ਹਾਸ਼ੀਆਗਤ ਲੋਕਾਂ ਦਾ ਦਰਦ

ਬੁੱਧ ਸਿੰਘ ਨੀਲੋਂ

ਗਿਆ ਰਾਜਾ, ਆਈ ਪਰਜਾ !

(ਸਮਾਜਵੀਕਲੀ) – ਇਹ ਸਦੀਆਂ ਤੋਂ ਚੱਲਦਾ ਆ ਰਿਹਾ ਸੀ ਕਿ ਰਾਜੇ ਦਾ ਪੁੱਤ ਹੀ ਰਾਜਾ ਬਣਦਾ ਸੀ । ਦੇਸ਼ ਦੀ ਪਰਜਾ ਸਦਾ ਹੀ ਰਾਜੇ ਦੀ ਗੁਲਾਮ ਬਣੀ ਰਹਿੰਦੀ ਸੀ। ਜਿਹਨਾਂ ਨੇ ਦੇਸ਼ ਦੇ ਨਾਲ ਗਦਾਰੀਆਂ ਕੀਤੀਆਂ ਉਹ ਹੁਣ ਰਾਜੇ ਬਣ ਕਿ ਬਹਿ ਗਏ ਹਨ। ਜਿਹਨਾਂ ਨੇ ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਮੁਕਤੀ ਦਵਾਈ ਉਹ ” ਵਿਚਾਰੇ ਤੇ ਦਲਿਤ ” ਬਣਾ ਦਿੱਤੇ । ਇਤਿਹਾਸ ਦੇ ਵਿੱਚ ਗਦਾਰਾਂ ਦਾ ਵੀ ਜ਼ਿਕਰ ਹੈ ਤੇ ਯੋਧਿਆਂ ਦਾ ਵੀ ਪਰ ਹੁਣ ਸਮਾਂ ਬਦਲਿਆ ਹੈ। ਹਾਸ਼ੀਅਗਤ ਲੋਕਾਂ ਨੂੰ ਇਹ ਨਵੀਂ ਕਿਸਮ ਦਾ ਬਦਲਾਅ ਚਰਨਜੀਤ ਸਿੰਘ ਚੰਨੀ ਦੇ ਰੂਪ ਵਿੱਚ ਨਜ਼ਰ ਆਇਆ ਹੈ ਤੇ ਭਵਿੱਖ ਵਿੱਚ ਦਿਖਦਾ ਹੈ। ਚੰਨੀ ਨੇ ਆਪਣੇ ਵੱਲੋਂ ਹੁਣ ਤੱਕ ਕੀਤੇ ਗਏ ਸੰਘਰਸ਼ ਦਾ ਕੱਚਾ ਚਿੱਠਾ ਵੀ ਲੋਕਾਂ ਦੇ ਅੱਗੇ ਰੱਖਿਆ ਹੈ ” ਕਿ ਉਸਨੇ ਬਹੁਤ ਸਾਰੇ ਪਾਪੜ ਵੇਲੇ ਹਨ।” ਮਿਹਨਤ ਕਰਨੀ ਕਿਰਤੀ ਦਾ ਲੋੜ ਹੈ। ਕਿਰਤੀ ਦੇ ਕੋਲ ਕਿਹੜਾ ਗਦਾਰੀ ਦੇ ਮਿਲੇ ਗਏ ਮੁਰੱਬੇ ਹੁੰਦੇ ਹਨ। ਕਦੇ ਕਿਸੇ ਮੁੱਖ ਮੰਤਰੀ ਨੇ ਆਪਣਾ ਪਿਛੋਕੜ ਨਹੀਂ ਦੱਸਿਆ । ਬਾਦਲ ਕਿਆ ਨੇ ਤੇ ਰਾਜੇ ਕਿਆ ਨੇ ਜਿਹਨਾਂ ਦੇ ਪੁਰਖਿਆਂ ਨੇ ਦੇਸ਼ ਨਾਲ ਗਦਾਰੀਆਂ ਕੀਤੀਆਂ ਤੇ ਆਪਣੀਆਂ ਝੋਲੀਆਂ ਭਰੀਆਂ । ਇਤਿਹਾਸ ਦੇ ਵਿੱਚ ਇਹਨਾਂ ਦੀਆਂ ਕੀਤੀਆਂ ਕਾਲੀਆਂ ਕਰਤੂਤਾਂ ਦਾ ਵਰਨਣ ਮਿਲਦਾ ਹੈ। ਹੁਣ ਵੀ ਦੋਵੇਂ ਰਲ ਕੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕਰਨ ਦੀਆਂ ਸਾਜਿਸ਼ਾਂ ਰਚ ਰਹੇ ਹਨ।
ਪੰਜਾਬ ਦੀ ਸਿਆਸਤ ਦੇ ਵਿੱਚ ਪਿਛਲੇ ਸਮਿਆਂ ਵਿੱਚ ਵੱਡੇ ਪੱਧਰ ਉਤੇ ਬਦਲਾਅ ਆਇਆ ਹੈ । ਹੁਣ ” ਆਇਆ ਰਾਮ, ਤੇ ਗਿਆ ਰਾਮ ” ਹੋਇਆ । ਹੁਣ ਪੰਜਾਬ ਦੀ ਵਾਂਗ ਡੋਰ ਕਿਰਤੀ ਦੇ ਹੱਥ ਆਈ ਹੈ। ਜਿਵੇਂ ਦੁਨੀਆਂ ਦੇ ਵਿੱਚ ਹਰ ਤਰ੍ਹਾਂ ਦੀ ਅਜ਼ਾਦੀ ਦੇ ਲਈ ਸੰਘਰਸ਼ ਚੱਲ ਰਹੇ ਹਨ । ਉਹ ਭਾਵੇਂ ਮਨੁੱਖੀ ਅਧਿਕਾਰਾਂ ਦੀ ਬਹਾਲੀ ਤੋਂ ਲੈ ਕੇ ਸਿਹਤ, ਸਿੱਖਿਆ, ਰੁਜ਼ਗਾਰ , ਮਾਂ ਬੋਲੀ , ਨਾਰੀ ਦੇ ਅਧਿਕਾਰ, ਸਮਾਜਿਕ ਸੁਰੱਖਿਆ ਤੇ ਬੋਲਣ ਦੀ ਆਜ਼ਾਦੀ ਦੇ ਲਈ ਸੰਘਰਸ਼ ਹੋ ਰਹੇ ਹਨ। ਪੰਜਾਬ ਦੀ ਬਹੁਗਿਣਤੀ ਜਿਹੜੀ ਹਾਸ਼ੀਆਗਤ ਹੈ। ਦਲਿਤ ਤੇ ਓ.ਬੀ.ਸੀ. ਤੇ ਹੋਰ ਜਨ ਜਾਤੀਆਂ ਹਨ। ਉਹਨਾਂ ਦੇ ਲਈ ਚਰਨਜੀਤ ਸਿੰਘ ਚੰਨੀ ਇਕ ਨਾਇਕ ਬਣ ਕੇ ਉਭਰਿਆ ਹੈ ਤੇ ਇਹ ਲੋਕ ਉਸਨੂੰ ਨੂੰ ਆਪਣਾ ਨਾਇਕ ਚਾਹੁੰਦੇ ਹਨ । ਇਹ ਜੋ ਨਵੀਂ ਕਿਸਮ ਦਾ ਬਦਲਾਅ ਆਇਆ ਇਸਦੇ ਪਿੱਛੋਂ ਉਹ ” ਸਮਾਜਿਕ , ਧਾਰਮਿਕ , ਰਾਜਨੀਤਿਕ ਤੇ ਆਰਥਿਕ ਤਸ਼ੱਦਤ ਤੇ ਹਰ ਤਰ੍ਹਾਂ ਦੀ ਨਾ ਬਰਾਬਰੀ ਦੇ ਵਿੱਚੋ ਉਭਰਿਆ ਜਵਾਰਭਾਟਾ ਹੈ । ਸੱਚ ਉਹ ਹੁੰਦਾ ਹੈ ਜੋ ਸਿਰ ਚੜ੍ਹ ਕੇ ਬੋਲੇ।
ਸਿਆਸਤ ਦੇ ਵਿੱਚ ਕਿਸੇ ਦਾ ਕੋਈ ਪੱਕਾ ਪਤਾ ਨਹੀਂ ਹੁੰਦਾ

। ਉਨ੍ਹਾਂ ਦੀ ਹਾਲਤ ਉਨ੍ਹਾਂ ਟੱਪਰੀ ਵਾਸੀਆਂ ਵਰਗੀ ਹੁੰਦੀ ਹੈ ਜਿਹਨਾਂ ਦਾ ਦਿਨ ਕਿਤੇ ਬੀਤਦਾ ਤੇ ਰਾਤ ਉਹ ਕਿਤੇ ਹੋਰ ਗੁਜਾਰਦੇ ਹਨ। ਸਿਆਸਤ ਦੇ ਵਿੱਚ ਤਾਂ ਇਹ ਹਾਲਤ ਹਰ ਵੇਲੇ ਬਣੀ ਰਹਿੰਦੀ ਹੈ । ਕੌਣ ਕਿਸ ਨੂੰ ਠਿੱਬੀ ਲਾ ਕੇ ਚਲਾ ਜਾਵੇ ਤੇ ਕੋਈ ਆ ਜਾਵੇ। ਪੌੜੀ ਲਾ ਕੇ ਚਾੜ੍ਹਨ ਵਾਲੇ ਪੌੜੀ ਚੱਕਣ ਲੱਗਿਆਂ ਵੀ ਦੇਰ ਨਹੀਂ ਲਗਾਉਦੇ । ਇਸ ਸਮੇਂ ਦੇਸ਼ ਸਿਆਸਤ ਦੀ ਦਸ਼ਾ ਤੇ ਦਿਸ਼ਾਹੀਣ ਬਣ ਰਹੀ ਹੈ। ਲੁੱਟਮਾਰ ਦੀ ਰਾਜਨੀਤੀ ਨੇ ਹੁਣ ਹਿੰਸਕ ਰੂਪ ਧਾਰ ਲਿਆ ਹੈ। ਗਿਰਗਟ ਵਾਂਗੂੰ ਰੰਗ ਬਦਲਦੇ ਸਿਆਸੀ ਆਗੂਆਂ ਦਾ ਪਤਾ ਨਹੀਂ ਲੱਗਦਾ ਕਿ ਜਿਹੜਾ ਰੰਗ ਤੁਹਾਨੂੰ ਉਸਦਾ ਦਿਖ ਰਿਹਾ ਹੈ, ਉਹ ਅਸਲੀ ਹੈ ਕਿ ਉਸ ਦੇ ਉਪਰ ” ਰਾਜ ਨਹੀਂ , ਸੇਵਾ ” ਦਾ ਮੁਲੰਮਾ ਹੀ ਚੜਿਆ ਹੋਇਆ ਹੈ। ਸਿਆਸੀ ਲੋਕਾਂ ਦੇ ਉਪਰ ਭਰੋਸਾ ਕਰਨ ਵਾਲੇ ਭੋਲੇ ਭਾਲੇ ਲੋਕਾਂ ਨੂੰ ਆਪਣੀ ਲੁੱਟਮਾਰ ਕਰਵਾਉਣ ਤੋਂ ਬਾਅਦ ਵੀ ਉਹਨਾਂ ਦੇ ਉਪਰ ਭੋਰਾ ਭਰ ਸ਼ੱਕ ਨਹੀਂ ਹੁੰਦੀ ਕਿ ‘ ਸਾਧ ਦੇ ਭੇਸ ਵਿੱਚ ਇਹ ਚੋਰ ਹੈ”। ਹੁਣ ਹਰ ਚੋਰ ਕਦੇ ਵੀ ਨਹੀਂ ਆਖਦਾ ਕਿ ਉਹ ” ਚੋਰ ਹੈ “। ਹੁਣ ਧਰਤੀ ਦੇ ਉਪਰ ਕਿਹੜਾ ਮਨੁੱਖ ਹੈ ਜਿਹੜਾ ਆਪਣੀ ਹਿੱਕ ਉਪਰ ਹੱਥ ਰੱਖ ਕੇ ਕਹੇ ਮੈਂ ਚੋਰ ਨਹੀਂ ਸਾਧ ਹਾਂ !

