ਡੇਰਾਬੱਸੀ (ਸਮਾਜ ਵੀਕਲੀ) : ਸ਼ਹਿਰ ਵਿੱਚ ਅਪਰਾਧਿਕ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ, ਪਰ ਸ਼ਹਿਰ ਦੇ ਸਿਰਫ਼ ਚਾਰ ਪੁਆਇੰਟਾਂ ’ਤੇ ਹੀ ਸੀਸੀਟੀਵੀ ਕੈਮਰੇ ਸਥਾਪਤ ਹਨ ਜਦਕਿ ਸ਼ਹਿਰ ਦੇ ਇੱਕ ਦਰਜਨ ਦੇ ਕਰੀਬ ਹੋਰ ਅਜਿਹੇ ਪੁਆਇੰਟ ਹਨ ਜਿਨ੍ਹਾਂ ’ਤੇ ਸੀਸੀਟੀਵੀ ਹੋਣੇ ਬੇਹੱਦ ਲਾਜ਼ਮੀ ਹਨ।
ਜਾਣਕਾਰੀ ਅਨੁਸਾਰ ਇਸ ਵੇਲੇ ਸ਼ਹਿਰ ਦੇ ਚੰਡੀਗੜ੍ਹ- ਅੰਬਾਲਾ ਕੌਮੀ ਸ਼ਾਹਰਾਹ ’ਤੇ ਪਿੰਡ ਭਾਂਖਰਪੁਰ ਟਰੈਫਿਕ ਲਾਈਟ ’ਤੇ ਛੇ ਸੀਸੀਟੀਵੀ ਕੈਮਰੇ, ਫਲਾਈਓਵਰ ਦੇ ਹੇਠਾਂ ਬਰਵਾਲਾ ਚੌਕ ਵਿੱਚ ਅੱਠ ਸੀਸੀਟੀਵੀ ਕੈਮਰੇ, ਬਰਵਾਲਾ ਰੋਡ ’ਤੇ ਪੈਂਦੇ ਬੇਹੜਾ ਮੋੜ ’ਤੇ ਤਿੰਨ ਕੈਮਰੇ ਅਤੇ ਪੁਲੀਸ ਸਟੇਸ਼ਨ ਦੇ ਬਾਹਰ ਤਿੰਨ ਕੈਮਰੇ ਸਥਾਪਤ ਹਨ ਜਦਕਿ ਇਸ ਤੋਂ ਇਲਾਵਾ ਸ਼ਹਿਰ ਦੇ ਬਾਹਰੀ ਪੁਆਇੰਟਾਂ ਵਿੱਚ ਹੈਬਤਪੁਰ ਰੋਡ, ਗੁਲਾਬਗੜ੍ਹ ਰੋਡ, ਕਾਲਜ ਰੋਡ, ਈਸਾਪੁਰ ਫਾਟਕ, ਧਨੌਨੀ ਰੋਡ, ਮੁਬਾਰਕਪੁਰ ਸੜਕ, ਚੰਡੀਗੜ੍ਹ-ਅੰਬਾਲਾ ਹਾਈਵੇਅ ’ਤੇ ਅੰਬਾਲਾ ਵਾਲੇ ਪਾਸੇ ਅਤੇ ਸ਼ਹਿਰ ਦੇ ਅੰਦਰੂਨੀ ਖੇਤਰ ਵਿੱਚ ਰਾਮਲੀਲਾ ਮੈਦਾਨ, ਪੁਰਾਣੀ ਅਨਾਜ ਮੰਡੀ, ਗੁਲਾਬਗੜ੍ਹ ਰੋਡ, ਕਾਲਜ ਰੋਡ ਅਤੇ ਹੈਬਤਪੁਰ ਰੋਡ ਦੀ ਮਾਰਕੀਟ ਵਿੱਚ, ਤਹਿਸੀਲ ਰੋਡ ’ਤੇ ਕੈਮਰੇ ਲਾਜ਼ਮੀ ਹਨ ਜਿੱਥੇ ਹਰ ਵੇਲੇ ਭੀੜ ਰਹਿੰਦੀ ਹੈ।
