ਨਵੀਂ ਦਿੱਲੀ (ਸਮਾਜ ਵੀਕਲੀ) : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਇੱਥੇ ਕਿਹਾ ਕਿ ਇਹ ਜੱਜਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਅਦਾਲਤੀ ਕਮਰਿਆਂ ’ਚ ਆਪਣੀ ਗੱਲ ਕਹਿਣ ਸਮੇਂ ਵੱਧ ਤੋਂ ਵੱਧ ਸਿਆਣਪ ਤੋਂ ਕੰਮ ਲੈਣ। ਸੁਪਰੀਮ ਕੋਰਟ ਵੱਲੋਂ ਕਰਵਾਏ ਗਏ ਸੰਵਿਧਾਨ ਦਿਵਸ ਨੂੰ ਸਮਰਪਿਤ ਸਮਾਗਮ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੋਵਿੰਦ ਨੇ ਕਿਹਾ ਕਿ ਭਾਰਤੀ ਪਰੰਪਰਾ ’ਚ ਜੱਜਾਂ ਦੀ ਕਲਪਨਾ ‘ਸਥਿਤਪ੍ਰਗਯ’ (ਸਥਿਰ ਗਿਆਨ ਵਾਲਾ ਮਨੁੱਖ) ਦੇ ਬਰਾਬਰ ਇਮਾਨਦਾਰ ਤੇ ਆਜ਼ਾਦ ਆਦਰਜ਼ ਵਜੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ, ‘ਸਾਡੇ ਕੋਲ ਅਜਿਹੇ ਜੱਜਾਂ ਦੀ ਵਿਰਾਸਤ ਦਾ ਵੱਡਾ ਇਤਿਹਾਸ ਹੈ ਜੋ ਦੂਰਦ੍ਰਿਸ਼ਟੀ ਨਾਲ ਮੁਕੰਮਲ ਤੇ ਨਿੰਦਾ ਤੋਂ ਦੂਰੀ ਵਾਲੇ ਚਰਿੱਤਰ ਲਈ ਜਾਣੇ ਜਾਂਦੇ ਹਨ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਿਸ਼ੇਸ਼ ਪਛਾਣ ਬਣ ਗਏ ਹਨ।’ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਣ ’ਚ ਖੁਸ਼ੀ ਹੋ ਰਹੀ ਹੈ ਕਿ ਭਾਰਤੀ ਨਿਆਪਾਲਿਕਾ ਇਨ੍ਹਾਂ ਉਚੇਰੇ ਮਾਪਦੰਡਾਂ ਦਾ ਪਾਲਣ ਕਰ ਰਹੀ ਹੈ।
ਉਨ੍ਹਾਂ ਕਿਹਾ, ‘ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਆਪਣੇ ਲਈ ਇੱਕ ਉੱਚ ਪੱਧਰ ਨਿਰਧਾਰਤ ਕੀਤਾ ਹੈ। ਇਸ ਲਈ ਜੱਜਾਂ ਦੀ ਵੀ ਇਹ ਜ਼ਿੰਮੇਵਾਰੀ ਹੈ ਕਿ ਅਦਾਲਤੀ ਕਮਰਿਆਂ ’ਚ ਆਪਣੇ ਬਿਆਨ ਦੇਣ ਸਮੇਂ ਵੱਧ ਤੋਂ ਵੱਧ ਸਿਆਣਪ ਦੀ ਵਰਤੋਂ ਕਰਨ। ਨਾਸਮਝੀ ਵਾਲੀ ਟਿੱਪਣੀ ਭਾਵੇਂ ਚੰਗੇ ਇਰਾਦੇ ਨਾਲ ਕੀਤੀ ਗਈ ਹੋਵੇ, ਨਿਆਂਪਾਲਿਕਾ ਦੇ ਮਹੱਤਵ ਨੂੰ ਘੱਟ ਕਰਨ ਵਾਲੀਆਂ ਸ਼ੱਕੀ ਵਿਆਖਿਆਵਾਂ ਨੂੰ ਥਾਂ ਦਿੰਦੀ ਹੈ।’ ਰਾਸ਼ਟਰਪਤੀ ਨੇ ਆਪਣੇ ਤਰਕ ਦੀ ਹਮਾਇਤ ’ਚ ਡੈਨਿਸ ਬਨਾਮ ਅਮਰੀਕਾ ਮਾਮਲੇ ’ਚ ਅਮਰੀਕੀ ਸੁਪਰੀਮ ਕੋਰਟ ਦੇ ਜੱਜ ਫ਼ਰੈਂਕਫਰਟਰ ਦਾ ਹਵਾਲਾ ਦਿੱਤਾ ਜਿਨ੍ਹਾਂ ਕਿਹਾ ਸੀ ਕਿ ਅਦਾਲਤਾਂ ਨੁਮਾਇੰਦਾ ਸੰਸਥਾ ਨਹੀਂ ਹਨ ਤੇ ਇਹ ਜਮਹੂਰੀ ਸਮਾਜ ਦਾ ਚੰਗਾ ਅਕਸ ਬਣਨ ਲਈ ਡਿਜ਼ਾਈਨ ਨਹੀਂ ਕੀਤੀਆਂ ਗਈਆਂ। ਅਮਰੀਕੀ ਜੱਜ ਦਾ ਹਵਾਲਾ ਦਿੰਦਿਆਂ ਕੋਵਿੰਦ ਨੇ ਕਿਹਾ ਕਿ ਅਦਾਲਤਾਂ ਦਾ ਜ਼ਰੂਰੀ ਗੁਣ ਆਜ਼ਾਦੀ ’ਤੇ ਆਧਾਰਿਤ ਸਥਿਰਤਾ ਹੈ ਤੇ ਇਤਿਹਾਸ ਸਿਖਾਉਂਦਾ ਹੈ ਕਿ ਨਿਆਂਪਾਲਿਕਾ ਦੀ ਆਜ਼ਾਦੀ ਉਸ ਸਮੇਂ ਖਤਰੇ ’ਚ ਪੈ ਜਾਂਦੀ ਹੈ ਜਦੋਂ ਅਦਾਲਤਾਂ ਜਜ਼ਬਾਤ ਸਬੰਧੀ ਜਨੂੰਨ ’ਚ ਉਲਝ ਜਾਂਦੀਆਂ ਹਨ ਤੇ ਮੁਕਾਬਲਾ ਰਾਜਨੀਤੀ, ਆਰਥਿਕ ਤੇ ਸਮਾਜਿਕ ਦਬਾਅ ਵਿਚਾਲੇ ਚੋਣ ਕਰਨ ’ਚ ਮੁੱਢਲੀ ਜ਼ਿੰਮੇਵਾਰੀ ਲੈਣਾ ਸ਼ੁਰੂ ਕਰ ਦਿੰਦੀਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly