HOME ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਹੋਏ ਭਾਈ ਹਰਜਿੰਦਰ ਸਿੰਘ ਜੀ ( ਸ੍ਰੀ...

ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਹੋਏ ਭਾਈ ਹਰਜਿੰਦਰ ਸਿੰਘ ਜੀ ( ਸ੍ਰੀ ਨਗਰ ਵਾਲੇ )

5
ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ਪਦਮਸ੍ਰੀ ਪੁਰਸਕਾਰ ਦਿੰਦੇ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ

ਉਨ੍ਹਾਂ ਵਲੋਂ ਗਾਏ ਹੋਏ ਸ਼ਬਦ ਜਿੱਥੇ ਸੰਗਤਾਂ ਦੇ ਮਨਾਂ ਨੂੰ ਸ਼ਾਂਤੀ ਤੇ ਆਨੰਦ ਪ੍ਰਦਾਨ ਕਰਦੇ ਹਨ ਉੱਥੇ ਹੀ ਉਨ੍ਹਾਂ ਨੂੰ ਪਰਮਾਤਮਾ ਨਾਲ ਵੀ ਜੋੜਦੇ ਹਨ।

ਬਲਦੇਵ ਸਿੰਘ ਬੇਦੀ

  (ਸਮਾਜ ਵੀਕਲੀ)   ਸਿੱਖ ਧਰਮ ਅਤੇ ਗੁਰਬਾਣੀ ਪ੍ਰਤੀ ਅਦੁੱਤੀ ਸੇਵਾ ਨਿਭਾਉਣ ਵਾਲੇ ਪ੍ਰਸਿੱਧ ਪੰਥਕ ਸ਼੍ਰੋਮਣੀ ਰਾਗੀ ਭਾਈ ਹਰਜਿੰਦਰ ਸਿੰਘ ਜੀ ( ਸ੍ਰੀ ਨਗਰ ਵਾਲੇ ) ਨੂੰ ਇਸ ਸਾਲ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਗੁਰਮਤਿ ਸੰਗੀਤ ਤੇ ਗੁਰਬਾਣੀ ਪ੍ਰਚਾਰ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਅਤੇ ਇਸ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣ ਲਈ ਕੀਤੇ ਗਏ ਯਤਨਾਂ ਦੇ ਸਦਕਾ ਦਿੱਤਾ ਗਿਆ। ਭਾਈ ਹਰਜਿੰਦਰ ਸਿੰਘ ਜੀ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੇ ਛੋਟੇ ਜਿਹੇ ਪਿੰਡ ਬੱਲੜਵਾਲ ਵਿਖੇ ਹੋਇਆ। ਬਚਪਨ ਤੋਂ ਹੀ ਉਨ੍ਹਾਂ ਦੀ ਗੁਰਬਾਣੀ ਵਿਚ ਅਥਾਹ ਸ਼ਰਧਾ ਸੀ। ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਿੱਖ ਮਿਸ਼ਨਰੀ ਕਾਲਜ ਵਿਖੇ ਗੁਰਮਤਿ ਸੰਗੀਤ ਦੀ ਵਿੱਦਿਆ ਹਾਸਲ ਕੀਤੀ ਅਤੇ 1980 ਵਿੱਚ ਭਾਈ ਮਨਿੰਦਰ ਸਿੰਘ ਤੇ ਭਾਈ ਹਰਨਾਮ ਸਿੰਘ ਜੀ ਨਾਲ ਮਿਲ ਕੇ ਆਪਣੇ ਜੱਥੇ ਦੀ ਸ਼ੁਰੂਆਤ ਕੀਤੀ । ਉਨ੍ਹਾਂ ਨੇ ਸ੍ਰੀ ਨਗਰ ( ਕਸ਼ਮੀਰ ) ਦੇ ਗੁਰਦੁਆਰਾ ਸਾਹਿਬ ਮਾਤਾ ਭਾਗ ਭਰੀ ਤੋਂ ਗੁਰਬਾਣੀ ਕੀਰਤਨ ਦੀ ਆਰੰਭਤਾ ਕੀਤੀ। ਉਹਨਾਂ ਨੇ ਆਪਣੇ ਰਸ-ਭਿੰਨੇ ਕੀਰਤਨ ਨਾਲ ਗੁਰਮਤਿ ਸੰਗੀਤ ਜਗਤ ਵਿੱਚ ਆਪਣੀ ਇੱਕ ਵਿਸ਼ੇਸ਼ ਪਛਾਣ ਬਣਾਈ ਅਤੇ ਤਿੰਨ ਸਾਲ ਬਾਅਦ ਲੁਧਿਆਣੇ ਦੇ ਇਕ ਗੁਰਦੁਆਰਾ ਸਾਹਿਬ ‘ਚ ਕੀਰਤਨ ਦੀ ਸੇਵਾ ਨਿਭਾਈ ਜਿੱਥੇ ਸੰਗਤਾਂ ਵਲੋਂ ਉਹਨਾਂ ਨੂੰ ਸਤਿਕਾਰ ਨਾਲ ਸ੍ਰੀ ਨਗਰ ਵਾਲੇ ਭਾਈ ਸਾਹਿਬ ਨਾਮ ਨਾਲ ਜਾਣਿਆ ਜਾਣ ਲੱਗਾ।  ਭਾਈ ਸਾਹਿਬ ਜੀ ਦਾ ਗੁਰਬਾਣੀ ਕੀਰਤਨ ਦਾ ਸਫਰ ਬਹੁਤ ਹੀ ਲੰਮਾ ਤੇ ਪ੍ਰੇਰਣਾਦਾਇਕ ਰਿਹਾ। ਓਨ੍ਹਾਂ ਦੀ 1985 ਵਿੱਚ ਗੁਰਬਾਣੀ ਕੀਰਤਨ ਦੀ ਪਹਿਲੀ ਐਲਬਮ ਜਾਰੀ ਹੋਈ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਹੁਣ ਤਕ ਲਗਭਗ 150 ਤੋਂ ਵੱਧ ਐਲਬਮਾਂ ਰਿਲੀਜ਼ ਹੋ ਚੁੱਕੀਆਂ ਹਨ। ਉਨ੍ਹਾਂ ਦਾ ਗੁਰਬਾਣੀ ਗਾਇਨ ਬਹੁਤ ਹੀ ਸੁਰੀਲੇ ਪੱਧਰ ਦਾ ਅਤੇ ਅਧਿਆਤਮਿਕਤਾ ਨਾਲ ਭਰਪੂਰ ਹੈ। ਉਨ੍ਹਾਂ ਵਲੋਂ ਗਾਏ ਹੋਏ ਸ਼ਬਦ ਜਿੱਥੇ ਸੰਗਤਾਂ ਦੇ ਮਨਾਂ ਨੂੰ ਸ਼ਾਂਤੀ ਤੇ ਆਨੰਦ ਪ੍ਰਦਾਨ ਕਰਦੇ ਹਨ ਉੱਥੇ ਉਨ੍ਹਾਂ ਨੂੰ ਪਰਮਾਤਮਾ ਨਾਲ ਵੀ ਜੋੜਦੇ ਹਨ। ਭਾਈ ਹਰਜਿੰਦਰ ਸਿੰਘ ਜੀ ਨੂੰ ਪਦਮ ਸ਼੍ਰੀ ਐਵਾਰਡ ਦਿੱਤੇ ਜਾਣ ਦੀ ਖਬਰ ਨਾਲ ਸਮੁੱਚੇ ਸਿੱਖ ਜਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਤੋਂ ਪਹਿਲਾਂ ਵੀ ਭਾਈ ਸਾਹਿਬ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪੰਥਕ ਸ਼੍ਰੋਮਣੀ ਰਾਗੀ ਦਾ ਸਨਮਾਨ ਮਿਲ ਚੁੱਕਾ ਹੈ ਤੇ ਹੁਣ ਮਾਣਯੋਗ ਰਾਸ਼ਟਰਪਤੀ ਦਰੋਪਦੀ ਮੁਰਮੂ ਜੀ ਵਲੋਂ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ਪਦਮ ਸ੍ਰੀ ਪੁਰਸਕਾਰ ਨਾਲ ਸਨਮਨਿਆ ਜਾਣਾ ਸਮੁੱਚੇ ਸਿੱਖ ਜਗਤ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।

✍️ ਬਲਦੇਵ ਸਿੰਘ ਬੇਦੀ ਜਲੰਧਰ  
 9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਖੇੜੀ ਝਮੇੜੀ ਸਕੂਲ ਵਿਖੇ ਬਾਲ ਭਲਾਈ ਵਿਭਾਗ ਵੱਲੋਂ ਸਮਾਗਮ 
Next articleਪਾਕਿਸਤਾਨ ਆਪਣੀਆਂ ਗਤੀਵਿਧੀਆਂ ਨੂੰ ਨਹੀਂ ਰੋਕ ਰਿਹਾ, ਹੁਣ ਕੁਪਵਾੜਾ ਅਤੇ ਬਾਰਾਮੂਲਾ ‘ਚ LOC ‘ਤੇ ਗੋਲੀਬਾਰੀ; ਫੌਜ ਨੇ ਜਵਾਬੀ ਕਾਰਵਾਈ ਕੀਤੀ