ਸ਼ਹਿਰ ਵਿੱਚ ਲੰਘੇ ਸਮੇਂ ਦੌਰਾਨ ਅਪਰਾਧਿਕ ਘਟਨਾਵਾਂ ਲਗਾਤਾਰ ਵਧਦੀ ਜਾ ਰਹੀਆਂ ਹਨ। ਲੰਘੇ ਦਿਨੀਂ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਦੇ ਦਫ਼ਤਰ ਤੋਂ ਹਥਿਆਰਬੰਦ ਲੁਟੇਰੇ ਸ਼ਰ੍ਹੇਆਮ ਇੱਕ ਕਰੋੜ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਆਸਾਨੀ ਨਾਲ ਫ਼ਰਾਰ ਹੋ ਗਏ ਸਨ। ਲੁਟੇਰਿਆਂ ਨੇ ਪਿੱਛਾ ਕਰ ਰਹੇ ਇੱਕ ਫ਼ਲ ਵਿਕਰੇਤਾ ਨੂੰ ਗੋਲੀ ਮਾਰ ਜ਼ਖ਼ਮੀ ਕਰ ਦਿੱਤਾ ਸੀ ਜਿਸ ਦੀ ਚੰਡੀਗੜ੍ਹ ਪੀਜੀਆਈ ’ਚ ਇਲਾਜ ਮਗਰੋਂ ਜਾਨ ਬਚੀ ਸੀ।
ਇਸ ਤੋਂ ਇਲਾਵਾ ਅਕਸਰ ਸ਼ਹਿਰ ਵਿੱਚ ਔਰਤਾਂ ਦੇ ਗਲ ਵਿੱਚ ਪਾਈ ਸੋਨੇ ਦੇ ਚੇਨ ਸਣੇ ਹੋਰ ਗਹਿਣੇ ਅਤੇ ਆਮ ਲੋਕਾਂ ਦੇ ਹੱਥਾਂ ਵਿੱਚੋਂ ਮੋਬਾਈਲ ਸਣੇ ਨਕਦੀ ਝਪਟਣ ਦੀ ਵਾਰਦਾਤਾਂ ਆਮ ਵਾਪਰਦੀਆਂ ਰਹਿੰਦੀਆਂ ਹਨ। ਜੇਕਰ ਸ਼ਹਿਰ ਵਿੱਚ ਉਕਤ ਸਾਰੇ ਪੁਆਇੰਟਾਂ ’ਤੇ ਕੈਮਰੇ ਲੱਗ ਜਾਣ ਤਾਂ ਕਿਸੇ ਵੀ ਅਪਰਾਧੀ ਲਈ ਸ਼ਹਿਰ ਵਿੱਚ ਵਾਰਦਾਤ ਨੂੰ ਅੰਜਾਮ ਦੇ ਕੇ ਕੈਮਰੇ ਤੋਂ ਬਚ ਕੇ ਨਿਕਲਣਾ ਕਾਫ਼ੀ ਮੁਸ਼ਕਲ ਹੋ ਜਾਵੇਗਾ।
ਡੀਐੱਸਪੀ ਡੇਰਾਬੱਸੀ ਹਰਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਯੋਜਨਾ ਬਣਾ ਕੇ ਭੇਜੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਛੇਤੀ ਹੀ ਸ਼ਹਿਰ ਦੇ ਬਾਹਰ ਅਤੇ ਅੰਦਰੂਨੀ ਥਾਵਾਂ ’ਤੇ ਕੈਮਰੇ ਸਥਾਪਤ ਕੀਤੇ ਜਾਣਗੇ ਜਿਸ ਨਾਲ ਵਾਰਦਾਤਾਂ ਨੂੰ ਰੋਕਣ ਅਤੇ ਸੁਲਝਾਉਣ ਵਿੱਚ ਕਾਫ਼ੀ ਮਦਦ ਮਿਲੇਗੀ।