ਐਸ.ਏ.ਐਸ. ਨਗਰ (ਮੁਹਾਲੀ), (ਸਮਾਜ ਵੀਕਲੀ) : ਈਡੀ ਵੱਲੋਂ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸੀਨੀਅਰ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਵਕੀਲ ਹਰਿੰਦਰਪਾਲ ਸਿੰਘ ਰਾਹੀਂ ਮੁਹਾਲੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਜ਼ਮਾਨਤ ਦੇਣ ਦੀ ਮੰਗ ਕੀਤੀ ਹੈ। ਉਹ 14 ਦਿਨ ਦੀ ਨਿਆਂਇਕ ਹਿਰਾਸਤ ਅਧੀਨ ਪਟਿਆਲਾ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੂੰ ਦੋ ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰੰਜਨ ਖੁੱਲਰ ਦੀ ਅਦਾਲਤ ਨੇ ਖਹਿਰਾ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 29 ਨਵੰਬਰ ਤੱਕ ਅੱਗੇ ਟਾਲ ਦਿੱਤੀ ਹੈ।
ਉਧਰ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਈਡੀ ਨੂੰ ਨੋਟਿਸ ਜਾਰੀ ਕਰਕੇ 29 ਨਵੰਬਰ ਤੱਕ ਆਪਣਾ ਜਵਾਬ ਦੇਣ ਲਈ ਕਿਹਾ ਹੈ। ਖਹਿਰਾ ਨੇ ਆਪਣੇ ਵਕੀਲ ਰਾਹੀਂ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਈਡੀ ਦੀ ਕਾਰਵਾਈ ਨੂੰ ਗੈਰਕਾਨੂੰਨੀ ਦੱਸਦਿਆਂ ਉਸ ਨੂੰ ਕਿਸੇ ਡੂੰਘੀ ਸਾਜ਼ਿਸ਼ ਤਹਿਤ ਝੂਠੇ ਕੇਸ ਵਿੱਚ ਫਸਾਉਣ ਦਾ ਦੋਸ਼ ਲਾਇਆ ਹੈ। ਜ਼ਿਕਰਯੋਗ ਹੈ ਸੁਖਪਾਲ ਖਹਿਰਾ ਨੂੰ ਬੀਤੀ 11 ਨਵੰਬਰ ਨੂੰ ਮਾਮਲੇ ਵਿੱਚ ਪੁੱਛਗਿੱਛ ਲਈ ਈਡੀ ਦੇ ਸੈਕਟਰ-18 ਸਥਿਤ ਦਫ਼ਤਰ ਵਿੱਚ ਸੱਦਿਆ ਗਿਆ ਸੀ। ਜਿੱਥੇ ਮੁੱਢਲੀ ਪੁੱਛਗਿੱਛ ਦੌਰਾਨ ਕਾਂਗਰਸ ਆਗੂ ਦੀ ਗ੍ਰਿਫ਼ਤਾਰੀ ਪਾ ਲਈ ਗਈ। ਈਡੀ ਵੱਲੋਂ ਸਾਲ 2015 ਵਿੱਚ ਫਾਜ਼ਿਲਕਾ ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਖਹਿਰਾ ’ਤੇ ਵਿਦੇਸ਼ਾਂ ’ਚੋਂ ਚੰਦੇ ਦੇ ਰੂਪ ਵਿੱਚ ਪੈਸਾ ਇਕੱਠਾ ਕਰਨ ਦਾ ਦੋਸ਼ ਹੈ। ਬਾਅਦ ਵਿੱਚ ਈਡੀ ਨੇ ਇਸ ਮਾਮਲੇ ਵਿੱਚ ਸੁਖਪਾਲ ਖਹਿਰਾ ਨੂੰ ਵੀ ਨਾਮਜ਼ਦ ਕਰ ਲਿਆ ਸੀ। ਸੁਖਪਾਲ ਖਹਿਰਾ ਦੇ ਸਪੁੱਤਰ ਐਡਵੋਕੇਟ ਮਹਿਤਾਬ ਸਿੰਘ ਖਹਿਰਾ ਨੇ ਈਡੀ ਮਾਮਲੇ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਸਹਿਯੋਗ ਦੇਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly