(ਸਮਾਜ ਵੀਕਲੀ)
*ਯਾਦਵਿੰਦਰ*
2 ਕੁ ਵਰ੍ਹੇ ਪਹਿਲਾਂ, ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਨਮਿਤ ਬਣਾਇਆ ਗਿਆ ਸੀ। ਉਦੋਂ, ਕਰਤਾਰਪੁਰ ਕੋਰੀਡੋਰ ਖੋਲ੍ਹ ਕੇ, ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਸਰਹੱਦ ਪਾਰ, ਰਾਵੀ ਦਰਿਆ ਕੰਢੇ ਉੱਸਰੇ ਗੁਰਦੁਆਰੇ ਦੇ ਦਰਸ਼ਨਾਂ ਦੀ ਮਨਜ਼ੂਰੀਦੇ ਦਿੱਤੀ ਗਈ ਸੀ। ਇਕ ਦਿਨਾ ਹੀ ਸਹੀ ਪਰ ਓਧਰ ਜਾਣ ਦੀ ਪ੍ਰਵਾਨਗੀ ਮਿਲ ਗਈ ਸੀ।
ਏਸ ਗੁਰਦੁਆਰੇ ਨੂੰ ਬਾਬਾ ਨਾਨਕ ਦੇ ਜਨਮ ਅਸਥਾਨ ਜਾਂ ਯਾਦਗਾਰ ਦੇ ਤੌਰ ਉੱਤੇ ਸੰਭਾਲਿਆ ਗਿਆ ਹੈ।
****
ਪਾਕਿਸਤਾਨ ਦੇ ਹੁਕਮਰਾਨ, ਕੁਲ 3 ਕਾਰਨਾਂ ਕਰ ਕੇ, ਸਿੱਖ ਤੇ ਪੰਜਾਬੀ ਖ਼ਮੀਰ ਵਾਲੇ ਸ਼ਰਧਾਲੂਆਂ ਨੂੰ ਆਉਣ ਦੀ ਮੰਜ਼ੂਰੀ ਦੇਣਾ ਚਾਹੁੰਦੇ ਹਨ।
ਪਹਿਲਾਂ ਇਹ ਕਿ ਸਿੱਖ, ਕੁਲ ਦੁਨੀਆ ਦੇ ਕੋਨੇ ਕੋਨੇ ਵਿਚ ਮੁਕੀਮ ਹਨ, ਆਪਣੇ ਨਾਲ ਪਰਦੇਸਾਂ ਦੀ ਕਰੰਸੀ ਲਿਆਉਂਦੇ ਹਨ।
ਦੂਜਾ, ਇਹ ਕਿ ਸਿੱਖ ਜ਼ਿਆਦਾ ਕਰ ਕੇ ਭਾਰਤੀ ਪੰਜਾਬ ਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿਚ ਰਹਿੰਦੇ ਹਨ, ਏਸ ਲਈ ਬਹੁਤ ਹੱਦ ਤਕ ਸਿੱਖ, ਗੁਰੂ ਨਾਨਕ ਬਾਰੇ ਉਨ੍ਹਾਂ ਖਿਆਲਾਂ ਨੂੰ ਨਹੀਂ ਜਾਣਦੇ, ਜੀਹਦੇ ਬਾਰੇ ਇਸਲਾਮੀ ਜਗਤ ਜਾਣਦਾ ਹੈ, ਜਿਹਦੇ ਬਾਰੇ ਦੱਖਣ ਏਸ਼ੀਆ ਦੇ ਹੋਰ ਮੁਲਕ ਜਾਣਦੇ ਹਨ। ਓਹ ਚਾਹੁੰਦੇ ਹਨ ਕਿ ਬਾਬਾ ਨਾਨਕ ਬਾਰੇ ਉਨ੍ਹਾਂ ਦੇ ਬਜ਼ੁਰਗਾਂ ਦੀ ਸਮਝ ਵੀ ਸਾਨੂੰ ਹਾਸਿਲ ਹੋ ਸਕੇ।
ਤੀਜਾ, ਇਹ ਕਿ ਸ਼ਹਿਰੀ ਪਾਕਿਸਤਾਨੀ ਹਾਕਮਾਂ ਨੇ ਕੱਟੜਪੰਥੀ ਕਬਾਇਲੀਆਂ ਦੀ ਜ਼ੁਬਾਨ ਬੰਦ ਕਰਨੀ ਐ, ਏਸ ਲਈ ਵੀ ਓਹ ਇਹ ਲਾਂਘਾ ਖੋਲ੍ਹਣਾ ਲੋਚਦੇ ਹਨ। ਕਬਾਇਲੀ ਕੱਟੜ ਅਨਸਰ, ਸਿਖਾਂ ਨਾਲ ਸਾਂਝ ਦਾ ਤਿੱਖਾ ਵਿਰੋਧ ਕਰਦੇ ਨੇ।
ਅਫ਼ਗ਼ਾਨਿਸਤਾਨ ਵਿਚ ਕਬਾਇਲੀ ਜਾਹਿਲ ਹੁਣ ਰਾਜ ਭਾਗ ਨੂੰ ਹੱਥ ਪਾ ਚੁੱਕੇ ਹਨ, ਪਾਕਿਸਤਾਨ ਵਿਚ ਹਾਕਮ ਜਮਾਤਾਂ ਦੇ ਸਿਆਸਤਾਨ, ਇਨ੍ਹਾਂ ਕਬਾਇਲੀਆਂ ਨੂੰ ਨੱਪ ਕੇ ਰੱਖਦੇ ਨੇ।
******
ਬਾਬਾ ਨਾਨਕ ਨੂੰ ਸਰਹੱਦ ਪਾਰ ਵੀ ਹਜ਼ਰਤ ਬਾਬਾ ਨਾਨਕ ਜਾਂ ਬਾਬਾ ਨਾਨਕ ਸ਼ਾਹ ਦੇ ਤੌਰ ਉੱਤੇ ਬੜੇ ਏਹਤਰਾਮ ਨਾਲ ਚੇਤਾ ਕੀਤਾ ਜਾਂਦਾ ਹੈ।
ਆਰ ਨਾਨਕ … ਪਾਰ ਨਾਨਕ…।
ਵਿਡੰਬਨਾ ਇਹ ਹੈ ਕਿ ਭਾਰਤੀ ਪੰਜਾਬ ਵਿਚ ਸਾਡੇ ਆਪਣੇ ਡੇਰੇਦਾਰ ਬਾਬਾ ਨਾਨਕ ਦਾ ਅਕਸ ਕੁਝ ਹੋਰ ਤਰ੍ਹਾਂ ਦਾ ਬਣਾ ਕੇ ਵਿਆਖਿਆ ਕਰਦੇ ਹਨ।
ਖ਼ੈਰ, ਇਹ ਦਾਰਸ਼ਨਿਕ ਕਿਸਮ ਦੀ ਬਹਿਸ ਹੈ ਸੰਵਾਦ ਦਾ ਤੋਰਾ ਤੁਰੇਗਾ ਤਾਂ ਅਸੀਂ ਬਾਬਾ ਨਾਨਕ ਨੂੰ ਸਮੁੱਚੇ ਤੌਰ ਉੱਤੇ ਸਮਝਣ ਲਈ ਮਨੋ ਭੂਮੀ ਤਿਆਰ ਕਰ ਸਕਾਂਗੇ!!
*****
ਜਦੋਂ, ਕਰਤਾਰਪੁਰ ਲਾਂਘਾ, ਖੋਲਿਆ ਗਿਆ ਤਾਂ ਸੈਰ, ਸਫ਼ਰ, ਸੰਵਾਦ ਦੇ ਕਾਇਲ ਹਿਰਦੇ (ਵੀ) ਖਿੜ੍ਹ ਗਏ ਸਣ, ਕਿਉਂਕਿ ਬਾਬਾ ਨਾਨਕ ਨੂੰ ਪਿਆਰਦਾ ਕੋਈ ਵੀ ਦਿਲਦਾਰ ਮਨੁੱਖ, ਨਕਸ਼ੇ ਉੱਤੇ ਉੱਕਰੀਆਂ ਤਕਸੀਮ ਦੀਆਂ ਲੀਕਾਂ ਨੂੰ ਮਜਬੂਰਨ ਈ ਮੰਨਦਾ ਹੁੰਦਾ ਐ, ਦਿਲੋਂ ਨਹੀਂ।
ਖ਼ੁਦ, ਬਾਬਾ ਨਾਨਕ ਸਾਹਿਬ ਆਪਣੀ ਹਯਾਤੀ ਵਿਚ, ਸੰਵਾਦ ਰਚਾਉਂਦੇ ਰਹੇ ਹਨ, ਉਦਾਸੀ ਉੱਤੇ ਜਾਂਦੇ ਸਣ। ਬਾਬਾ ਨਾਨਕ ਨੇ ਬਾਲ ਵਰੇਸ ਦੌਰਾਨ ਜਨੇਊ ਧਾਰਨ ਦੀ ਰਸਮ ਦਾ ਵਿਰੋਧ ਵੀ, ਏਸੇ ਵਜ੍ਹਾਹ ਨਾਲ ਕੀਤਾ ਸੀ ਕਿ ਓਹ ਰਸਮੋ ਰਸੂਮ ਨੂੰ ਮਨੁੱਖ-ਨਿਰਮਤ ਮੰਨਦੇ ਸਨ। ਰੱਬੀ ਫ਼ਰਮਾਨ ਨਹੀਂ ਮੰਨਦੇ ਸਣ।
ਹਕੀਕਤ ਵੀ ਇਹੋ ਈ ਏ ਕਿ ਰਸਮਾਂ, ਪਰੰਪਰਾਵਾਂ ਮਨੁੱਖਾਂ ਦੇ ਵੱਡਿਆਂ ਨੇ ਬਣਾਈਆਂ ਹੁੰਦੀਆਂ ਨੇ, ਫੇਰ ਓਹ ਕਾਰਨ ਨਹੀਂ ਬੱਚਦੇ, ਫੇਰ ਓਹ ਯੁੱਗ ਨਹੀਂ ਬੱਚਦਾ, ਫੇਰ ਓਹ ਮਾਹੌਲ ਨਹੀਂ ਰਹਿੰਦਾ। ਫੇਰ, ਵਕ਼ਤ ਬੀਤਣ ਪਿੱਛੋਂ ਰਸਮਾਂ, ਫਜ਼ੂਲ ਹੋ ਜਾਂਦੀਆਂ ਹਨ। ਪਰ ਲਕੀਰ ਦੇ ਫ਼ਕੀਰ ਨਹੀਂ ਮੰਨਦੇ ਹੁੰਦੇ..!!
****
ਬਾਬਾ ਨਾਨਕ ਦਾ ਬਚਪਣ ਦਾ ਸਾਥੀ (ਭਾਈ) ਮਰਦਾਨਾ ਓਸ ਸਮਾਜਕ ਵਰਗ ਨਾਲ ਵਾਬਸਤਾ ਸੀ, ਜਿਨ੍ਹਾਂ ਨੇ ਸਮਾਜਕ ਮੀਰਾਸ (ਵਿਰਸਾ) ਨੂੰ ਸੰਭਾਲਿਆ ਹੋਇਆ ਹੈ। ਗੁਰੂ ਨਾਨਕ ਜਦੋਂ, ਬਾਲ ਅਵਸਥਾ ਵਿਚ ਵਿਚਰ ਰਹੇ ਸਨ, ਉਦੋਂ, ਅਕਸਰ ਸਮਾਜਕ/ਜਮਾਤੀ/ਤਬਕਾਤੀ ਸੂਰਤੇਹਾਲ ਤੱਕਦੇ ਸਣ। ਅਮੀਰ, ਅਮੀਰ ਕਿਓੰ ਨੇ? ਬਾਕੀ ਜਨਤਾ, ਗ਼ਰੀਬ (ਸਹੀ ਸ਼ਬਦ ਸਾਧਨਹੀਣ) ਕਿਉਂ ਹਨ? ਮਰਦਾਨਾ ਓਹ ਸਹੂਲਤਾਂ ਕਿਓਂ ਨਹੀਂ ਹੰਢਾਅ ਸਕਦਾ?ਜਿਹੜੀਆਂ ਉਨ੍ਹਾਂ ਨੂੰ ਹਾਸਿਲ ਹਨ, ਇਹ ਸਮਾਜਕ ਵੱਖਰੇਵੇਂ ਕਿਓਂ ਨੇ? ਵਗੈਰਾ ਵਗੈਰਾ।
***
ਅੱਜ, ਅਸੀਂ, ਬੜੇ ਆਧੁਨਿਕ ਕਹਾਉਂਦੇ ਹਾਂ, ਰਤਾ ਕਲਪਨਾ ਕਰੋ, ਜਦੋਂ ਗੁਰੂ ਨਾਨਕ ਜੀ ਨੇ ਪਾਂਧੇ ਨੂੰ ਜਨੇਊ ਰਸਮ ਦੀ ਅਦਾਇਗੀ ਕਰਨ ਤੋਂ ਇਨਕਾਰ ਕੀਤਾ ਹੋਵੇਗਾ, ਕਿਹੋ ਜਿਹਾ ਮਾਹੌਲ ਬਣਿਆ ਹੋਵੇਗਾ? ਅੰਗ/ਸਾਕ ਇੱਕਤਰ ਹੋਏ ਸਣ, ਭੋਜ (ਰੋਟੀ ਪਾਣੀ) ਤਿਆਰ ਕੀਤਾ ਗਿਆ ਹੋਵੇਗਾ, ਹੋਰ ਕਈ ਤਿਆਰੀਆਂ ਕੀਤੀਆਂ ਹੋਣਗੀਆਂ! ਆਪਾਂ, ਅਖੌਤੀ ਆਧੁਨਿਕ ਕਹਾਅ ਕੇ ਵੀ ਸ਼ਾਇਦ ਈ ਕਦੇ ਕਿਸੇ ਫਜ਼ੂਲ ਪਰੰਪਰਾ ਜਾਂ ਫੋਕਟ ਕਰਮਕਾਂਡਾਂ ਦਾ ਵਿਰੋਧ ਕੀਤਾ ਹੋਵੇ!! ਬਾਬਾ ਨਾਨਕ, ਗ਼ਲਤ ਦਾ ਖੰਡਨ ਕਰਦੇ ਗਏ, ਪਰਵਾਰ/ਬਰਾਦਰੀ ਜੋ ਮਰਜ਼ੀ ਆਖੀ ਜਾਵੇ, ਬਿਰਧ ਔਰਤਾਂ ਤੇ ਬੁੜ੍ਹੇ ਬੰਦੇ ਜੋ ਮਰਜ਼ੀ ਬੋਲੀ ਤੁਰੇ ਜਾਣ। ਅੱਜ ਤਾਂ ਆਪਾਂ ਹਰ ਬੁੜ੍ਹੀ ਉਮਰ ਦੇ ਬੰਦੇ/ਜ਼ਨਾਨੀ ਨੂੰ “ਬਜ਼ੁਰਗ” ਆਖ ਦਿੰਨੇ ਹਾਂ ਪਰ ਜਿੰਨਾ ਦੇ ਪੱਲੇ ਅੰਦਰਲੀ ਅੱਖ ਹੈ, ਉਨ੍ਹਾਂ ਨੇ ਸਿਆਣੇ ਬਿਰਧ ਬੰਦੇ ਜ਼ਨਾਨੀਆਂ ਨੂੰ ਬਜ਼ੁਰਗ ਆਖਿਆ ਸੀ। ਅਸੀਂ ਤਾਂ ਆਧੁਨਿਕ ਹਾਂ, ਸਾਡਾ ਕੀ ਐ!
*****
ਸਾਊਥਾਲ (ਇੰਗਲੈਂਡ) ਰਹਿੰਦੇ (ਇਕ) ਦੋਸਤ ਨੇ ਦਾਸ ਨੂੰ ਹੱਡ ਬੀਤੀ ਆਖ ਸੁਣਾਈ ਹੈ ਕਿ ਓਹ ਲਹਿੰਦਾ ਪੰਜਾਬ ਤੇ ਸਿੱਖ ਗੁਰੂਆਂ ਨਾਲ ਸਬੰਧਤ ਸਥਾਨ ਵੇਖਣ ਲਈ ਪਾਕਿਸਤਾਨ ਜਾਣਾ ਲੋਚਦਾ ਸੀ। ਜਦੋਂ, ਜਾਣ ਦੀ ਤਿਆਰੀ ਰਵਾਂ ਸੀ, ਉਦੋਂ ਕਈ ਜਣੇ ਰੋਕਦੇ ਸਣ, ਪਾਕਿਸਤਾਨ ਨਾ ਜਾਵੀਂ, ਹੋਰ ਕਿਸੇ ਮੁਲਕ ਦੇ ਸਫ਼ਾਰਤਖਾਨੇ ਦੇ ਮੁਲਾਜ਼ਮ ਨੇ ਵੀਜ਼ਾ ਨਹੀਂ ਲਾਉਣਾ! ਇਹ ਹੋ ਜੂ ਗਾ, ਔਹ ਹੋ ਜੂ ਗਾ!! ਓਹਨੇ ਹਰੇਕ ਜਣੇ ਨੂੰ ਇਹੀ ਜੁਆਬ ਦਿੱਤਾ ਕਿ ਜੋ ਮਰਜ਼ੀ ਹੋ ਜਾਵੇ, ਲਹਿੰਦੇ ਪੰਜਾਬ ਜ਼ਰੂਰ ਜਾਵਾਂਗਾ। … ਤੇ ਓਹ ਜਾ ਵੀ ਆਇਆ ਐ।
ਫੇਰ ਕਨੇਡਾ ਗਾਹੁਣ ਲਈ ਵੀਜ਼ਾ ਲੁਆਉਣਾ ਚਾਹੁੰਦਾ ਸੀ। ਕਮਲ ਕੰਗ ਨਾਂ ਦੀ ਭਰਤੀ ਪਿਛੋਕੜ ਵਾਲੀ ਇਕ ਭੈਣ ਓਥੇ ਕੰਮ ਉੱਤੇ ਲੱਗੀ ਸੀ। ਕਹਿੰਦੀ, ਤੁਹਾਡੇ ਪਾਸਪੋਰਟ ਉੱਤੇ ਇਹ ਵੀਜ਼ਾ ਲੱਗਾ ਹੋਇਆ ਹੈ, “ਓਥੇ” ਗਏ ਸੀ? ਕਨੇਡਾ ਦੇਸ ਦੀ ਬਿਨਾਅ ਉੱਤੇ ਮੈਂ (ਕਮਲ) ਤੁਹਾਨੂੰ ਵੀਜ਼ਾ ਕਿਉਂ ਦੇਆਂ? ਸਾਡਾ ਸਾਊਥਾਲ ਵਾਲਾ ਮਿੱਤਰ ਆਲਮੀ ਜੀਅ ਹੈ, ਕਵਿਤਾਵਾਂ/ਸਾਹਿਤ ਪੜ੍ਹਦਾ ਹੈ, ਬਾਬਾ ਨਾਨਕ ਦੇ ਪੈਗ਼ਾਮ ਨੂੰ ਸਮਝਦਾ ਹੈ, ਓਹਨੇ ਕਮਲਪ੍ਰੀਤ ਕੰਗ ਨਾਂ ਦੀ ਕਰਮਚਾਰਨ ਨੂੰ ਸਾਹਿਤਕ ਜਾਂ ਸੂਫ਼ੀਆਨਾ ਨੌਈਅਤ ਦਾ ਜਵਾਬ ਦਿੱਤਾ, ਕਹਿੰਦਾ, “ਕਮਲ ਤੂੰ ਵੀ ਪੰਜਾਬੀ ਤੇ ਸਿੱਖ ਪਰਵਾਰ ਦੀ ਜਾਪਦੀ ਏ, ਤੂੰ ਦੱਸ? ਜਿੱਥੇ ਬਾਬਾ ਨਾਨਕ ਜੀ ਵਿਚਰੇ ਹੋਣਗੇ, ਜਿਹੜੀ ਧਰਤ ਬਾਬੇ ਬੁੱਲ੍ਹੇ ਸ਼ਾਹ ਦੇ ਕਦਮਤਾਲ ਦੀ ਗਵਾਹ ਰਹੀ ਹੈ, ਜਿੱਥੇ ਬਾਬਾ ਵਾਰਸ ਸ਼ਾਹ ਦਾ ਗਰਾਂ ਸੀ, ਮੈਂ ਓਥੇ ਜਾ ਕੇ ਕਿਹੜਾ ਗੁਨਾਹ ਕਰ ਆਇਆ ਹਾਂ? ਕਮਲ ਤੂੰ ਅਫ਼ਸਰ ਏ, ਅਥਾਰਟੀ ਏ, ਭੈਣੇ, ਸਿਲੇਬਸ ਦੀ ਪੜ੍ਹਾਈ ਕਰ ਕੇ ਈ ਇੱਥੇ ਕੰਮ ਉੱਤੇ ਲੱਗੀ ਹੋਵੇਂਗੀ, ਬੁੱਸ ਏਨੀ ਅਰਜ਼ ਹੈ ਕਿ ਸਾਹਿਤ ਨਾਲ ਜ਼ਰੂਰ ਜੁੜੀ..! ਫੇਰ, ਕੁਲ ਦੁਨੀਆਂ ਦੀਆਂ ਸਰਕਾਰਾਂ ਦਾ ਪ੍ਰਾਪੇਗੰਡਾ ਇਕ ਪਾਸੇ ਹੋਊਗਾ, ਤੇਰਾ ਅੰਦਰਲਾ ਬਿਬੇਕ ਦੂਜੇ ਪਾਸੇ ਹੋਊਗਾ।” ਓਹ, ਕਮਲ ਤਾਂ ਵਚਾਰੀ ਸੋਚ ਵੀ ਨਹੀਂ ਸਕਦੀ ਹੋਊਗੀ ਕਿ ਕੋਈ ਸਿੱਖ ਭਰਾ ਇਹੋ ਜਿਹੀ ਗੱਲ ਵੀ ਕਰਨ ਆਊਗਾ। ਸਾਊਥਾਲ ਆਲਾ ਖੋਜੀ ਦੱਸਦਾ ਹੈ ਕਿ ਏਸ ਸਫਾਰਤੀ ਮੁਲਾਜ਼ਮ ਨੇ ਤਾਂ ਵੀਜ਼ਾ ਲਵਾਉਣ ਲਈ ਓਹਨੂੰ ਇੰਟਰਵੀਊ ਪੈਨਲ ਕੋਲ ਨਹੀਂ ਭੇਜਿਆ ਸੀ, ਪਰ, ਅਗਲੇ ਯਤਨ ਦੌਰਾਨ ਓਹ, ਕਨੇਡਾ ਦਾ ਵੀਜ਼ਾ ਲੁਆ ਕੇ ਸਫ਼ਰ ਦੀਆਂ ਰੀਝਾਂ ਪੁਗਾ ਆਇਆ ਸੀ। ਫੇਰ, ਅਮਰੀਕਾ ਦਾ ਵੀਜ਼ਾ ਵੀ ਲੱਗ ਗਿਆ ਸੀ! ਫੇਰ, ਚੱਲ ਸੋ ਚੱਲ..!!
