ਰੂਪਨਗਰ (ਸਮਾਜ ਵੀਕਲੀ): ਪੰਜਾਬ ਸਰਕਾਰ ਵੱਲੋਂ 5.50 ਰੁਪਏ ਫੁੱਟ ਰੇਤਾ ਮਿਲਣ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਰੂਪਨਗਰ ਜ਼ਿਲ੍ਹੇ ਦੇ ਕਰੱਸ਼ਰ ਮਾਲਕ ਵੀ ਮੰਨਣ ਤੋਂ ਇਨਕਾਰੀ ਹਨ। ਇਸ ਸਬੰਧੀ ਅੱਜ ਜਟਾਣਾ ਸਟੋਨ ਕਰੱਸ਼ਿੰਗ ਯੂਨਿਟ, ਸਰਸਾ ਨੰਗਲ ਦੇ ਮਾਲਕ ਬਚਿੱਤਰ ਸਿੰਘ ਜਟਾਣਾ ਨੇ ਕਰੱਸ਼ਰ ਮਾਲਕਾਂ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਸੌਂਪੇ ਗਏ ਮੰਗ ਪੱਤਰ ਅਤੇ ਨਵੀਂ ਖਣਨ ਨੀਤੀ ਦੀਆਂ ਕਾਪੀਆਂ ਦਿਖਾਉਂਦਿਆਂ ਦੋਸ਼ ਲਗਾਇਆ ਕਿ ਜ਼ਿਲ੍ਹਾ ਰੂਪਨਗਰ ਦੇ ਖਣਨ ਠੇਕੇਦਾਰ ਨਵੀਂ ਨੀਤੀ ਮੁਤਾਬਕ ਤੈਅਸ਼ੁਦਾ ਰੇਟਾਂ ਅਨੁਸਾਰ ਗਰੈਵਲ ਮੁਹੱਈਆ ਨਹੀਂ ਕਰਵਾ ਰਹੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 9 ਨਵੰਬਰ 2021 ਨੂੰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਨਵੀਂ ‘ਸੈਂਡ ਐਂਡ ਗਰੈਵਲ ਮਾਈਨਿੰਗ ਪਾਲਿਸੀ 2021’ ਪ੍ਰਵਾਨ ਕੀਤੀ ਗਈ, ਜਿਹੜੀ ਕਿ 11 ਨਵੰਬਰ 2021 ਤੋਂ ਲਾਗੂ ਹੋ ਗਈ ਸੀ।
ਉਨ੍ਹਾਂ ਦੱਸਿਆ ਕਿ ਨਵੀਂ ਨੀਤੀ ਅਨੁਸਾਰ ਮਾਈਨਿੰਗ ਠੇਕੇਦਾਰ ਵੱਲੋਂ ਖਣਨ ਵਾਲੀਆਂ ਥਾਵਾਂ ਤੋਂ ਕਰੱਸ਼ਰ ਮਾਲਕਾਂ ਨੂੰ ਗਰੈਵਲ ਅਤੇ ਆਮ ਜਨਤਾ ਨੂੰ ਰੇਤਾ 5.50 ਰੁਪਏ ਫੁੱਟ ਵਿੱਚ ਮੁਹੱਈਆ ਕਰਵਾਇਆ ਜਾਣਾ ਸੀ, ਪਰ ਜ਼ਿਲ੍ਹਾ ਰੂਪਨਗਰ ਦੇ ਖਣਨ ਠੇਕੇਦਾਰ ਗਰੈਵਲ ਦੇ ਪ੍ਰਤੀ ਕਿਊਬਿਕ ਫੁੱਟ 5.50 ਰੁਪਏ ਦੀ ਬਜਾਇ 9 ਰੁਪਏ ਮੰਗ ਰਹੇ ਹਨ। ਸ੍ਰੀ ਜਟਾਣਾ ਨੇ ਦੋਸ਼ ਲਗਾਇਆ ਕਿ ਜ਼ਿਲ੍ਹਾ ਮਾਈਨਿੰਗ ਅਧਿਕਾਰੀ ਵੀ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹਨ ਅਤੇ ਉਨ੍ਹਾਂ ਵੱਲੋਂ ਵੀ 9 ਰੁਪਏ ਦੇ ਹਿਸਾਬ ਨਾਲ ਹੀ ਗਰੈਵਲ ਖਰੀਦਣ ਲਈ ਦਬਾਅ ਪਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕਰੱਸ਼ਰ ਯੂਨੀਅਨ ਜ਼ਿਲ੍ਹਾ ਰੂਪਨਗਰ ਵੱਲੋਂ ਡੀਸੀ ਰੂਪਨਗਰ ਨੂੰ 30 ਨਵੰਬਰ ਨੂੰ ਲਿਖਤੀ ਮੰਗ ਪੱਤਰ ਸੌਂਪ ਕੇ ਨਵੀਂ ਪਾਲਿਸੀ ਅਨੁਸਾਰ ਮਾਈਨਿੰਗ ਠੇਕੇਦਾਰਾਂ ਕੋਲੋਂ 5.50 ਰੁਪਏ ਦੇ ਰੇਟ ’ਤੇ ਗਰੈਵਲ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਸੀ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਉੱਧਰ, ਜ਼ਿਲ੍ਹਾ ਰੂਪਨਗਰ ’ਚ ਮਾਈਨਿੰਗ ਠੇਕੇਦਾਰ ਰਾਕੇਸ਼ ਚੌਧਰੀ ਦਾ ਸਾਰਾ ਕੰਮ ਦੇਖਦੇ ਸ੍ਰੀ ਗੁਪਤਾ ਨੇ ਦਾਅਵਾ ਕੀਤਾ ਕਿ ਉਹ ਜ਼ਿਲ੍ਹੇ ’ਚ ਸਾਰੀਆਂ ਸਾਈਟਾਂ ’ਤੇ ਰੇਤਾ ਤੇ ਗਰੈਵਲ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਵੇਚ ਰਹੇ ਹਨ ਅਤੇ ਕਰੱਸ਼ਰ ਮਾਲਕਾਂ ਦੇ ਦੋਸ਼ ਝੂਠੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly