ਬੇਈਮਾਨੀ ਦੀ ਕਮਾਈ…….

ਮਨਜੀਤ ਕੌਰ ਲੁਧਿਆਣਵੀ

(ਸਮਾਜ ਵੀਕਲੀ)

ਇੱਕ ਵਾਰ ਇੱਕ ਸੇਠ ਸੀ। ਉਹਦਾ ਵਪਾਰ ਬਹੁਤ ਵਧੀਆ ਚੱਲ ਰਿਹਾ ਸੀ। ਬਹੁਤ ਵਧੀਆ ਕਮਾਈ ਹੋ ਰਹੀ ਸੀ। ਪਰ ਉਸ ਕੋਲ਼ ਸਬਰ ਸੰਤੋਖ ਦੀ ਘਾਟ ਸੀ। ਉਹ ਹੋਰ ਪੈਸੇ ਕਮਾਉਣਾ ਚਾਹੁੰਦਾ ਸੀ। ਉਹਨੇ ਬੇਈਮਾਨੀ ਕਰਨੀ ਸ਼ੁਰੂ ਕਰ ਦਿੱਤੀ। ਹੁਣ ਉਹ ਦਿਨਾਂ ਵਿੱਚ ਹੀ ਅਮੀਰ ਹੋ ਗਿਆ। ਉਸਦੀ ਅਮੀਰੀ ਦੇ ਨਾਲ਼ ਨਾਲ਼ ਉਸਦੀ ਬੇਈਮਾਨੀ ਵੀ ਵੱਧਦੀ ਗਈ। ਉਹ ਹਰ ਕੰਮ ਵਿੱਚ ਬੇਈਮਾਨੀ ਤੇ ਹਰ ਇੱਕ ਨਾਲ਼ ਬੇਈਮਾਨੀ ਕਰਦਾ। ਇਥੋਂ ਤੱਕ ਕਿ ਆਪਣੇ ਨਜ਼ਦੀਕੀਆਂ ਨਾਲ਼ ਵੀ ਬੇਈਮਾਨੀ ਕਰਦਾ ਜੋ ਕਿ ਉਸ ਤੇ ਬਹੁਤ ਭਰੋਸਾ ਕਰਦੇ ਸਨ।

ਜਿਨ੍ਹਾਂ ਖਾਸ ਲੋਕਾਂ ਨੂੰ ਉਸਦੇ ਬੇਈਮਾਨੀ ਵਾਲ਼ੇ ਕੰਮਾਂ ਬਾਰੇ ਪਤਾ ਸੀ ਓਹ ਅਕਸਰ ਉਸਨੂੰ ਸਹੀ ਰਾਹ ‘ਤੇ ਚੱਲਣ ਲਈ ਪ੍ਰੇਰਦੇ ਰਹਿੰਦੇ।
ਪਰ ਉਹ ਹੰਕਾਰ ਵਿੱਚ ਪਾਗ਼ਲ ਹੋ ਚੁੱਕਾ ਸੀ। ਉਹ ਕਿਸੇ ਦੀ ਗੱਲ ਨਹੀਂ ਸੁਣਦਾ ਸੀ ਜਾਂ ਸੁਣ ਕੇ ਅਣਸੁਣੀ ਕਰ ਦਿੰਦਾ ਸੀ ਹੌਲ਼ੀ ਹੌਲ਼ੀ ਉਹਦੀਆਂ ਤਿਜੋ਼ਰੀਆਂ ਪੈਸਿਆਂ ਨਾਲ ਭਰ ਗਈਆਂ। ਬਹੁਤ ਸਾਰੀ ਜ਼ਮੀਨ ਜਾਇਦਾਦ ਵੀ ਖਰੀਦ ਲਈ ਉਸਨੇ। ਐਨਾ ਧੰਨ ਜੋੜ ਲਿਆ ਕਿ ਸੱਤ ਪੀੜ੍ਹੀਆਂ ਬੈਠ ਕੇ ਖਾ ਸਕਦੀਆਂ ਸਨ। ਰੱਬ ਨੇ ਉਸਨੂੰ ਔਲਾਦ ਦਾ ਸੁੱਖ ਵੀ ਖੂਬ ਦਿੱਤਾ ਸੀ। ਇੱਕ ਪਿਆਰੀ ਜਿਹੀ ਧੀ ਅਤੇ ਦੋ ਸੋਹਣੇ ਸੁਨੱਖੇ ਪੁੱਤਰ ਝੋਲ਼ੀ ਪਾਏ ਸਨ।

ਧੀ ਦਾ ਵਿਆਹ ਬਹੁਤ ਧੂਮ ਧਾਮ ਨਾਲ ਕੀਤਾ ਤੇ ਰੱਜਵਾਂ ਦਹੇਜ਼ ਦਿੱਤਾ। ਫ਼ੇਰ ਵੱਡੇ ਮੁੰਡੇ ਦਾ ਵਿਆਹ ਵੀ ਉਸੇ ਤਰ੍ਹਾਂ ਧੂਮ ਧਾਮ ਨਾਲ ਕੀਤਾ। ਪਰ ਵਿਆਹ ਤੋਂ ਕੁੱਝ ਦਿਨ ਬਾਅਦ ਜਦੋਂ ਮੁੰਡਾ ਬਹੂ ਕਿਤੇ ਘੁੰਮਣ ਗਏ ਸਨ ਤਾਂ ਉਨ੍ਹਾਂ ਦੀ ਉੱਥੇ ਹੀ ਇੱਕ ਹਾਦਸੇ ਵਿੱਚ ਮੌਤ ਹੋ ਗਈ।
ਇੱਥੋਂ ਹੀ ਸੋਗ ਦੇ ਦਿਨ ਸ਼ੁਰੂ ਹੋ ਗਏ। ਲੋਕ ਅਫ਼ਸੋਸ ਕਰਨ ਆਉਂਦੇ ਤੇ ਅੰਦਰੋਂ ਅੰਦਰੀਂ ਇਹੀ ਕਹਿੰਦੇ ਕਿ ਸੇਠ ਨੂੰ ਕਰਮਾਂ ਦਾ ਫ਼ਲ ਤਾਂ ਮਿਲਣਾ ਹੀ ਸੀ।

ਹੌਲ਼ੀ ਹੌਲ਼ੀ ਜਿੰਦਗ਼ੀ ਦੁਬਾਰਾ ਲੀਹ ਤੇ ਪੈ ਗਈ। ਸੇਠ ਦੇ ਉਹੀ ਕੰਮ ਜ਼ਾਰੀ ਰਹੇ। ਉਹਨੇ ਹਜ਼ੇ ਵੀ ਬੇਈਮਾਨੀ ਦਾ ਰਾਹ ਨਾ ਛੱਡਿਆ। ਹੁਣ ਛੋਟਾ ਮੁੰਡਾ ਵੀ ਜਵਾਨ ਹੋ ਗਿਆ ਸੀ। ਪਰ ਉਹ ਬੁਰੀ ਸੰਗਤ ਵਿੱਚ ਪੈ ਗਿਆ। ਉਹ ਨਸ਼ਿਆਂ ਦਾ ਆਦੀ ਹੋ ਗਿਆ। ਨਸ਼ਾ ਕਰਕੇ ਉਹ ਮਾਂ ਬਾਪ ਨੂੰ ਗਾਲ਼ਾਂ ਕੱਢਦਾ।ਘਰ ਵਿੱਚ ਹਰ ਵੇਲ਼ੇ ਕਲੇਸ਼ ਰਹਿਣ ਲੱਗ ਪਿਆ। ਇੱਕ ਦਿਨ ਨਸ਼ੇ ਦਾ ਵੱਧ ਸੇਵਨ ਕਰਨ ਕਰਕੇ ਉਹ ਵੀ ਜਹਾਨੋਂ ਤੁਰ ਗਿਆ। ਪਿੱਛੇ ਰਹਿ ਗਿਆ ਬੁੱਢੇ ਸੇਠ ਤੇ ਉਸਦੀ ਪਤਨੀ। ਧੀ ਕਿਤੇ ਦੂਰ ਵਿਆਹੀ ਸੀ ਇਸ ਲਈ ਕਦੇ ਕਦਾਈਂ ਹੀ ਗੇੜਾ ਮਾਰਦੀ ਸੀ।
ਕੁੱਝ ਕੁ ਸਮਾਂ ਬੀਤਿਆ ਸੀ ਕਿ ਸੇਠਾਣੀ ਵੀ ਚੱਲ ਵਸੀ।ਹੁਣ ਸੇਠ ਇਕੱਲਾ ਰਹਿ ਗਿਆ। ਧੀ ਨੇ ਬਹੁਤ ਜ਼ੋਰ ਪਾਇਆ ਕਿ ਤੁਸੀਂ ਮੇਰੇ ਨਾਲ ਚੱਲੋ ਪਰ ਸੇਠ ਨੇ ਸਾਫ਼ ਮਨਾਂ ਕਰ ਦਿੱਤਾ ਕਿ ਇੱਥੇ ਐਡਾ ਭਰਿਆ ਭਰਾਇਆ ਘਰ ਛੱਡ ਕੇ ਕਿਵੇਂ ਚਲਾ ਜਾਵਾਂ!

ਹੁਣ ਉਹ ਨੌਕਰਾਂ ਦੇ ਸਿਰ ਤੇ ਜ਼ਿੰਦਗੀ ਕੱਟ ਰਿਹਾ ਸੀ। ਪਰ ਨੌਕਰਾਂ ਦੀ ਉਸ ਨਾਲ਼ ਕੋਈ ਦਿਲੀ ਸਾਂਝ ਜਾਂ ਕੋਈ ਹਮਦਰਦੀ ਨਹੀਂ ਸੀ ਕਿਉਂਕਿ ਉਸਨੇ ਕਦੇ ਕਿਸੇ ਨੌਕਰ ਨੂੰ ਸਮੇਂ ਤੇ ਜਾਂ ਪੂਰੀ ਬਣਦੀ ਤਨਖ਼ਾਹ ਨਹੀਂ ਦਿੱਤੀ ਸੀ ਤੇ ਨਾ ਹੀ ਕਦੇ ਕਿਸੇ ਦੀ ਕੋਈ ਮਦਦ ਕੀਤੀ ਸੀ। ਬਲਕਿ ਉਹ ਹਮੇਸ਼ਾਂ ਕਿਸੇ ਨਾ ਕਿਸੇ ਬਹਾਨੇ ਪੈਸੇ ਕੱਟ ਲੈਂਦਾ ਸੀ। ਇੱਥੋਂ ਤਕ ਕਿ ਉਸਨੇ ਨੌਕਰਾਂ ਨਾਲ਼ ਕਦੇ ਦੋ ਮਿੱਠੇ ਬੋਲ ਵੀ ਨਹੀਂ ਬੋਲੇ ਸੀ। ਬੱਸ ਆਪਣੇ ਪੈਸੇ ਦੇ ਜ਼ੋਰ ਤੇ ਹਮੇਸ਼ਾਂ ਆਕੜਿਆਂ ਰਹਿੰਦਾ।

ਕੁੱਝ ਸਮੇਂ ਬਾਅਦ ਸੇਠ ਵੀ ਬਿਮਾਰ ਰਹਿਣ ਲੱਗ ਪਿਆ। ਹੌਲ਼ੀ ਹੌਲ਼ੀ ਮੰਜਾ ਫੜ ਲਿਆ। ਹੁਣ ਤਾਂ ਪਾਣੀ ਜਾਂ ਦਵਾਈ ਲਈ ਵੀ ਨੌਕਰਾਂ ਨੂੰ ਆਵਾਜ਼ਾਂ ਮਾਰਦਾ। ਪਰ ਉਹ ਆਪਣੀ ਮਰਜ਼ੀ ਨਾਲ ਹੀ ਉਸਦੀ ਗੱਲ ਸੁਣਦੇ ਜਾਂ ਅਣਸੁਣੀ ਕਰ ਛੱਡਦੇ। ਇੱਕ ਦਿਨ ਨੌਕਰਾਂ ਨੇ ਆਪਸ ਵਿੱਚ ਸਲਾਹ ਕੀਤੀ ਤੇ ਸੇਠ ਦੀ ਸਾਰੀ ਦੌਲਤ ਲੁੱਟ ਕੇ ਸੱਭ ਨੇ ਹਿੱਸੇ ਪਾ ਲਏ ਤੇ ਲੈ ਕੇ ਆਪੋ ਆਪਣੇ ਰਾਹ ਪੈ ਗਏ। ਸੇਠ ਇਹ ਸੱਭ ਕੁਝ ਦੇਖ ਰਿਹਾ ਸੀ ਪਰ ਕੁੱਝ ਕਰ ਨਹੀਂ ਸਕਦਾ ਸੀ। ਉਹ ਪਿਆ ਪਿਆ ਚੀਕਦਾ ਤੇ ਤੜਫ਼ਦਾ ਰਿਹਾ ਪਰ ਕਿਸੇ ਨੇ ਉਸਦੀ ਨਾ ਸੁਣੀ।

ਅਖੀਰ ਪਾਣੀ ਨੂੰ ਵੀ ਤਰਸਦਾ ਹੋਇਆ ਸੇਠ ਇੱਕ ਦਿਨ ਮਰ ਗਿਆ। ਉਸਦੇ ਸਰੀਰ ਤੇ ਕੀੜੇ ਚੱਲ ਰਹੇ ਸਨ। ਕਈ ਦਿਨ ਤਾਂ ਉਸਦੇ ਮਰਨ ਬਾਰੇ ਕਿਸੇ ਨੂੰ ਪਤਾ ਹੀ ਨਾ ਲੱਗਾ। ਪਰ ਜਦੋਂ ਘਰ ਵਿੱਚੋਂ ਬਹੁਤ ਬਦਬੂ ਆਉਣ ਲੱਗੀ ਤਾਂ ਲੋਕਾਂ ਨੇ ਆ ਕੇ ਦੇਖਿਆ। ਉਸਦੀ ਧੀ ਨੂੰ ਖਬਰ ਕੀਤੀ ਪਰ ਉਹ ਵੀ ਨਾ ਆ ਸਕੀ। ਕੀੜਿਆਂ ਨਾਲ਼ ਭਰੇ ਸਰੀਰ ਦਾ ਸੰਸਕਾਰ ਕਰਨ ਨੂੰ ਵੀ ਕੋਈ ਤਿਆਰ ਨਹੀਂ ਸੀ। ਅਖੀਰ ਕਿਸੇ ਭਲੇ ਇਨਸਾਨ ਨੇ ਨੱਕ ਮੂੰਹ ਬੰਨ੍ਹ ਕੇ ਸੰਸਕਾਰ ਕਰਿਆ। ਲੋਕ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਸਾਰੀ ਉਮਰ ਲੋਕਾਂ ਦਾ ਖ਼ੂਨ ਪੀਣ ਵਾਲੇ ਸੇਠ ਦਾ ਸਾਰਾ ਖੂਨ ਕੀੜਿਆਂ ਨੇ ਪੀ ਲਿਆ।

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਾਰੇ ਨਾਲੋਂ ਜਵਾਬ ਚੰਗਾ……
Next articleਸਿਆਸੀ ਬੁਰਕੀਆਂ ਦੀ ਸੁੱਟ- ਆਖਿਰ ਕਦ ਤੱਕ?