ਕਰਨਲ ਬੀ ਸੰਤੋਸ਼ ਬਾਬੂ ਨੂੰ ਮਰਨ ਉਪਰੰਤ ਮਹਾਵੀਰ ਚੱਕਰ

ਨਵੀਂ ਦਿੱਲੀ (ਸਮਾਜ ਵੀਕਲੀ) : ਪਿਛਲੇ ਸਾਲ ਜੂਨ ’ਚ ਪੂਰਬੀ ਲੱਦਾਖ ਦੀ ਗਲਵਾਨ ਘਾਟੀ ’ਚ ਚੀਨ ਦੇ ਹਮਲੇ ਖ਼ਿਲਾਫ਼ ਭਾਰਤੀ ਫੌਜੀਆਂ ਦੀ ਅਗਵਾਈ ਕਰਨ ਵਾਲੇ 16ਵੀਂ ਬਿਹਾਰ ਰੈਜੀਮੈਂਟ ਦੇ ਕਮਾਂਡਿੰਗ ਅਫਸਰ ਕਰਨਲ ਬਿਕੁਮੱਲਾ ਸੰਤੋਸ਼ ਬਾਬੂ ਨੂੰ ਮਰਨ ਮਗਰੋਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ। ਅੱਜ ਇੱਥੇ ਕਰਵਾਏ ਗਏ ਸਮਾਗਮ ’ਚ ਬਾਬੂ ਦੀ ਪਤਨੀ ਬੀ ਸੰਤੋਸ਼ੀ ਤੇ ਮਾਂ ਮੰਜੁਲਾ ਨੇ ਪੁਰਸਕਾਰ ਹਾਸਲ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਸੈਨਾ ਦੇ ਸਿਖਰਲੇ ਅਧਿਕਾਰੀ ਹਾਜ਼ਰ ਸਨ।

ਪਰਮਵੀਰ ਚੱਕਰ ਤੋਂ ਬਾਅਦ ਮਹਾਵੀਰ ਚੱਕਰ ਦੂਜਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਹੈ। ਇਸੇ ਤਰ੍ਹਾਂ ਚਾਰ ਹੋਰ ਫੌਜੀਆਂ ਨਾਇਬ ਸੂਬੇਦਾਰ ਨੁਦੂਰਾਮ ਸੋਰੇਨ, ਹਵਾਲਦਾਰ (ਗੁੰਨੂਰ) ਕੇ ਪਲਾਨੀ, ਨਾਇਕ ਦੀਪਕ ਸਿੰਘ ਤੇ ਸਿਪਾਹੀ ਗੁਰਤੇਜ ਸਿੰਘ ਨੂੰ ਮਰਨ ਮਗਰੋਂ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਉਹ ਪਿਛਲੇ ਸਾਲ 15 ਜੂਨ ਨੂੰ ਗਲਵਾਨ ਘਾਟੀ ’ਚ ਹਿੰਸਕ ਝੜਪ ’ਚ ਚੀਨੀ ਫੌਜੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। 3 ਮੀਡੀਅਮ ਰੈਜੀਮੈਂਟ ਦੇ ਹਵਾਲਦਾਰ ਤੇਜਿੰਦਰ ਸਿੰਘ ਗਲਵਾਨ ਘਾਟੀ ’ਚ ਹੋਈ ਝੜਪ ’ਚ ਭਾਰਤੀ ਥਲ ਸੈਨਾ ਦੀ ਟੀਮ ਦਾ ਹਿੱਸਾ ਸਨ।

ਉਸ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਵੀਰ ਚੱਕਰ ਜੰਗ ਲਈ ਦੇਸ਼ ਦਾ ਤੀਜਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਹੈ। ਨਾਇਬ ਸੋਰੇਨ ਦੀ ਪਤਨੀ ਲਕਸ਼ਮੀ ਮਨੀ ਸੋਰੇਨ, ਹਵਾਲਦਾਰ ਪਲਾਨੀ ਦੀ ਪਤਨੀ ਵਨਥੀ ਦੇਵੀ ਤੇ ਨਾਇਕ ਸਿੰਘ ਦੀ ਪਤਨੀ ਰੇਖਾ ਸਿੰਘ ਨੇ ਰਾਸ਼ਟਰਪਤੀ ਤੋਂ ਪੁਰਸਕਾਰ ਹਾਸਲ ਕੀਤਾ। ਸਿਪਾਹੀ ਗੁਰਤੇਜ ਸਿੰਘ ਦੀ ਮਾਂ ਪ੍ਰਕਾਸ਼ ਕੌਰ ਅਤੇ ਪਿਤਾ ਵਿਰਸਾ ਸਿੰਘ ਨੇ ਰਾਸ਼ਟਰਪਤੀ ਤੋਂ ਵੀਰ ਚੱਕਰ ਹਾਸਲ ਕੀਤਾ।ਪੂਰਬੀ ਲੱਦਾਖ ਦੀ ਗਲਵਾਨ ਘਾਟੀ ’ਚ ਹੋਈ ਝੜਪ ’ਚ 20 ਭਾਰਤੀ ਫੌਜੀ ਸ਼ਹੀਦ ਹੋਏ ਸਨ। ਰਾਸ਼ਟਰਪਤੀ ਭਵਨ ਨੇ ਟਵੀਟ ਕੀਤਾ, ‘ਕਰਨਲ ਬਾਬੂ ਨੇ ਦੁਸ਼ਮਣ ਦਾ ਸਾਹਮਣਾ ਕਰਨ ਦੌਰਾਨ ਲਾਮਿਸਾਲ ਅਗਵਾਈ ਤੇ ਬਹਾਦੁਰੀ ਦਿਖਾਈ ਤੇ ਦੇਸ਼ ਲਈ ਸਭ ਤੋਂ ਵੱਡੀ ਕੁਰਬਾਨੀ ਦਿੱਤੀ।’ ਰਾਸ਼ਟਰਪਤੀ ਭਵਨ ’ਚ ਕਰਵਾਏ ਗਏ ਸਮਾਗਮ ’ਚ ਹਥਿਆਰਬੰਦ ਦਸਤਿਆਂ ਦੇ ਕਈ ਹੋਰ ਕਰਮੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖਹਿਰਾ ਦੀ ਜ਼ਮਾਨਤ ’ਤੇ ਸੁਣਵਾਈ 29 ਤੱਕ ਟਲੀ
Next articleਸੈਂਟਰਲ ਵਿਸਟਾ ਪਾਜੈਕਟ ਖ਼ਿਲਾਫ਼ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਜ