ਯੂਪੀ ਤੇ ਯੋਗੀ ਬਹੁਤ ਨੇ ਉਪਯੋਗੀ: ਮੋਦੀ

ਸ਼ਾਹਜਹਾਂਪੁਰ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਮਾਫ਼ੀਆ ਨੂੰ ਖ਼ਤਮ ਕਰਨ ਅਤੇ ਸੂਬੇ ’ਚ ਵਿਕਾਸ ਕਾਰਜਾਂ ਲਈ ਉਨ੍ਹਾਂ ਦੇ ਸੋਹਲੇ ਗਾਉਂਦਿਆਂ ਅੱਜ ਕਿਹਾ ਕਿ ਯੂਪੀ ਅਤੇ ਯੋਗੀ ਬਹੁਤ ਉਪਯੋਗੀ (ਉੱਤਰ ਪ੍ਰਦੇਸ਼ ਜਮ੍ਹਾਂ ਯੋਗੀ) ਹਨ। ਸ੍ਰੀ ਮੋਦੀ ਨੇ ਕਿਹਾ ਕਿ ਪਹਿਲਾਂ ਅਮਨ ਅਤੇ ਕਾਨੂੰਨ ਦੀ ਮਾੜੀ ਹਾਲਤ ਹੋਣ ਕਾਰਨ ਯੂਪੀ ਤੋਂ ਬਹੁਤ ਸਾਰੇ ਲੋਕ ਦੂਜੀਆਂ ਥਾਵਾਂ ’ਤੇ ਚਲੇ ਜਾਂਦੇ ਸਨ ਪਰ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਮਾਫ਼ੀਆ ਦੀਆਂ ਗੈਰਕਾਨੂੰਨੀ ਸੰਪਤੀਆਂ ’ਤੇ ਬੁਲਡੋਜ਼ਰ ਚਲਾ ਦਿੱਤੇ ਗਏ ਹਨ ਜਿਸ ਨਾਲ ਉਨ੍ਹਾਂ ਨੂੰ ਸ਼ਹਿ ਦੇਣ ਵਾਲਿਆਂ ਨੂੰ ਦਰਦ ਹੋ ਰਿਹਾ ਹੈ। ‘ਆਜ ਜਬ ਮਾਫ਼ੀਆ ਪਰ ਬੁਲਡੋਜ਼ਰ ਚਲਤਾ ਹੈ, ਬੁਲਡੋਜ਼ਰ ਤੋ ਗੈਰਕਾਨੂੰਨੀ ਇਮਾਰਤ ਪਰ ਚਲਤਾ ਹੈ ਪਰ ਦਰਦ ਉਸਕੋ ਪਾਲਨੇ-ਪੋਸਨੇ ਵਾਲੇ ਕੋ ਹੋਤਾ ਹੈ।’

ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਇਸ ਜ਼ਿਲ੍ਹੇ ’ਚ 594 ਕਿਲੋਮੀਟਰ ਲੰਬੇ ਗੰਗਾ ਐਕਸਪ੍ਰੈੱਸਵੇਅ ਦਾ ਨੀਂਹ ਪੱਥਰ ਰੱਖਣ ਮਗਰੋਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਸਮੇਂ ਸੂਰਜ ਛਿਪਦੇ ਸਾਰ ਹੀ ਸੜਕਾਂ ’ਤੇ ‘ਕੱਟੇ’ ਲਹਿਰਾਏ ਜਾਂਦੇ ਸਨ ਪਰ ਆਦਿੱਤਿਆਨਾਥ ਸਰਕਾਰ ਨੇ ‘ਕੱਟੇ ਦੇ ਸੱਭਿਆਚਾਰ’ ਨੂੰ ਖ਼ਤਮ ਕਰ ਦਿੱਤਾ ਹੈ। ਡਬਲ ਇੰਜਣ ਸਰਕਾਰ ਦੇ ਫਾਇਦੇ ਦੱਸਦਿਆਂ ਉਨ੍ਹਾਂ ਕਿਹਾ,‘‘ਪੰਜ ਸਾਲ ਪਹਿਲਾਂ ਤੱਕ ਕੁਝ ਇਲਾਕਿਆਂ ਨੂੰ ਛੱਡ ਕੇ ਬਾਕੀ ਸ਼ਹਿਰਾਂ ਅਤੇ ਪਿੰਡਾਂ ’ਚ ਬਿਜਲੀ ਨਹੀਂ ਮਿਲਦੀ ਸੀ। ਡਬਲ ਇੰਜਣ ਸਰਕਾਰ ਨੇ ਨਾ ਸਿਰਫ਼ 80 ਲੱਖ ਬਿਜਲੀ ਕੁਨੈਕਸ਼ਨ ਮੁਫ਼ਤ ਦਿੱਤੇ ਸਗੋਂ ਹਰੇਕ ਜ਼ਿਲ੍ਹੇ ਨੂੰ ਪਹਿਲਾਂ ਨਾਲੋਂ ਜ਼ਿਆਦਾ ਬਿਜਲੀ ਮਿਲ ਰਹੀ ਹੈ।’’

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਪੱਛੜਿਆਂ ਜਾਂ ਸਮਾਜ ’ਚ ਪਿੱਛੇ ਰਹਿ ਗਏ ਲੋਕਾਂ ਨੂੰ ਮਜ਼ਬੂਤ ਬਣਾਉਣ ਲਈ ਤਰਜੀਹ ਦੇ ਰਹੀ ਹੈ ਤਾਂ ਜੋ ਵਿਕਾਸ ਦੇ ਫਾਇਦੇ ਉਨ੍ਹਾਂ ਤੱਕ ਪਹੁੰਚ ਸਕਣ। ਉਨ੍ਹਾਂ ਕਿਹਾ ਕਿ ਗੰਨੇ ਦਾ ਐੱਮਐੱਸਪੀ ਦੇਣ ’ਚ ਯੂਪੀ ਮੋਹਰੀ ਰਿਹਾ ਹੈ। ਉਨ੍ਹਾਂ ਆਪਣੇ ਭਾਸ਼ਨ ਦੌਰਾਨ ਸੁਤੰਤਰਤਾ ਸੈਨਾਨੀਆਂ ਰਾਮ ਪ੍ਰਸਾਦ ਬਿਸਮਿਲ, ਅਸ਼ਫਾਕ-ਉੱਲ੍ਹਾ-ਖ਼ਾਨ ਅਤੇ ਠਾਕੁਰ ਰੌਸ਼ਨ ਸਿੰਘ ਦਾ ਵੀ ਜ਼ਿਕਰ ਕੀਤਾ ਜੋ ਸ਼ਾਹਜਹਾਂਪੁਰ ਨਾਲ ਜੁੜੇ ਹੋਏ ਸਨ। ਛੇ-ਮਾਰਗੀ ਗੰਗਾ ਐਕਸਪ੍ਰੈੱਸਵੇਅ ’ਤੇ 36,230 ਕਰੋੜ ਰੁਪਏ ਦੀ ਲਾਗਤ ਆਵੇਗੀ ਜਿਸ ਦੇ ਬਣਨ ਨਾਲ ਸਨਅਤਾਂ, ਵਪਾਰ, ਖੇਤੀਬਾੜੀ ਅਤੇ ਸੈਰ ਸਪਾਟੇ ਸਮੇਤ ਹੋਰ ਖੇਤਰਾਂ ਨੂੰ ਹੁਲਾਰਾ ਮਿਲੇਗਾ। ਇਸ ਦੌਰਾਨ ਮੋਦੀ ਦੀ ਰੈਲੀ ਵੱਲ ਜਾ ਰਹੇ ਸਮਾਜਵਾਦੀ ਪਾਰਟੀ ਦੇ ਕਰੀਬ 70 ਵਰਕਰਾਂ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ। ਉਂਜ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਕਰੀਬ 600 ਵਰਕਰਾਂ ਨੂੰ ਪੁਲੀਸ ਨੇ ਥਾਣੇ ’ਚ ਡੱਕਿਆ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਖਿਲੇਸ਼ ਵੱਲੋਂ ਲਖੀਮਪੁਰ ਹਿੰਸਾ ਦੀ ਜੱਲ੍ਹਿਆਂਵਾਲਾ ਬਾਗ ਕਾਂਡ ਨਾਲ ਤੁਲਨਾ
Next articleਯੋਗੀ ਯੂਪੀ ਲਈ ‘ਅਣ-ਉਪਯੋਗੀ’: ਅਖਿਲੇਸ਼