ਆਈ.ਕੇ. ਗੁਜ਼ਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਲੋਕ ਭਲਾਈ ਯੋਜਨਾਵਾਂ ਦਾ ਲਿਆ ਜਾਇਜ਼ਾ
ਸਮਾਜ ਨਿਰਮਾਣ ਹਿੱਤ ਪ੍ਰਸ਼ਾਸ਼ਨਿਕ ਅਧਿਕਾਰੀ ਸੰਵਿਧਾਨਕ ਸ਼ਕਤੀਆਂ ਦੀ ਸੁਚੱਜੀ ਵਰਤੋਂ ਕਰਨ-ਰਾਜਪਾਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਸੰਵਿਧਾਨ ਵਲੋਂ ਉਨ੍ਹਾਂ ਨੂੰ ਦਿੱਤੀ ਸ਼ਕਤੀ ਦੀ ਵਰਤੋਂ ਨੈਤਿਕ ਕਦਰਾਂ ਕੀਮਤਾਂ ’ਤੇ ਪਹਿਰਾ ਦਿੰਦੇ ਹੋਏ ਕਰਨ ਅਤੇ ਸਮਾਜ ਭਲਾਈ ਹਿੱਤ ਪੂਰਨ ਤੌਰ ’ਤੇ ਸੰਵਿਧਾਨਕ ਸ਼ਕਤੀਆਂ ਦੀ ਸੁਚੱਜੀ ਵਰਤੋਂ ਕਰਨ। ਉਹ ਅੱਜ ਇੱਥੇ ਕਪੂਰਥਲਾ ਜਿਲ੍ਹੇ ਦੇ ਆਪਣੇ ਪਹਿਲੇ ਦੌਰੇ ’ਤੇ ਆਏ ਸਨ, ਜਿਸ ਦੌਰਾਨ ਉਨ੍ਹਾਂ ਆਈ.ਕੇ. ਗੁਜ਼ਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਜਿਲ੍ਹੇ ਦੇ ਪ੍ਰਸ਼ਾਸ਼ਨਿਕ ਤੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਿਲ੍ਹੇ ਅੰਦਰ ਵਿਕਾਸ ਕੰਮਾਂ ਤੇ ਲੋਕ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ‘ਉਹ ਕੇਂਦਰੀ ਤੇ ਸੂਬਾਈ ਸਰਕਾਰਾਂ ਦੇ ਮੌਜੂਦਾ ਸ੍ਰੋਤਾਂ ਦੀ ਬਿਹਤਰੀਨ ਵਰਤੋਂ ਕਰਨਾ ਯਕੀਨੀ ਬਣਾਉਣ ਦੇ ਨਾਲ-ਨਾਲ ਸਮਾਜਿਕ ਜਿੰਮੇਵਾਰੀ ਨੂੰ ਵਿਸ਼ੇਸ਼ ਮਹੱਤਤਾ ਦੇਣ।
ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨਿਕ ਅਧਿਕਾਰੀ ਬਿਨ੍ਹਾਂ ਕਿਸੇ ਦਬਾਅ ਦੇ ਆਪਣੇ ਫਰਜ਼ ਪੂਰੀ ਤਨਦੇਹੀ ਨਾਲ ਨਿਭਾਉਣ ਜਿਸ ਤਹਿਤ ਉਹ ਕਾਨੂੰਨ ਦੇ ਦਾਇਰੇ ਵਿਚ ਰਹਿੰਦੇ ਹੋਏ ਆਮ ਲੋਕਾਂ ਪ੍ਰਤੀ ਦਇਆ ਭਾਵ ਵਾਲਾ ਰਵੱਈਆ ਅਪਣਾਉਣ। ਰਾਜਪਾਲ ਵਲੋਂ ਡਿਪਟੀ ਕਮਿਸ਼ਨਰ ਤੇ ਹੋਰਨਾਂ ਅਧਿਕਾਰੀਆਂ ਨਾਲ ਜਿਲ੍ਹੇ ਦੇ ਆਰਥਿਕ, ਭੂਗੋਲਿਕ ਤੇ ਸਮਾਜਿਕ ਪੱਖਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਕੇਂਦਰੀ ਯੋਜਨਾਵਾਂ ‘ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ਆਂਗਣਵਾੜੀ, ਪੋਸ਼ਣ ਅਭਿਆਨ ਬਾਰੇ ਜਾਣਕਾਰੀ ਲਈ ਗਈ। ਇਸ ਤੋਂ ਇਲਾਵਾ ਉਨ੍ਹਾਂ ਆਈ.ਕੇ. ਗੁਜ਼ਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਲੋੋਂ ਤਕਨੀਕੀ ਸਿੱਖਿਆ ਦੇ ਪਸਾਰ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਵਿਸ਼ੇਸ਼ ਤੌਰ ’ਤੇ ਉਨ੍ਹਾਂ ਯੂਨੀਵਰਸਿਟੀ ਦੀ ਨੈਕ ਐਕਰੀਡੇਸ਼ਨ ਬਾਰੇ ਜਾਣਕਾਰੀ ਹਾਸਿਲ ਕਰਨ ਵਿਚ ਦਿਲਚਸਪੀ ਦਿਖਾਈ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਤਕਨੀਕੀ ਸਿੱਖਿਆ ਪੰਜਾਬ ਦੇ ਪ੍ਰਮੁੱਖ ਸਕੱਤਰ ਸ਼੍ਰੀ ਰਮੇਸ਼ ਕੁਮਾਰ ਗੰਤਾ ਆਈ.ਏ.ਐਸ., ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ, ਆਈ.ਜੀ. ਜਲੰਧਰ ਰੇਂਜ ਸ਼੍ਰੀ ਜੀ.ਐਸ. ਢਿੱਲੋਂ , ਐਸ.ਐਸ.ਪੀ. ਸ੍ਰੀ ਹਰਕਮਲਪ੍ਰੀਤ ਸਿੰਘ ਖੱਖ, ਯੂਨੀਵਰਸਿਟੀ ਦੇ ਰਜਿਸਟਰਾਰ ਜਸਪ੍ਰੀਤ ਸਿੰਘ ਵਲੋਂ ਰਾਜਪਾਲ ਜੀ ਦਾ ਸਵਾਗਤ ਕੀਤਾ ਗਿਆ। ਪੰਜਾਬ ਪੁਲਿਸ ਦੀ ਇਕ ਟੁਕੜੀ ਤੇ ਪੀ.ਏ.ਪੀ. ਦੇ ਬੈਂਡ ਵਲੋਂ ਰਾਜਪਾਲ, ਪੰਜਾਬ ਨੂੰ ਸਲਾਮੀ ਵੀ ਦਿੱਤੀ ਗਈ। ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਵਲੋਂ ਰਾਜਪਾਲ ਜੀ ਨੂੰ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਪ੍ਰਮੁੱਖ ਸਕੱਤਰ ਟੂ ਗਵਰਨਰ ਪੰਜਾਬ ਸ੍ਰੀ ਜੇ.ਐਮ. ਬਾਲਾਮੂਰਗਨ, ਵਧੀਕ ਡਿਪਟੀ ਕਮਿਸ਼ਨਰ ਜਨਰਲ ਅਦਿਤਿਆ ਉੱਪਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ.ਪੀ.ਆਂਗਰਾ ਤੇ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
ਉੱਪਲ।