ’ਚ ਧੋਖਾਧੜੀ ਦਾ ਦੋਸ਼ੀ ਕਰਾਰ
Next articleਕਾਟੋ ਕਲੇਸ਼ ਜਾਰੀ ਹੈ