*****
ਮੁੜ, ਕਰਤਾਰਪੁਰ ਲਾਂਘੇ ਦੀ ਗੱਲ ਤੋਰਦੇ ਹਾਂ, ਕਰੋਨਾ ਵਬਾ ਫੈਲੀ ਸੀ ਤਾਂ ਇਹ ਲਾਂਘਾ ਬੰਦ ਕਰ ਦਿੱਤਾ ਗਿਆ। ਸਾਰੇ ਸ਼ਰਧਾਲੂ ਤੇ ਸੈਲਾਨੀ ਫ਼ਿਤਰਤ ਦੇ ਪੰਜਾਬੀ ਉਦਾਸੀ ਦੀ ਅਵਸਥਾ ਵਿਚ ਅੱਪੜ ਗਏ ਸਨ, “ਖਾਓ, ਪੀਓ, ਮੌਜਾਂ ਕਰੋ” ਦਾ ਡਾਇਲਾਗ ਸੁਣਾਉਣ ਵਾਲੇ ਸਾਡੇ ਪੰਜਾਬੀ ਭਰਾ ਤੇ ਭੈਣਾਂ ਸਾਨੂੰ ਇਹੀ ਮੱਤਾਂ ਦਿੰਦੇ ਰਹੇ। ਕਈ ਜਣੇ ਜਿੰਨਾਂ ਨੇ ਸਨੀ ਦਿਓਲ ਦੀ ਮਸਾਲਾ ‘ਫ਼ਿਲਮ ਗ਼ਦਰ’ ਦਰਜਨਾਂ ਵਾਰ ਵੇਖੀ ਸੀ, ਬਿਨਾਂ ਗੱਲੋਂ ਮੁੜ ਵੇਖ ਲਈ। ਕੰਗਨਾ ਰਨੋਟ ਵਰਗੀਆਂ ਕਲਾਕਾਰਾਂ ਦੇ ਬੇਤੁਕੇ ਬਿਆਨ ਪੜ੍ਹਦੇ ਰਹੇ। ਕਨੇਡੀਅਨ ਨਾਗਰਿਕ ਅਕਸ਼ੈ ਕੁਮਾਰ ਦੀਆਂ ਐਕਸ਼ਨ ਮੂਵੀਆਂ ਤੱਕਦੇ ਰਹੇ। ਅਮਿਤਾਭ ਬਚਣ, ਸੁਨੀਲ ਸ਼ੈਂਟੀ ਵਗੈਰਾ ਦੀਆਂ ਵੇਖੀਆਂ ਫ਼ਿਲਮਾਂ ਵੇਖਦੇ ਰਹੇ!! ਮੱਤ ਵੀ ਉਹੋ ਜਿਹੀ ਹੁੰਦੀ ਗਈ!! ਕਈ ਜਣੇ ਅੰਜਨਾ ਓਮ ਕਸ਼ਯਪ, ਚਿਤਰਾ ਤ੍ਰਿਪਾਠੀ, ਰੂਬੀਕਾ ਲਿਆਕਤ, ਸ਼ਵੇਤਾ ਸਿੰਹ ਦਾ ਪ੍ਰਾਪੇਗੰਡਾ ਵੇਖ ਕੇ ਖੂਨ ਤੱਤਾ ਕਰਦੇ ਰਹੇ!!
****
ਹੁਣ, ਲਾਂਘਾ ਫੇਰ ਖੋਲ੍ਹ ਦਿੱਤਾ ਗਿਆ ਹੈ। ਇਕ ਪਾਸੇ ਬਾਲੀਵੁੱਡ ਦੀਆਂ ਵਾਹਯਾਤ ਫ਼ਿਲਮਾਂ ਹਨ, ਫੂਹੜ ਫ਼ਿਲਮੀ ਹੀਰੋਆਂ ਦਾ ਗੁਪਤ ਏਜੰਡਾ ਹੈ, ਪੰਜਾਬੀ ਕੌਮ ਨੂੰ ਧਰਮਾਂ, ਬਰਾਦਰੀਆਂ ਵਿਚ ਵੰਡਣ ਦਾ ਹਕੂਮਤੀ ਪ੍ਰੋਗਰਾਮ ਲਾਗੂ ਕੀਤਾ ਜਾ ਰਿਹਾ ਹੈ। ਫ਼ਿਲਮੀ ਕਲਾਕਾਰ ਤਾਂ ਸਿਆਸੀ ਮਾਲਕਾਂ ਦੀ ਸੇਵਾ ਸਦਕਾ, ਪਦਮਸ੍ਰੀ, ਪਦਮ ਭੂਸ਼ਣ ਤੇ ਹੋਰ ਇਨਾਮ ਖੱਟ ਲੈਣਗੇ। ਆਪਾਂ, ਕੀ ਕਰਨਾ ਐ? ਇਨ੍ਹਾਂ ਕਲਾਕਾਰਾਂ ਨੂੰ ਧਨਾਢ ਬਣਾਉਣਾ ਹੈ!!
****
ਡੇਰਾ ਬਾਬਾ ਨਾਨਕ ਲਾਗੇ ਕੌਮਾਂਤਰੀ ਸਰਹੱਦ ਲਾਗੇ ਤੇ ਦਰਸ਼ਨੀ ਥਾਂ (ਸੰਸਕ੍ਰਿਤ ਦਾ ਲਫ਼ਜ਼ ਹੈ ਸਥਲ) ਤੋਂ ਅਸੀਂ ਹੱਥ ਜੋੜ ਜੋੜ ਨਮਸਕਾਰਾਂ ਕਰਦੇ ਰਹੇ ਹਾਂ।
ਆਓ, ਇਕ ਕਾਰਜ ਹੋਰ ਕਰੀਏ। ਬਾਲੀਵੁੱਡ ਫ਼ਿਲਮਾਂ ਬਣਾਉਣ ਵਾਲਿਆਂ ਨੇ ਆਪਣੀ ਦਿਮਾਗ਼ੀ ਤੇ ਨਜ਼ਰਿਆਤੀ ਗੰਦਗੀ ਭਾਵੇਂ ਸਾਡੇ ਸਿਰਾਂ ਵਿਚ ਵਾੜ ਦਿੱਤੀ ਹੋਈ ਹੈ, ਓਸ ਗੰਦਗੀ ਨੂੰ ਸਾਫ਼ ਕਰਨ ਦੀ ਨੀਤ ਕਰੀਏ। ਗੁਆਂਢੀ ਮੁਲਕਾਂ ਨਾਲ ਸਾਊ ਗੁਆਂਢੀ ਬਣ ਕੇ ਰਹਿਣ ਦਾ ਯਤਨ ਕਰੀਏ। ਬਾਲੀਵੁੱਡ ਦੀਆਂ ਕਾਲੀਆਂ ਭੇਡਾਂ ਦੇ ਏਜੰਡੇ ਤੇ ਪ੍ਰਾਪੇਗੰਡਾ ਅਧਾਰਤ ਫ਼ਿਲਮਾਂ ਨੂੰ “ਮਨ ਪਰਚਾਵਾ” ਮੰਨੀਏ, ਨਫਰਤ ਵਧਾਊ ਘਟਨਾਵਾਂ ਦੀ ਖੋਜ ਕਰੀਏ। ਗੁੱਝੇ ਵੈਰੀਆਂ ਨੂੰ ਪਛਾਣੀਏ!
ਕਿਹਾ ਜਾਂਦਾ ਹੈ ਕਿ ਜੇ ਕਿਤੇ ਜ਼ਮੀਨ ਦੀ ਅਦਲਾ ਬਦਲੀ ਤਹਿਤ ਕਰਤਾਰਪੁਰ ਦਾ ਗੁਰਦੁਆਰਾ ਤੇ ਹੋਰ ਅਸਥਾਨ, ਅੱਜ, ਭਾਰਤ ਵਿਚ ਰਲਾ ਲਏ ਜਾਣ ਤਾਂ 97 ਫੀਸਦ ਸ਼ਰਧਾਲੂ ਕਦੇ ਲਹਿੰਦੇ ਪੰਜਾਬ ਦਾ ਜ਼ਿਕਰ ਵੀ ਨਹੀਂ ਕਰਨਗੇ!!
******
ਸਕੂਲਾਂ, ਯੂਨੀਵਰਸਿਟੀਆਂ ਦਾ ਸਿਲੇਬਸ ਪੜ੍ਹ ਕੇ ਏਥੇ ਤੱਕ ਪੁੱਜ ਗਏ ਹਾਂ, ਹੁਣ ਰੰਗ ਮੰਚ, ਸਾਹਿਤਕ ਕਿਤਾਬਾਂ ਤੇ ਕਲਾ ਫ਼ਿਲਮਾਂ ਵੀ ਵੇਖੀਏ। ਜਿਹੜੇ ਬਾਲੀਵੁੱਡ ਕਲਾਕਾਰ ਸਾਨੂੰ “ਸਰਹੱਦ ਪਾਰ ਪੰਜਾਬੀਆਂ” ਵਿਰੁੱਧ ਭੜਕਾਉਂਦੇ ਰਹੇ ਹਨ, ਗੁਮਰਾਹ ਵੋਟਰਾਂ ਨੇ ਉਨ੍ਹਾਂ ਨੂੰ ਸੰਸਦ ਦੀ ਮੈਂਬਰੀ ਬਖਸ਼ੀ ਸੀ, ਪਰ, ਓਹ ਕਲਾਕਾਰ ਸੰਸਦ ਵਿਚ ਲੋਕ ਹਿਤੈਸ਼ੀ ਕਾਰਜ ਨਹੀਂ ਕਰ ਸਕੇ!
ਕਈ ਜਣੇ ਤਾਂ ਗ਼ੈਰ ਹਾਜ਼ਰ ਈ ਰਹੇ! ਕੋਈ ਜੇ ਗੇੜਾ ਮਾਰਦਾ ਰਿਹਾ ਹੈ ਤਾਂ ਮੂੰਹੋਂ ਇਕ ਲਫ਼ਜ਼ ਨਹੀਂ ਬੋਲਿਆ। ਮੈਂ ਕਿਸੇ ਸੰਸਦੀ ਹਲਕੇ ਦਾ ਨਾਂ ਨਹੀਂ ਲੈਣਾ, ਕਿਉਂਕਿ ਜੇ ਮੈਂ, ਨਾਂ ਲਿਖ ਦਿੱਤਾ ਤਾਂ ਤੁਸੀਂ ਸਮਝ ਜਾਣਾ ਏ ਕਿ ਮੈਂ, ਗੁਰਦਾਸਪੁਰ ਹਲਕੇ ਦੀ ਗੱਲ ਕਰ ਰਿਹਾ ਹਾਂ।
******
ਸੋ, ਆਓ, ਬਾਬਾ ਨਾਨਕ ਦੇ ਦਿਖਾਏ ਰਾਹ ਉੱਤੇ ਚੱਲਣ ਦਾ ਜਤਨ ਕਰਦੇ ਹਾਂ, ਲਾਂਘਾ ਖ਼ੁੱਲ੍ਹ ਗਿਆ ਏ, ਅਸੀਂ ਵੀ ਆਪਣੇ ਨਜ਼ਰੀਏ ਦੇ ਫਾਟਕ ਖੋਲ੍ਹਣ ਵੱਲ ਅਹੁੜੀਏ ਤੇ ਨਫਰਤਾਂ ਦਾ ਭੋਗ ਪਾ ਕੇ “ਪੰਜਾਬੀ ਆਲਮ” ਵਿਚ ਮੁਹੱਬਤਾਂ ਦੀ ਹਵਾ ਪੈਦਾ ਕਰੀਏ। ਕਹਿੰਦੇ ਨੇ ਨਜ਼ਰ ਦਾ ਓਪਰੇਸ਼ਨ ਹੋ ਸਕਦੈ ਪਰ ਨਜ਼ਰੀਏ ਦਾ ਨਹੀਂ!! ਜਦਕਿ ਅਸੀਂ ਨਜ਼ਰੀਏ ਦਾ ਓਪਰੇਸ਼ਨ ਕਰਨਾ ਐ। … ਤੇ ਹੁਣੇ ਈ ਕਰਨਾ ਐ! ਹਾਂ, ਅਸੀਂ ਨਜ਼ਰੀਏ ਦਾ ਓਪਰੇਸ਼ਨ ਕਰਨਾ ਏ। ਫ਼ਿਲਮੀ ਕਲਾਕਾਰਾਂ ਦੀ ਸੋਚ ਉਨ੍ਹਾਂ ਨੂੰ ਮੁਬਾਰਕ।
ਸੰਪਰਕ : ਸਰੂਪ ਨਗਰ। ਰਾਓਵਾਲੀ।
+916284336773 9465329617