(ਸਮਾਜ ਵੀਕਲੀ)
ਕਲਮ ਕੀ ਚੀਜ਼ ਏ ਸਾਈਆਂ,
ਅੱਜ ਤੱਕ ਸਮਝ ਨਾਂ ਆਈ..
ਦਿਖਣ ਨੂੰ ਨਾਜ਼ੁਕ ਕਿੰਨੀ ਏ,
ਪਰ ਬੜੀ ਸ਼ਾਤਰ ਤੂੰ ਬਣਾਈ ..
ਖੂਨ-ਏ ਜਿਗਰ ਦੇ ਅਪਣਾ,
ਸਾਡੇ ਇਹ ਦਰਦ ਲਿਖਦੀ ਏ…
ਕਿਤੇ ਏ ਬਣ ਪੀੜ ਮੁਹੱਬਤਾਂ ਦੀ,
ਹੰਝੂਆਂ ਦੇ ਨਾਲ ਵਹਿ ਤੁਰਦੀ ਏ…
ਕਦੇ ਬਣ ਵਸਲ ਦੀ ਰਾਗਨੀ,
ਰਾਗ ਮਲ੍ਹਾਰ ਗਾ ਤੁਰਦੀ ਏ…
ਕਦੇ ਜਦ ਵੈਰਾਗੀ ਹੋ ਜਾਵੇ,
ਤਾਂ ਵੈਣ ਪਾਵੇ ਪਿੱਟ ਛਾਤੀ ਤੁਰਦੀ ਏ..
ਕਦੇ ਸਿਫਤਾਂ ਦੇ ਬੰਨਦੀ ਪੁੱਲ,
ਕਦੇ ਬੁਰਾਈਆਂ ਦੀਆਂ ਪਰਤਾਂ ਖੋਲਦੀ ਏ..
ਜਦੋ ਇਹ ਬੋਲਣ ਤੇ ਆਵੇਂ ਤਾਂ,
ਕਿੰਨਾ ਸੱਚ ਇਹ ਬੋਲਦੀ ਏ…
ਲਿਆਉਦੀ ਇਨਕਲਾਬ ਇਹ ਦੁਨੀਆ ਤੇ,
ਜਦੋ ਜੁਝਾਰੂ ਹੱਥਾਂ ਵਿੱਚ ਆਉਂਦੀ ਏ ..
ਫੇਰ ਇਹ ਨਰਮ ਨਾਜ਼ੁਕ ਨਾਂ ਰਹਿੰਦੀ,
ਖੁੱਦ ਨੂੰ ਤਲਵਾਰ ਕਹਾਉਂਦੀ ਏ…
ਕਰ ਏ ਸਤਿਆ ਨਾਸ ਦਿੰਦੀ ਏ,
ਜਦੋ ਹੋ ਗੁਲਾਮ ਇਹ ਲਿਖਦੀ ਏ,
ਫ਼ਿਰ ਰੋਲ ਦਿੰਦੀ ਦੁਨੀਆ ਨੂੰ,
ਜਦ ਚੰਦ ਠੀਕਰਾ ਪਿੱਛੇ ਇਹ ਵਿਕਦੀ ਏ..
ਕਲਮਾਂ ਵਾਲਿਓ ਯੋਧਿਓ ਸੁਣੋ,
ਅੱਜ ਹੱਥ ਜੋੜ ਕਰਾਂ ਅਰਜੋਈ,
ਲਿਖੋ ਇਸ਼ਕ ਕੋਈ ਇਲਾਹੀ “ਪ੍ਰੀਤ “,
ਰੂਹਾਂ ਨੂੰ ਸਕੂਨ ਸੱਚੇ ਦਰ ਦੀ ਢੋਈ…
ਲਿਖੋ ਕੋਈ ਗੀਤ ਸੱਭਿਆਚਾਰਾਂ ਲਈ,
ਕਰੋ ਕੁਝ ਟੁੱਟਦੇ ਜਾਂਦੇ ਪਰਿਵਾਰਾਂ ਲਈ…
ਜਿਸਮਾਂ ਦੀ ਮਿਣਤੀ ਗਿਣਤੀ ਛੱਡ ਕੇ,
ਲਿਖੋ ਕੁਝ ਬਹਾਦੁਰ ਸ਼ੇਰ ਨਾਰਾ ਲਈ….
ਛੱਡੋ ਲਿਖਣਾ ਬੰਦੂਕਾਂ ਅਸਲੇ ਲੈ ਕੇ ,
ਧੀਆਂ,ਭੈਣਾਂ, ਔਰਤਾਂ ਉੱਤੇ ਲਿਖਣਾ…
ਲਿਖੋ ਸੂਰਮੇ ਯੋਧਿਆਂ ਦੀਆਂ ਵਾਰਾਂ,
ਨਹੀਂ ਤਾਂ ਆਉਂਦੇ ਸਮੇ ਚ ਕੋਈ ਮਰਦ ਨਹੀਂ ਦਿਖਣਾ…
ਡਾ. ਲਵਪ੍ਰੀਤ ਕੌਰ “ਜਵੰਦਾ”
9814203357
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly