‘ਅਫ਼ਸਰਸ਼ਾਹੀ ’ਚ ਖੜੋਤ ਆਈ, ਸਾਰਾ ਕੁਝ ਅਦਾਲਤਾਂ ’ਤੇ ਸੁੱਟਿਆ’

ਨਵੀਂ ਦਿੱਲੀ (ਸਮਾਜ ਵੀਕਲੀ): :ਸੁਪਰੀਮ ਕੋਰਟ ਨੇ ਕਾਰਵਾਈ ਨਾ ਕਰਨ ਲਈ ਅਫ਼ਸਰਸ਼ਾਹੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਸ ’ਚ ਖੜੋਤ ਆ ਗਈ ਹੈ ਅਤੇ ਉਹ ਕੋਈ ਫ਼ੈਸਲਾ ਨਹੀਂ ਲੈਣਾ ਚਾਹੁੰਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਫ਼ਸਰਸ਼ਾਹੀ ਨੇ ਸਾਰਾ ਕੁਝ ਅਦਾਲਤਾਂ ’ਤੇ ਛੱਡ ਦਿੱਤਾ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਇਹ ਸਿਰਫ਼ ਉਦਾਸੀਨਤਾ ਹੈ ਅਤੇ ਹੋਰ ਕੁਝ ਵੀ ਨਹੀਂ। ਚੀਫ਼ ਜਸਟਿਸ ਐੱਨ ਵੀ ਰਾਮੰਨਾ ਦੀ ਅਗਵਾਈ ਹੇਠਲੇ ਤਿੰਨ ਮੈਂਬਰੀ ਬੈਂਚ ’ਚ ਸ਼ਾਮਲ ਜਸਟਿਸ ਡੀ ਵਾਈ ਚੰਦਰਚੂੜ ਨੇ ਕਿਹਾ,‘‘ਕਾਫ਼ੀ ਸਮੇਂ ਤੋਂ ਮੈਂ ਇਹ ਮਹਿਸੂਸ ਕਰ ਰਿਹਾ ਹਾਂ ਕਿ ਅਫ਼ਸਰਸ਼ਾਹੀ ’ਚ ਇਕ ਤਰ੍ਹਾਂ ਦੀ ਖੜੋਤ ਵਿਕਸਤ ਹੋ ਗਈ ਹੈ। ਉਹ ਕੋਈ ਫ਼ੈਸਲਾ ਲੈਣਾ ਨਹੀਂ ਚਾਹੁੰਦੀ ਹੈ। ਕਿਸੇ ਕਾਰ ਨੂੰ ਕਿਵੇਂ ਰੋਕੀਏ, ਕਿਸੇ ਵਾਹਨ ਨੂੰ ਕਿਵੇਂ ਜ਼ਬਤ ਕਰੀਏ, ਅੱਗ ’ਤੇ ਕਿਵੇਂ ਕਾਬੂ ਪਾਈਏ, ਇਹ ਸਾਰੇ ਕੰਮ ਇਸ ਅਦਾਲਤ ਨੂੰ ਕਰਨੇ ਪੈਣਗੇ।

ਹਰੇਕ ਕੰਮ ਸਾਨੂੰ ਹੀ ਕਰਨਾ ਪਵੇਗਾ। ਇਹ ਰਵੱਈਆ ਅਧਿਕਾਰੀ ਵਰਗ ਨੇ ਵਿਕਸਤ ਕੀਤਾ ਹੈ।’’ ਬੈਂਚ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦੇ ਮੁੱਦੇ ’ਤੇ ਕੇਂਦਰ ਵੱਲੋਂ ਮੰਗਲਵਾਰ ਨੂੰ ਬੈਠਕ ਕੀਤੀ ਗਈ ਪਰ ਕੀ ਉਹ ਬੈਠਕ ਦੌਰਾਨ ਕੀਤੀ ਗਈ ਚਰਚਾ ਦਾ ਸਾਰ ਤਿਆਰ ਨਹੀਂ ਕਰ ਸਕੇ ਕਿ ‘ਇਹ ਸਾਰੇ ਨਿਰਦੇਸ਼ ਅਸੀਂ ਜਾਰੀ ਕੀਤੇ ਹਨ ਤਾਂ ਜੋ ਅਦਾਲਤ ਦਾ ਕੀਮਤੀ ਸਮਾਂ ਬਚਾਇਆ ਜਾ ਸਕੇ।’ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇਕ ਕਥਾ ਦਾ ਜ਼ਿਕਰ ਕਰਦਿਆਂ ਕਿਹਾ,‘‘ਇਕ ਰਾਜੇ ਨੇ ਇਕ ਵਾਰ ਫ਼ੈਸਲਾ ਲਿਆ ਕਿ ਕੋਈ ਵੀ ਭੁੱਖਾ ਨਹੀਂ ਸੌਂਵੇਂਗਾ। ਇਕ ਘੁੜਸਵਾਰ ਸੌਂ ਰਿਹਾ ਸੀ। ਅਧਿਕਾਰੀਆਂ ਨੇ ਉਸ ਨੂੰ ਜਗਾਇਆ ਅਤੇ ਪੁੱਛਿਆ ਕਿ ਕੀ ਉਹ ਭੁੱਖਾ ਹੈ। ਜਦੋਂ ਘੁੜਸਵਾਰ ਨੇ ਕਿਹਾ ਕਿ ਹਾਂ ਮੈਂ ਭੁੱਖਾ ਹਾਂ ਤਾਂ ਉਸ ਨੂੰ ਸੌਣ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਕਿਸੇ ਨੂੰ ਵੀ ਸੌਣ ਦੀ ਇਜਾਜ਼ਤ ਨਹੀਂ ਦਿੱਤੀ ਗਈ।’’ ਸੌਲੀਸਿਟਰ ਜਨਰਲ ਨੇ ਕਿਹਾ ਕਿ ਇਸ ਕਹਾਣੀ ਰਾਹੀਂ ਉਨ੍ਹਾਂ ਕਿਸੇ ਵਿਅਕਤੀ ਨੂੰ ਨਿਸ਼ਾਨਾ ਨਹੀਂ ਬਣਾਇਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਟੀਵੀ ’ਤੇ ਬਹਿਸਾਂ ਵਧੇਰੇ ਪ੍ਰਦੂਸ਼ਣ ਫੈਲਾ ਰਹੀਆਂ ਨੇ’
Next articleਦਿੱਲੀ ਦੇ ਹੋਟਲਾਂ ਵਿੱਚ ਬੈਠੇ ਲੋਕ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਬਦਨਾਮ ਕਰਦੇ ਨੇ: ਬੈਂਚ