ਸਾਧ ਬਣ ਜਾਣਾ ਸੌਖਾ ਨਹੀਂ ਹੁੰਦਾ । ਸਾਧ ਬਨਣ ਲਈ ਬਹੁਤ ਤਪੱਸਿਆ ਤੇ ਸਾਧਨਾ ਕਰਨੀ ਪੈਦੀ ਹੈ। ਤਨ ਤੇ ਮਨ ਦੇ ਵਿੱਚਕਾਰ ਉਗੇ ” ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ” ਦੀਆਂ ਕੰਡਿਆਲੀਆਂ ਸੂਲਾਂ ਨੂੰ ਮਾਰਨਾ ਪੈਦਾ । ਬਿਨ ਮਰਿਆ ਸੁਰਗ ਨਹੀਂ ਨਹੀਂ ਦੇਖਿਆ ਜਾ ਸਕਦਾ । ਸੁਰਗ ਗਿਆ ਮਨੁੱਖ ਆ ਕੇ ਕਦੇ ਇਹ ਨਹੀਂ ਦੱਸ ਸਕਿਆ ਕਿ ਉਹ ਕਿਹੋ ਜਿਹਾ ਹੈ? ਨਰਕ ਤੇ ਸਵਰਗ ਦਾ ਡਰ ਉਹਨਾਂ ਪੁਜਾਰੀ ਵਰਗ ਨੇ ਬਣਾਇਆ ਹੋਇਆ ਹੈ । ਜਿਹਨਾਂ ਦੀ ਕਹਿਨੀ ਤੇ ਕਥਨੀ ਵਿੱਚ ਫਰਕ ਹੈ। ਇਹ ਫਰਕ ਸਾਨੂੰ ਨਹੀਂ ਦਿਖਦਾ ਕਿਉਂਕਿ ਸਾਡੀਆਂ ਅੱਖਾਂ ਦੇ ਉਪਰ ਆਸਥਾ ਤੇ ਸ਼ਰਧਾ ਦੀ ਕਾਲੀ ਪੱਟੀ ਬੰਨੀ ਹੋਈ ਹੈ। ਜਿਵੇਂ ਸਾਉਣ ਦੇ ਹਰ ਪਾਸੇ ਹਰਿਆਲੀ ਹੀ ਨਜ਼ਰ ਆਉਦੀ ਹੈ। ਸਿਆਸਤ ਦੇ ਵਿੱਚ ਅੱਖਾਂ ਦੇ ਉਪਰ ਚਸ਼ਮਾ ਲੋਕਾਂ ਨੇ ਇਸ ਕਰਕੇ ਲਾਇਆ ਹੁੰਦਾ ਹੈ ਕਿ ਉਨ੍ਹਾਂ ਨੂੰ ਉਸਦਾ ਅਸਲੀ ਰੂਪ ਨਾ ਦਿਖ ਜਾਵੇ । ਜਿਹੜਾ ਮਨੁੱਖ ਕਿਸੇ ਦੀਆਂ ਅੱਖਾਂ ਪੜ੍ਹ ਜਾਵੇ ਉਹ ਕਦੇ ਧੋਖਾ ਨਹੀਂ ਖਾ ਸਕਦਾ । ਅੱਖਾਂ ਦੇ ਮਨੁੱਖ ਦਾ ਅੰਦਰਲਾ ਸੰਸਾਰ ਦੇਖਿਆ ਜਾ ਸਕਦਾ ਹੈ ਪਰ ਸਿਆਸਤ ਦੇ ਵਿੱਚ ਅੰਦਰ ਤੇ ਬਾਹਰ ਦੀ ਦੁਨੀਆਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਸਿਆਸੀ ਲੋਕਾਂ ਦੀ ਕਹਿਨੀ ਤੇ ਕਥਨੀ ਵਿੱਚ ਸਦਾ ਹੀ ਅੰਤਰ ਹੁੰਦਾ ਹੈ। ਤੁਸੀਂ ਆਪਣੇ ਆਪ ਜਿੰਨ੍ਹਾਂ ਮਰਜ਼ੀ ਇਮਾਨਦਾਰ ਕਹੋ ਕਿ ” ਮੈਂ ਤਾਂ ਇਮਾਨਦਾਰੀ ਦੇ ਨਾਲ ਸੇਵਾ ਕਰਾਂਗਾ !”” ਜਦ ਉਸਦੀ ਇਹ ਇਮਾਨਦਾਰੀ ਦੂਜਿਆਂ ਨੂੰ ਨਾ ਦਿਖੇ ਤਾਂ ਉਦੋਂ ਤੱਕ ਉਸਦੇ ਉਪਰ ਭਰੋਸਾ ਨਹੀਂ ਹੁੰਦਾ । ਅਸੀਂ ਦੂਜਿਆਂ ਦੀਆਂ ਗੱਲਾਂ ਵਿੱਚ ਆ ਕੇ ਹੀ ਧੋਖਾ ਖਾਂਦੇ ਹਾਂ । ਜਿਹੜਾ ਬੰਦਾ ਬਹੁਤਾ ਝੁਕਦਾ ਹੈ, ਉਹ ਅਸਲੀ ਨਹੀਂ ਨਕਲੀ ਹੁੰਦਾ ਹੈ। ਇਸਦਾ ਸੱਚ ਗੁਰਬਾਣੀ ਦੇ ਵਿੱਚ ਦਰਜ ਹੈ।

ਪਰ ਅਸੀਂ ਤਾਂ ਬਾਣੀ ਨੂੰ ਮੰਨਦੇ ਹੀ ਨਹੀਂ ਸਗੋਂ ਅਸੀਂ ਤਾਂ ਸਿਰਫ ਮੱਥਾ ਟੇਕਦੇ ਹਾਂ । ਸਿਰ ਵੀ ਅਸੀਂ ਗੁਰਬਾਣੀ ਦੇ ਅੱਗੇ ਇਸ ਲਈ ਝੁਕਾਉਦੇ ਹਾਂ ਕਿ ਸਾਡੇ ਹੱਥ ਵਸ ਕੁੱਝ ਨਹੀਂ ਹੁੰਦਾ । ਜਦ ਬੇਗਾਨੇ ਹੱਥ ਖੇਤੀ ਹੁੰਦੀ ਹੈ ਫੇਰ ਬੱਤੀਆਂ ਦੇ ਬਹਾਤਰ ਵੀ ਬਣਦੇ ਹਨ। ਤਗੜੇ ਦਾ ਸੱਤੀ ਵੀਹੀ ਸੌ ਹੁੰਦਾ ਹੈ।

ਹੁਣ ਪੰਜਾਬ ਦੀਆਂ ਚੋਣਾਂ ਦੇ ਬੱਦਲ ਮੰਡਰਾ ਰਹੇ ਹਨ। ਕਾਲੀਆਂ ਘਟਾਵਾਂ ਚੜ੍ਹ ਚੜ੍ਹ ਕੇ ਆਉਦੀਆਂ ਹਨ। ਹਰ ਸਿਆਸਤਦਾਨ ਮਦਾਰੀ ਵਾਂਗੂੰ ਮਜਮਾਂ ਲਗਾ ਕੇ ਵੋਟਰਾਂ ਨੂੰ ” ਮੁਫਤ ਦੀਆਂ ਟੌਫੀਆਂ ਤੇ ਦਾਲ ਚੌਲ ਵੰਡ ਰਿਹਾ ਹੈ। ਪੰਜਾਬ ਨੂੰ ਲੁੱਟਣ ਵਾਲਿਆਂ ਦੇ ਵਿੱਚ ਹੁਣ ਕੋਈ ਬਾਹਰਲਾ ਨਹੀਂ ਸਗੋਂ ਆਪਣੇ ਹੀ ਹਨ। ਸਾਡੇ ਤਨ ਦੇ ਮਨ ਵਿੱਚ ਪਾੜ ਪੈ ਗਿਆ ਜੋ ਹਜੇ ਤੱਕ ਭਰਿਆ ਨਹੀ । ਅਸੀਂ ਮਾਣ ਤਾਂ ਕਰਦੇ ਕਿ “ਅਸੀਂ ਗੁਰੂ ਨਾਨਕ ਦੇ ਵਾਰਿਸ ਹਾਂ , ਅਸੀਂ ਕਾਬਲ ਕੰਧਾਰ ਤੱਕ ਮੱਲਾਂ ਮਾਰੀਆਂ ਨੇ!” ਇਹ ਤਾਂ ਇਤਿਹਾਸ ਹੈ ਪਰ ਹੁਣ ਅਸੀਂ ਕੀ ਕਰ ਰਹੇ ਹਾਂ ? ਅਸੀਂ ਲੁੱਟਮਾਰ ਕਰਨ ਵਾਲਿਆਂ ਦੇ ਮਗਰ ਲੱਗ ਕੇ ਉਨ੍ਹਾਂ ਦੀ ਪ੍ਰਕਰਮਾਂ ਕਰਦੇ ਹਾਂ ।
ਸਿਆਸੀ ਲੋਕਾਂ ਦਾ ਕੋਈ ਦੀਨ ਧਰਮ ਨਹੀਂ । ਸ਼ਰਮ ਉਨ੍ਹਾਂ ਲਾਹ ਕੇ ਕੀਲੀ ਟੰਗੀ ਹੋਈ ਹੈ। ਇਹਨਾਂ ਸਿਆਸੀ ਆਗੂਆਂ ਦੀ ਆਪਸ ਵਿੱਚ ਕੁੜਮਾਂਚਾਰੀ ਹੈ। ਇਹ ਸਾਰੇ ਆਪ ਇਕ ਹਨ ਤੇ ਲੋਕਾਂ ਨੂੰ ਵੱਖ-ਵੱਖ ਪਾਰਟੀਆਂ ਦੇ ਵਿੱਚ ਵੰਡ ਕੇ ਲੁੱਟ ਰਹੇ ਹਨ। ਅਸੀਂ ਸਭ ਕੁੱਝ ਪਤਾ ਹੋਣ ਦੇ ਬਾਵਜੂਦ ਵੀ ਚੁਪ ਹਾਂ ।

ਸਿਆਸਤ ਦੇ ਵਿੱਚ” ਆਇਆ ਰਾਮ ਤੇ ਗਿਆ ਰਾਮ ” ਹਮੇਸ਼ਾ ਹੀ ਚੱਲਦਾ ਰਹਿੰਦਾ ਹੈ।
ਹੁਣ ਪੰਜਾਬ ਦੇ ਵਿੱਚ ਜਿਹੜਾ ਬਦਲਾ ਹੋਇਆ ਹੈ , ਇਸਨੇ ਨਵੀਂ ਚੇਤਨਾ ਪੈਦਾ ਕਰਨੀ ਹੈ। ਪੰਜਾਬ ਦੇ ਵਿੱਚ ਦੱਬੇ ਕੁੱਚਲੇ ਉਨ੍ਹਾਂ ਲੋਕਾਂ ਨੂੰ ਸਮਾਜਿਕ ਸੁਰੱਖਿਆ ਮਿਲਣ ਦੀ ਆਸ ਬੱਝੀ ਹੈ। ਪੰਜਾਬ ਦੇ ਵਿੱਚ ਪਿਛਲੇ ਸਮਿਆਂ ਵਿੱਚ ਉਨ੍ਹਾਂ ਲੋਕਾਂ ਦੀ ਧਰਮ, ਸਮਾਜ, ਆਰਥਿਕ ਤੇ ਰਾਜਨੀਤੀ ਦੇ ਉਪਰ ਕਬਜ਼ਾ ਰਿਹਾ ਹੈ। ਅਸੀਂ ਇਹ ਤਾਂ ਕਹਿ ਰਹੇ ਕਿ ਪੰਜਾਬ ਦੇ ਵਿੱਚ ਜਾਤਪਾਤ ਨਹੀਂ ।
ਜਦ ਪੰਜਾਬ ਦੇ ਵਿੱਚ ਗਿਆਨੀ ਜ਼ੈਲ ਸਿੰਘ ਨੂੰ ਕਾਂਗਰਸ ਹਾਈਕਮਾਂਡ ਨੇ ਮੁੱਖ ਮੰਤਰੀ ਬਣਾਇਆ ਸੀ ਤਾਂ ਉਨ੍ਹਾਂ ਦਿਨਾਂ ਵਿੱਚ ਕਾਂਗਰਸ ਦੇ ਵਿੱਚ ਹੁਣ ਵਰਗਾ ਕਾਟੋ ਕਲੇਸ਼ ਚੱਲਦਾ ਸੀ। ਜਿਸ ਦਿਨ ਮੁੱਖ ਮੰਤਰੀ ਦਾ ਏਲਾਨ ਹੋਣਾ ਸੀ ਤਾਂ ਗੰਨਾ ਪਿੰਡ ਵਾਲੇ ਖੋਜੀ ਪੱਤਰਕਾਰ ਦਲਬੀਰ ਸਿੰਘ ਨੇ ਗਿਆਨੀ ਜੀ ਨੂੰ ਕਿਹਾ ਕਿ ” ਕਾਂਗਰਸ ਦੇ ਵਿੱਚ ਤਾਂ ਜੱਟ ਜੱਟ ਹੋਈ ਪਈ ਹੈ ਤੁਹਾਨੂੰ ਕਿਸ ਨੇ ਪੁੱਛਣਾ ਹੈ ?” ਗਿਆਨੀ ਜੀ ਨੇ ਦਲਬੀਰ ਸਿੰਘ ਦੀ ਗੱਲ ਸੁਣ ਕੇ ਦਿੱਲੀ ਨੂੰ ਚਾਲੇ ਪਾ ਦਿੱਤੇ ਤੇ ਉਪਰੋ ਏਲਾਨ ਹੋਇਆ ਕਿ ਪੰਜਾਬ ਦਾ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਹੋਵੇਗਾ । ਜਦ ਉਹ ਮੁੱਖ ਮੰਤਰੀ ਬਣੇ ਤਾਂ ਉਹਨਾਂ ਪੱਤਰਕਾਰ ਦਲਬੀਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਸੀ ਕਿ ” ਦਲਬੀਰ ਸਿੰਘ ਤੇਰੀ ਕੰਨਸ਼ੋਅ ਨੇ ਮੈਨੂੰ ਮੁੱਖ ਮੰਤਰੀ ਬਣਾਇਆ, ਨਹੀਂ ਮੈਂ ਵੀ ਜੱਟਾਂ ਦੀ ਸੇਪੀ ਕਰਦਾ ਰਹਿੰਦਾ ।

ਹੁਣ ਇਕ ਵਾਰ ਫੇਰ ਕਾਂਗਰਸ ਨੇ ਪੰਜਾਬ ਦੇ ਅੰਦਰ ਹਲਚਲ ਮਚਾ ਦਿੱਤੀ ।ਜਦ ਦਾ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਤਾਂ ਅਖੌਤੀ ਸਵਰਨ ਵਰਗ ਨੂੰ ਹਜ਼ਮ ਕਰਨਾ ਮੁਸ਼ਕਿਲ ਹੋਇਆ ਪਿਆ ਹੈ। ਪੰਜਾਬ ਦੇ ਵਿੱਚ ਦਲਿਤ ਦਾ ਮੁੱਦਾ ਵੱਡੇ ਪੱਧਰ ਉਤੇ ਉਭਾਰਿਆ ਗਿਆ ਪਰ ਉਨ੍ਹਾਂ ਦੀ ਗੱਲ ਨੂੰ ਜਦ ਦੁਨੀਆਂ ਦੇ ਲੋਕਾਂ ਨੇ ਨਿਕਾਰਿਆ ਤਾਂ ਸਿੱਖ ਧਰਮ ਦੇ ਉਪਰ ਕਾਬਜ਼ ਧਿਰ ਨੂੰ ਜਵਾਬ ਦੇਣਾ ਮੁਸ਼ਕਿਲ ਹੋਇਆ । ਹੁਣ ਪੰਜਾਬ ਦੇ ਲੋਕਾਂ ਦੇ ਅੰਦਰ ਨਵੀਂ ਚੇਤਨਾ ਦੀ ਲਹਿਰ ਬਣ ਰਹੀ ਹੈ। ਜਿਸਨੇ ਇਨ੍ਹਾਂ ਸਿਆਸੀ ਪਾਰਟੀਆਂ ਨੂੰ ਨਿਕਾਰਿਆ ਹੈ। ਪੰਜਾਬ ਦੇ ਵਿੱਚ ਹੁਣ ‘ ਪੰਥ ਨੂੰ ਖਤਰਾ ” ਦੱਸ ਕੇ ਰਾਜ ਕਰਨ ਵਾਲਿਆਂ ਨੂੰ ਪਾਰਟੀ ਬਦਲਣ ਲਈ ਮਜਬੂਰ ਕਰ ਦਿੱਤਾ ਹੈ। ਪੰਜਾਬ ਦੇ ਅੰਦਰ ਭਾਵੇਂ ਹੁਣ ਆਪੇ ਬਣੇ ਸਿਆਸੀ ਆਗੂ ਹੁਣ ਮੰਡੀ ਦਾ ਮਾਲ ਬਣ ਕੇ ਵਿਕ ਨਹੀਂ ਸਗੋਂ ਆਪਣੀ ਚਮੜੀ ਬਚਾਉਣ ਦੇ ਲਈ ਸੱਤਾਧਾਰੀ ਪਾਰਟੀ ਦੀ ਸ਼ਰਨ ਲੈ ਰਹੇ ਹਨ। ਅਗਲੇ ਦਿਨਾਂ ਦੇ ਵਿੱਚ ਕੀ ਹੁੰਦਾ ਹੈ ? ਬਹੁਤ ਦਿਲਚਸਪ ਹੋਵੇਗਾ । ਹੁਣ ਆਇਆ ਰਾਮ ਤੇ ਗਿਆ ਰਾਮ ਦਾ ਵਰਤਾਰਾ ਚੋਣਾਂ ਤੱਕ ਤੇ ਬਾਅਦ ਦੇ ਵਿੱਚ ਜਾਰੀ ਰਹੇਗਾ। ਪਰ ਅਵਾਮ ਬਦਲ ਚਾਹੁੰਦਾ ਹੈ ਪੰਜਾਬ ਹੁਣ ਕੀ ਕਰਵਟ ਲੈਦਾ ਹੈ ? ਕੌਣ ਜਾਣਦਾ ਹੈ ਕਿ ਭਵਿੱਖ ਦੇ ਅੰਦਰ ਕੀ ਛੁਪਿਆ ਹੋਇਆ ਹੈ ਪਰ ਇੱਕ ਗੱਲ ਤੇ ਹੁਣ ਦਿਖ ਰਹੀ ਹੈ ਕਿ ਪੰਜਾਬ ਦਲਿਤ ਵਰਗ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ। ਜਿਹੜਾ ਡਰ ਉਸਦੇ ਅੰਦਰ ਧਰਮ ਦੇ ਠੇਕੇਦਾਰਾਂ ਦੀ ਪਾਰਟੀ ਨੇ ਬਣਾਇਆ ਸੀ ਉਹ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਨਣ ਦੇ ਨਾਲ ਘਟਿਆ ਹੈ। ਇਹ ਵੀ ਇਕ ਨਵੀਂ ਕ੍ਰਾਂਤੀ ਹੈ। ਇਸ ਨਵੀਂ ਕ੍ਰਾਂਤੀ ਨੂੰ ਉਹਨਾਂ ਲੋਕਾਂ ਨੇ ਕਿਵੇਂ ਬਚਾਈ ਰੱਖਣਾ ਹੈ ਜਿਹਨਾਂ ਨੂੰ ਬਾਦਲਕਿਆਂ ਨੇ ਮੰਗਤੇ ਬਣਾ ਦਿੱਤਾ ਸੀ ! ” ਹੁਣ ਗਿਆ ਰਾਜਾ ਤੇ ਆਈ ਪਰਜਾ ” ਨੇ ਨਵੇਂ ਇਤਿਹਾਸ ਦੀ ਸਿਰਜਣਾ ਕੀਤੀ ਹੈ । ਇਸਨੂੰ ਹੁਣ ਬਚਾ ਕੇ ਰੱਖਣਾ ਜਿਉਂਦੇ ਤੇ ਜਾਗਦੇ ਹਾਸ਼ੀਆਗਤ ਯੋਧਿਆਂ ਦੀ ਜੁੰਮੇਵਾਰੀ ਹੈ।

ਬੁੱਧ ਸਿੰਘ ਨੀਲੋੰ
94643 7082

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSDS Gen Rawat, wife, 11 others killed in helicopter crash
Next articleਸਾਨੂੰ ਕੈਬਨਿਟ ਮੰਤਰੀ ਦੇ ਪੁੱਤਰ ਨੇ ਗੁੰਮਰਾਹ ਕਰਕੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ -ਹਰਭਜਨ ਸਿੰਘ /ਬਲਵੀਰ ਸਿੰਘ