ਨਵੀਂ ਦਿੱਲੀ (ਸਮਾਜ ਵੀਕਲੀ): ਸੁਪਰੀਮ ਕੋਰਟ ਨੇ ਕਿਹਾ ਕਿ ਟੀਵੀ ਨਿਊਜ਼ ਚੈਨਲਾਂ ’ਤੇ ਹੁੰਦੀਆਂ ਬਹਿਸਾਂ ਦੂਜੀਆਂ ਗੱਲਾਂ ਨਾਲੋਂ ਕਿਤੇ ਵਧੇਰੇ ਪ੍ਰਦੂਸ਼ਣ ਫੈਲਾ ਰਹੀਆਂ ਹਨ ਅਤੇ ਅਦਾਲਤ ’ਚ ਸੁਣਵਾਈ ਦੌਰਾਨ ਦਿੱਤੇ ਜਾਂਦੇ ਬਿਆਨਾਂ ਨੂੰ ਸੰਦਰਭ ਤੋਂ ਬਾਹਰ ਜਾ ਕੇ ਵਰਤਿਆ ਜਾ ਰਿਹਾ ਹੈ। ਚੀਫ਼ ਜਸਟਿਸ ਐੱਨ ਵੀ ਰਾਮੰਨਾ, ਜਸਟਿਸ ਡੀ ਵਾਈ ਚੰਦਰਚੂੜ ਅਤੇ ਸੂਰਿਆ ਕਾਂਤ ਦੇ ਬੈਂਚ ਨੇ ਕਿਹਾ ਕਿ ਸਾਰਿਆਂ ਦਾ ਆਪਣਾ ਏਜੰਡਾ ਹੁੰਦਾ ਹੈ ਅਤੇ ਇਨ੍ਹਾਂ ਬਹਿਸਾਂ ਦੌਰਾਨ ਬਿਆਨਾਂ ਦੀ ਸੰਦਰਭ ਤੋਂ ਬਾਹਰ ਜਾ ਕੇ ਵਰਤੋਂ ਕੀਤੀ ਜਾ ਰਹੀ ਹੈ। ਬੈਂਚ ਨੇ ਕਿਹਾ,‘‘ਤੁਸੀਂ ਕਿਸੇ ਮੁੱਦੇ ਦੀ ਵਰਤੋਂ ਕਰਨਾ ਚਾਹੁੰਦੇ ਹੋ, ਸਾਡੇ ਤੋਂ ਟਿੱਪਣੀ ਕਰਾਉਣਾ ਚਾਹੁੰਦੇ ਹੋ ਅਤੇ ਫਿਰ ਉਸ ਨੂੰ ਵਿਵਾਦਿਤ ਬਣਾਉਂਦੇ ਹੋ। ਇਸ ਮਗਰੋਂ ਤਾਂ ਸਿਰਫ਼ ਇਕ-ਦੂਜੇ ’ਤੇ ਦੂਸ਼ਣਬਾਜ਼ੀ ਹੀ ਹੁੰਦੀ ਹੈ।’’
ਬੈਂਚ ਨੇ ਕਿਹਾ,‘‘ਟੀਵੀ ’ਤੇ ਹੁੰਦੀਆਂ ਬਹਿਸਾਂ ਨਾਲ ਕਿਸੇ ਹੋਰ ਗੱਲ ਨਾਲੋਂ ਕਿਤੇ ਵਧੇਰੇ ਪ੍ਰਦੂਸ਼ਣ ਫੈਲ ਰਿਹਾ ਹੈ। ਉਨ੍ਹਾਂ ਨੂੰ ਸਮਝ ’ਚ ਨਹੀਂ ਆਉਂਦਾ ਕਿ ਕੀ ਹੋ ਰਿਹਾ ਹੈ ਅਤੇ ਕੀ ਮੁੱਦਾ ਹੈ। ਬਿਆਨਾਂ ਦੀ ਸੰਦਰਭ ਤੋਂ ਬਾਹਰ ਜਾ ਕੇ ਵਰਤੋਂ ਕੀਤੀ ਜਾਂਦੀ ਹੈ। ਹਰ ਕਿਸੇ ਦਾ ਆਪਣਾ ਏਜੰਡਾ ਹੁੰਦਾ ਹੈ। ਅਸੀਂ ਕੋਈ ਸਹਾਇਤਾ ਨਹੀਂ ਕਰ ਸਕਦੇ ਹਾਂ ਅਤੇ ਨਾ ਹੀ ਕੰਟਰੋਲ ਕਰ ਸਕਦੇ ਹਾਂ। ਅਸੀਂ ਹੱਲ ਕੱਢਣ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।’’
ਸਿਖਰਲੀ ਅਦਾਲਤ ਨੇ ਇਹ ਜ਼ੁਬਾਨੀ ਟਿੱਪਣੀ ਦਿੱਲੀ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਦੀ ਦਲੀਲ ’ਤੇ ਕੀਤੀ ਜਿਸ ’ਚ ਕਿਹਾ ਗਿਆ ਸੀ ਕਿ ਪਰਾਲੀ ਸਾੜਨਾ ਹਵਾ ਪ੍ਰਦੂਸ਼ਣ ਦੇ ਕਾਰਨਾਂ ’ਚੋਂ ਇਕ ਹੈ ਜਿਸ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ। ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਟੀਵੀ ’ਤੇ ਹੁੰਦੀਆਂ ਬਹਿਸਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ’ਤੇ ਦੋਸ਼ ਲਾਇਆ ਗਿਆ ਹੈ ਕਿ ਹਵਾ ਪ੍ਰਦੂਸ਼ਣ ’ਚ ਪਰਾਲੀ ਸਾੜਨ ਦੇ ਯੋਗਦਾਨ ’ਤੇ ਸਿਖਰਲੀ ਅਦਾਲਤ ਨੂੰ ਉਨ੍ਹਾਂ (ਮਹਿਤਾ) ਗੁੰਮਰਾਹ ਕੀਤਾ ਸੀ। ਮਹਿਤਾ ਨੇ ਕਿਹਾ,‘‘ਮੈਂ ਆਪਣੇ ਖ਼ਿਲਾਫ਼ ਟੀਵੀ ਮੀਡੀਆ ’ਤੇ ਕੁਝ ਗ਼ੈਰ-ਜ਼ਿੰਮੇਵਾਰ ਅਤੇ ਭੱਦੇ ਬਿਆਨ ਦੇਖੇ ਕਿ ਮੈਂ ਪਰਾਲੀ ਸਾੜਨ ਦੇ ਸਵਾਲ ’ਤੇ ਅਦਾਲਤ ਨੂੰ ਗੁੰਮਰਾਹ ਕੀਤਾ ਕਿ ਇਸ ਦਾ ਯੋਗਦਾਨ ਸਿਰਫ਼ 4 ਤੋਂ 7 ਫ਼ੀਸਦੀ ਹੈ। ਮੈਨੂੰ ਸਪੱਸ਼ਟ ਕਰ ਲੈਣ ਦਿਉ।’’ ਉਂਜ ਸਿਖਰਲੀ ਅਦਾਲਤ ਨੇ ਕਿਹਾ ਕਿ ਉਨ੍ਹਾਂ ਨੂੰ ਬਿਲਕੁਲ ਵੀ ਗੁੰਮਰਾਹ ਨਹੀਂ ਕੀਤਾ ਗਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly