ਅੰਮ੍ਰਿਤਸਰ (ਸਮਾਜ ਵੀਕਲੀ): ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਸ਼ਾਦ ਇਕ ਸਿਗਰਟ ਦੇ ਪੈਕੇਟ ਵਾਲੇ ਲਿਫਾਫੇ ਵਿੱਚ ਪੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ ਸਿੱਖ ਜਥੇਬੰਦੀਆਂ ਨੇ ਸਖਤ ਵਿਰੋਧ ਕੀਤਾ ਹੈ। ਇਸ ਸਬੰਧੀ ਇਕ ਵੀਡਿਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਗੁਰਦੁਆਰੇ ਦੇ ਪ੍ਰਸ਼ਾਦ ਲਈ ਬਣਾਏ ਗਏ ਪੈਕੇਟ ਦਾ ਬਾਹਰੀ ਹਿੱਸਾ ਕੁਝ ਹੋਰ ਹੈ ਅਤੇ ਉਸ ਦੇ ਅੰਦਰਲੇ ਪਾਸੇ ਸਿਗਰਟ ਦੇ ਪੈਕੇਟ ਦਾ ਕਾਗਜ਼ ਲੱਗਾ ਹੋਇਆ ਹੈ। ਇਹ ਸਿਗਰਟ ਗੋਲਡ ਸਟਰੀਟ ਇੰਟਰਨੈਸ਼ਨਲ ਨਾਂ ਦੀ ਹੈ। ਪੈਕੇਟ ਦੇ ਬਾਹਰ ਗੁਰਦੁਆਰਾ ਨਨਕਾਣਾ ਸਾਹਿਬ ਦੀ ਤਸਵੀਰ ਹੈ, ਜਿਸ ਉਪਰ 550 ਸਾਲਾ ਪ੍ਰਕਾਸ਼ ਪੁਰਬ ਅਤੇ ਪ੍ਰਸ਼ਾਦ ਲਿਖਿਆ ਹੋਇਆ ਹੈ। ਇਸ ਪੈਕੇਟ ਦੇ ਦੂਜੇ ਪਾਸੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਤਸਵੀਰ ਹੈ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਮਿਰ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ। ਉਨ੍ਹਾਂ ਕਿਹਾ ਕਿ ਇਹ ਕਿਸੇ ਸ਼ਰਾਰਤੀ ਵਿਅਕਤੀ ਦੀ ਸ਼ਰਾਰਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰੇ ਦੇ ਪ੍ਰਸ਼ਾਦ ਲਈ ਵਰਤੇ ਜਾਂਦੇ ਪੈਕੇਟ ਦਾ ਅੰਦਰਲਾ ਪਾਸਾ ਖਾਲੀ ਹੁੰਦਾ ਹੈ, ਉਸ ’ਤੇ ਕੁਝ ਵੀ ਛਪਿਆ ਨਹੀਂ ਹੁੰਦਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸਖਤ ਵਿਰੋਧ ਕਰਦਿਆਂ ਇਸ ਨੂੰ ਮੰਦਭਾਗਾ ਆਖਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly