(ਸਮਾਜ ਵੀਕਲੀ)– ਧਰਮ ਸਾਨੂੰ ਜਿਉਣਾ ਸਿਖਾਉਦਾ ਹੈ। ਜਿਸ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਹਰ ਧਰਮ ਹਰ ਪ੍ਰਾਣੀ ਲਈ ਚੰਗੇ ਅਤੇ ਮਾਡ਼ੇ ਕਾਰਜ ਨੂੰ ਸਮਝਾ ਕੇ ਮਨੁੱਖੀ ਹਿੱਤਾ ਨੂੰ ਸੁਚੱਜੇ ਢੰਗ ਨਾਲ ਜਿੰਦਗੀ ਦੀ ਬੇਹਤਰੀ ਲਈ ਮੀਲ ਪੱਥਰ ਸਾਬਤ ਹੁੰਦਾ ਹੈ। ਹਰ ਧਰਮ ਦਾ ਆਪਣਾ ਰਾਹ ਹੋ ਸਕਦਾ ਹੈ, ਪਰ ਸਭ ਦਾ ਮਕਸਦ ਸਰਬੱਤ ਦਾ ਭਲਾ ਹੁੰਦਾ ਹੈ। ਪਰ ਪੰਜਾਬ ਅੰਦਰ ਪਿਛਲੇ ਕੁਝ ਸਮੇ ਤੋ ਧਾਰਮਿਕ ਗ੍ਰੰਥਾਂ ਦੀ ਹੋ ਰਹੀ ਬੇਅਦਬੀ ਨੇ ਸਾਡੇ ਸਮਾਜ ਨੂੰ ਵੰਡਣ ਦੀ ਕੋਸ਼ਿਸ ਨਾਲ ਸਾਡੇ ਮਨਾ ਨੂੰ ਝੰਜੋਡ਼ ਕੇ ਰੱਖ ਦਿੱਤਾ ਹੈ। ਬੇਅਦਬੀ ਕਾਂਡਾ ਨੇ ਸਮਾਜ ਅੰਦਰ ਬੇਰੁੱਖੀ ਜੀਵਨ ਸ਼ੈਲੀ ਨੂੰ ਜਨਮ ਦਿੱਤਾ ਹੈ। ਬੇਅਦਬੀ ਕਾਂਡਾ ਦੀ ਸਰਕਾਰ ਅਤੇ ਉੱਚ ਧਾਰਮਿਕ ਸੰਸਥਾਵਾਂ ਵੋਲੋ ਘੋਖ ਕਰ ਰਹੀਆਂ ਹਨ ।
ਜਿਸ ਬੇਅਦਬੀ ਸੁਰਾ ਦੀ ਗੱਲ ਕਰਨ ਜਾ ਰਹੇ ਹਾ, ਕਿਧਰੇ ਨਾ ਕਿਧਰੇ ਉਸ ਦੇ ਅਸੀ ਸਭ ਭਾਗੀਦਾਰ ਹਾਂ, ਇਹ ਵਿਵਹਾਰ ਵੀ ਬੇਅਦਬੀ ਕਾਂਡਾ ਤੋਂ ਘੱਟ ਨਹੀ ਹਨ। ਸਮਾਜ ਅੰਦਰ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਹੋਣ ਕਰਕੇ ਸਮਾਜਿਕ ਜੀਵਨ ਦੇ ਮੋਹ ਪਿਆਰ ਨੂੰ ਅਣਜੰਮੇ ਬੋਟ ਵਾਗ ਅਧੂਰਾਂ ਕਰ ਦੇਦੀ ਹੈ। ਸਾਡੇ ਸਮਾਜ ਦੇ ਸਮਾਜਿਕ ਜੀਵਨ ਅੰਦਰ ਰੀਤੀ ਰਿਵਾਜ ਆਪਣੇ ਆਪਣੇ ਧਾਰਮਿਕ ਗ੍ਰੰਥ ਦੀ ਓਟ ਲੈ ਕੇ ਸ਼ੁਰੂ ਕੀਤੇ ਜਾਦੇ ਹਨ, ਵਧੀਆ ਸੋਚ ਦਾ ਪ੍ਰਤੀਕ ਹੈ,ਪਰ ਘਰ ਵਿੱਚ ਇੱਕ ਕਮਰੇ ਵਿੱਚ ਪਾਠ ਪੂਜਾ ਹੋ ਰਹੀ ਹੁੰਦੀ ਹੈ, ਦੂਜੇ ਪਾਸੇ ਘਰ ਵਿੱਚ ਨਸ਼ੀਲੇ ਪਦਾਰਥ, ਮਾਸ ਪੱਕ ਰਹੇ ਹੁੰਦੇ ਹਨ, ਗੁਰੂ ਦੇ ਸ਼ਬਦਾ ਦੀ ਮਿਠਾਸ, ਡੀ. ਜੇ. ਦੇ ਨਿਚਾਰ ਵਿੱਚ ਗੁਆਚ ਜਾਦੀ ਹੈ, ਖੁਸ਼ੀ ਗਮੀ ਵਾਲੇ ਰੀਤੀ ਰਿਵਾਜ ਦੇ ਕਾਰਡ, ਮਠਿਆਈ ਦੇ ਡੱਬੇ ਪੋਸਟਰ, ਅਤੇ ਧਾਰਮਿਕ ਫਲੈਕਸ ਬੋਰਡਾ ਉੱਪਰ ਧਰਮ ਗ੍ਰੰਥਾਂ ਵਿੱਚੋ ਸ਼ਬਦ ਲੈ ਕੇ ਲਿਖਦੇ ਹਾ, ਪਰ ਕਾਰਜ ਸਮਾਪਤ ਹੋਣ ਨਾਲ ਇਹਨਾ ਦੀ ਬੇਅਦਬੀ ਹੋਣੀ ਸ਼ੁਰੂ ਹੋ ਜਾਦੀ ਹੈ, ਗਲੀਆਂ, ਨਾਲੀਆਂ, ਕੂਡ਼ੇ ਦੇ ਢੇਰ ਆਦਿ ਵਿੱਚ ਰੁਲਦੇ ਹੋਏ ਦੇਖੇ ਜਾ ਸਕਦੇ ਹਨ, ਕੀ ਇਹ ਸਾਡੇ ਧਰਮ ਗ੍ਰੰਥ ਦੀ ਬੇਅਦਬੀ ਨਹੀ ਹੈ। ਕਿਸੇ ਵੀ ਧਰਮ ਗੁਰੂ ਦੇ ਦਿਹਾਂਡ਼ੇ ਤੇ ਸਮਾਚਾਰ ਪੱਤਰਾਂ ਵਿੱਚ ਉਸ ਧਰਮ ਦੇ ਬਾਰੇ ਲਿਖਿਆਂ ਜਾਦਾ ਹੈ, ਜੋ ਧਰਮ ਪ੍ਰਚਾਰ ਦਾ ਅਹਿਮ ਹਿੱਸਾ ਵੀ ਹੈ, ਪਰ ਕੁਝ ਸਮੇ ਬਾਅਦ ਸਮਾਚਾਰ ਪੱਤਰ ਵਿੱਚ ਕੀ ਕੀ ਲਪੇਟਿਆਂ ਜਾਦਾ ਹੈ, ਉਹਨਾਂ ਬਾਰੇ ਚਾਨਣਾਂ ਪਾਉਣਾ ਵੀ ਠੀਕ ਨਹੀ ਹੈ, ਅਸੀ ਸਾਰੇ ਭਲੀ-ਭਾਤ ਜਾਣੂ ਆ। ਸਕੂਲਾਂ, ਕਾਲਜਾਂ ਆਦਿ ਦੀਆ ਬਾਹਰੀ ਦਿਵਾਰਾਂ ਉੱਪਰ ਗੁਰਬਾਣੀ ਦੀਆ ਤੁਕਾਂ ਲਿਖਦੇ ਹਾ, ਪਰ ਸ਼ਰਾਰਤੀ ਅਨਸਰ ਅੱਖਰਾਂ ਦੀ ਬਣਾਵਟ ਨੂੰ ਵਿਗਾਡ਼ ਕੇ ਬੇਢੰਗਾਂ ਅਰਥ ਕੱਢ ਦੇਦੇ ਹਨ, ਜਿਸ ਨੂੰ ਪਡ਼ ਕੇ ਅਸੀ ਹਲਕੀ ਜਿਹੀ ਮੁਸਕਾਨ ਜਰੂਰ ਦੇਦੇ ਹਾ, ਕੀ ਇਹ ਧਰਮ ਗ੍ਰੰਥਾਂ ਵਿੱਚੋ ਲਏ ਸ਼ਬਦਾਂ ਦੀ ਵਿਗਾਡ਼ੀ ਬਣਾਵਟ ਬੇਅਦਬੀ ਨਹੀ ਹੈ, ਇਸ ਬੇਅਦਬੀ ਦਾ ਮੌਕਾ ਅਸੀ ਸ਼ਰਾਰਤੀ ਅਨਸਰਾਂ ਨੂੰ ਖੁੱਦ ਦਿੰਦੇ ਹਾ, ਸਹੀ ਸੰਦੇਸ਼ ਜਾਣ ਦੀ ਬਜਾਏ ਗਲਤ ਪ੍ਰਭਾਵ ਪੈਦਾ ਹੈ। ਇਸੇ ਪ੍ਰਕਾਰ ਅਸੀ ਆਵਾਜਾਈ ਦੇ ਸਾਧਨਾਂ ਤੇ ਬਡ਼ੇ ਚਾਵਾਂ ਨਾਲ ਧਾਰਮਿਕ ਸ਼ਬਦਾਂ ਤੇ ਚਿੰਨਾਂ ਦੀ ਵਰਤੋ ਕਰਦੇ ਹਾਂ, ਕੁਝ ਸਮੇ ਬਾਅਦ ਇਹ ਧਾਰਮਿਕ ਸ਼ਬਦਾਂ ਵਿੱਚ ਵੀ ਫੇਰ ਬਦਲ ਕਰਦੇ ਹਾਂ ਅਤੇ ਚਿੰਨ ਘੱਟੇ ਮਿੱਟੀ ਅਤੇ ਹੋਰ ਵੀ ਘਣੋਨੇ ਕਾਰਜਾਂ ਦੀ ਭੇਟ ਚਡ਼ਦੇ ਹਨ, ਠੀਕ ਇਹ ਸਾਡਾ ਧਰਮ ਪ੍ਰਚਾਰ ਕਰਦੇ ਹਨ, ਪਰ ਧਰਮ ਦਾ ਨਿਰਾਦਰ ਵੀ ਹੁੰਦਾ ਹੈ ।
ਧਰਮ ਪ੍ਰਚਾਰ ਕਰਨ ਵਾਲੇ ਬਹੁਤ ਵੱਧ ਰਹੇ ਹਨ, ਧਰਮ ਪ੍ਰਚਾਰ ਸੰਭਾਲਣ ਵਾਲੇ ਘੱਟ ਰਹੇ ਹਨ। ਅੱਜ ਦੇ ਦੌਰ ਵਿੱਚ ਇੱਕ ਹੋਰ ਰੁਝਾਨ ਬਹੁਤ ਵੱਧ ਰਿਹਾਂ ਗਿਆ ਹੈ, ਜਿਸ ਨੇ ਪੰਜਾਬੀਆਂ ਦੀ ਸ਼ਾਨ ਨੂੰ ਵੀ ਗਹਿਰਾਂ ਧੱਕਾ ਲੱਗਿਆਂ ਹੈ, ਜਿਸ ਦਾ ਕਾਰਨ ਵਿਦੇਸ਼ਾ ਵਿੱਚ ਜਾਣ ਦੀ ਹੋਡ਼ ਵਿੱਚ ਅਸੀ ਆਪਣੇ ਧਰਮ ਗ੍ਰੰਥਾਂ ਦੀ ਖੁੱਲ ਦਿਲੀ ਨਾਲ ਬੇਅਦਬੀ ਕਰ ਰਹੇ ਹਾਂ, ਉਹ ਵੀ ਸ਼ਰੇਆਮ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਕਲੀ ਵਿਆਹ ਦੇ ਕਾਰਜ ਕਰਾਂ ਰਹੇ ਹਾਂ, ਭੈਣ ਭਰਾ ਦਾ ਵਿਆਹ,ਪਿਉ ਪੁੱਤ ਸਾਢੂ ਬਣ ਰਹੇ ਹਨ, ਬੁੱਢੇ ਵਿਅਕਤੀ ਨਾਲ ਜਵਾਨ ਧੀਆ ਦੇ ਕਾਰਜ ਧਰਮ ਗ੍ਰੰਥਾਂ ਦੀ ਹਜ਼ੂਰੀ ਵਿੱਚ ਕਰ ਰਹੇ ਹਾ, ਇਸ ਤੋ ਵੱਡੀ ਬੇਅਦਬੀ ਕਿਹਡ਼ੀ ਹੋ ਸਕਦੀ ਹੈ, ਲੱਗਦਾ ਪੰਜਾਬੀਆਂ ਦਾ ਜ਼ਮੀਰ ਮਰ ਰਿਹਾ ਹੈ। ਹੁਣ ਤਾ ਰਿਸ਼ਤਾ ਕਰਨ ਸਮੇ ਸਾਡੇ ਧਾਰਮਿਕ ਸਥਾਨਾਂ ਤੇ ਮੁੰਡਾ-ਕੁਡ਼ੀ ਆਪਸ ਵਿੱਚ ਪਸੰਦ ਕਰਨ ਲਈ ਦਿਖਾਏ ਜਾਦੇ ਹਨ, ਜੋ ਸਾਡੇ ਗੁਰੂਆਂ ਦੇ ਹੁਕਮ ਮੁਤਾਬਕ ਉਲਟ ਹੈ, ਕੀ ਇਹ ਸਾਡੇ ਧਾਰਮਿਕ ਸਥਾਨਾਂ ਦੀ ਬੇਅਦਬੀ ਨਹੀ ਹੈ। ਸਿੱਖ ਧਰਮ ਵਿੱਚ ਵੱਖਰੀ ਪਹਿਚਾਣ ਲਈ ਪੰਜ ਕਕਾਰ ਬਖਸ਼ੇ ਸਨ, ਜਿਨਾਂ ਵਿੱਚੋ ਕਡ਼ਾਂ ਹਰੇਕ ਸਿੱਖ ਪਰਿਵਾਰ ਨਾਲ ਸੰਬੰਧਿਤ ਵਿਅਕਤੀ ਹੱਥ ਵਿੱਚ ਪਹਿਣ ਕੇ ਰੱਖਦਾਂ ਹੈ, ਜੋ ਸਾਡੀ ਸਿੱਖ ਪਹਿਚਾਣ ਨੂੰ ਦਰਸਾਉਦਾਂ ਹੈ, ਪਰ ਜਦੋ ਅਸੀ ਉਸ ਕਡ਼ੇ ਨਾਲ ਸ਼ਰਾਬ, ਬੀਅਰ, ਦੀਆਂ ਬੋਤਲਾਂ ਦੇ ਡੱਟ ਬਡ਼ੇ ਖੁਸ਼ ਹੋ ਕੇ ਖੋਲਦੇ ਹਾਂ, ਕੀ ਬੇਅਦਬੀ ਦਾ ਹਿੱਸਾਂ ਨਹੀ ਹੈ। ਅੱਜ ਕੱਲ ਨੋਜਵਾਨ ਡੋਲੇ ਹੱਥਾਂ, ਬਾਹਵਾਂ ਤੇ ਆਪਣੇ ਆਪਣੇ ਸ਼ੋਕ ਦੇ ਤੋਰ ਤੇ ਧਾਰਮਿਕ ਚਿੰਨ ਖੰਡਾਂ, ਇੱਕਕੁ ਉਕਾਰ,, ਆਦਿ ਦੇ ਟੈਟੂ ਬਣਾਉਦੇ ਹਨ, ਜਦੋ ਇਹਨਾਂ ਹੱਥਾਂ ਵਿੱਚ ਸ਼ਰਾਬ ਅਤੇ ਕਬਾਬ ਹੁੰਦਾ ਅਤੇ ਗਾਣਿਆਂ ਦੇ ਫਲੋਰ ਤੇ ਅਸ਼ਸ਼ਲੀਲਤਾਂ ਭਰੀਆਂ ਵੀਡਿਉ ਬਣ ਰਹੀਆ ਹੁੰਦੀਆ ਹਨ, ਕੀ ਇਹ ਅੱਖੀ ਡਿੱਠੀ ਬੇਅਦਬੀ ਨਹੀ ਹੈ। ਅੱਜ ਕੱਲ ਰਾਜਨੀਤਕ ਪਾਰਟੀਆ ਵੋਟਾਂ ਹਾਸਲ ਕਰਨ ਲਈ ਧਰਮ ਗ੍ਰੰਥਾਂ ਦੀ ਝੂਠੀਆਂ ਸੋਹਾਂ ਚੁੱਕ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆ ਹਨ, ਇਸ ਤੋ ਵੱਡੀ ਅੱਖੀ ਡਿੱਠੀ ਬੇਅਦਬੀ ਹੋਰ ਕੋਈ ਨਹੀ ਹੋ ਸਕਦੀ ਹੈ। ਜਦੋ ਤੋ ਧਰਮ ਗ੍ਰੰਥਾਂ ਨੂੰ ਆਪਣੇ ਮਤਲਬ ਲਈ ਵਰਤਣਾਂ ਸ਼ੁਰੂ ਕੀਤਾਂ ਹੈ, ਉਸ ਸਮੇ ਤੋ ਕੁਦਰਤੀ ਹੀ ਸਾਡਾ ਸਮਾਜ ਹਨੇਰੇ ਦੀ ਦਲਦਲ ਵਿੱਚ ਧੱਸਦਾ ਜਾ ਰਿਹਾ ਹੈ।
ਨਿਰਾਦਰ ਤਾ ਨਿਰਾਦਰ ਹੈ, ਉਹ ਚਾਹੇ ਸਿੱਧੇ ਰੂਪ ਵਿੱਚ ਹੋਵੇ ਜਾ ਅਸਿੱਧੇ ਰੂਪ ਵਿੱਚ, ਧਰਮ ਗ੍ਰੰਥ ਦਾ ਹੋਵੇ ਚਾਹੇ ਧਰਮ ਗ੍ਰੰਥ ਵਿੱਚੋ ਲਏ ਸ਼ਬਦਾਂ ਦਾ ਜਾ ਧਰਮ ਦੇ ਚਿੰਨਾਂ ਦਾ ਹੋਵੇ । ਹਰ ਧਰਮ ਗ੍ਰੰਥ ਦੀ ਸੁੱਝਜੀ ਸੰਭਾਲ ਅਤੇ ਧਰਮ ਦੇ ਅਸੂਲਾਂ ਨੂੰ ਜਿਉਦਾਂ ਰੱਖਣ ਲਈ ਸਖਤ ਅਸੂਲਾਂ ਦੀ ਲੋਡ਼ ਹੈ। ਇਸ ਲਈ ਨੋਜਵਾਨ ਅਤੇ ਸਮਾਜ ਨੂੰ ਸੁਚੇਤ ਕਰਨ ਲਈ ਧਰਮ ਦੀ ਉੱਚ ਸੰਸਥਾਵਾਂ ਨੂੰ ਢੁੱਕਵੇ ਉਪਰਾਲੇ ਕਰਨੇ ਚਾਹੀਦੇ ਹਨ। ਜਿਸ ਨਾਲ ਹਰ ਧਰਮ ਦਾ ਹਰ ਵਰਗ ਸਾਫ-ਸੁੱਥਰੀ ਧਾਰਮਿਕ ਸ਼ਖਸੀਅਤ ਵਾਲੀ ਜਿੰਦਗੀ ਨੂੰ ਬਤੀਤ ਕਰ ਸਕੀਏ।
ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ
ਜਿਲਾ ਫਾਜ਼ਿਲਕਾਂ
99887 66013
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly