ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਕਿਹਾ ਹੈ ਕਿ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਸਾਫ਼ ਹੈ ਕਿ ਭਾਜਪਾ ਅਤੇ ਵਿਰੋਧੀ ਧਿਰਾਂ ’ਚ ਮੁਕਾਬਲਾ ਅੱਜ ਵੀ ਬਰਾਬਰ ਦਾ ਹੈ ਅਤੇ ਹੁਣ ਦੇਖਦੇ ਹਾਂ ਕਿ 2022 ’ਚ ਕੀ ਹੁੰਦਾ ਹੈ। ਉਨ੍ਹਾਂ ਟਵੀਟ ਕੀਤਾ,‘‘ਤੀਹ ਸੀਟਾਂ ’ਤੇ ਹੋਈ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਇਹ ਹੈ ਕਿ ਭਾਜਪਾ ਨੇ ਸੱਤ ਅਤੇ ਉਸ ਦੇ ਭਾਈਵਾਲਾਂ ਨੇ ਅੱਠ ਸੀਟਾਂ ਜਿੱਤੀਆਂ।
ਕਾਂਗਰਸ ਨੇ ਅੱਠ ਸੀਟਾਂ ਜਿੱਤੀਆਂ। ਗ਼ੈਰ-ਭਾਜਪਾ ਪਾਰਟੀਆਂ ਨੇ ਸੱਤ ਸੀਟਾਂ ਜਿੱਤੀਆਂ ਜਿਨ੍ਹਾਂ ’ਚੋਂ ਸਿਰਫ਼ ਇਕ ਸੀਟ ਭਾਜਪਾ ਦੇ ਇਕ ਹੋਰ ਸਹਿਯੋਗੀ ਵਾਈਐੱਸਆਰ ਕਾਂਗਰਸ ਨੇ ਜਿੱਤੀ ਹੈ ਜਦਕਿ ਛੇ ਹੋਰ ਸੀਟਾਂ ’ਤੇ ਭਾਜਪਾ ਦੇ ਵਿਰੋਧ ’ਚ ਖੜ੍ਹੀਆਂ ਪਾਰਟੀਆਂ ਨੇ ਜਿੱਤ ਹਾਸਲ ਕੀਤੀ ਹੈ। ਬਰਾਬਰੀ ਦਾ ਮੁਕਾਬਲਾ ਅੱਜ ਵੀ ਹੈ। 2022 ’ਚ ਹਵਾ ਦਾ ਰੁਖ ਕਿਹੜੇ ਪਾਸੇ ਹੋਵੇਗਾ?’’ ਜ਼ਿਕਰਯੋਗ ਹੈ ਕਿ ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ, ਤਿੰਨ ਵਿਧਾਨ ਸਭਾ ਸੀਟਾਂ, ਰਾਜਸਥਾਨ ਦੀਆਂ ਦੋ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਕਰਨਾਟਕ ਦੀਆਂ ਇਕ-ਇਕ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ।
ਉਧਰ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਦਾਅਵਾ ਕੀਤਾ ਕਿ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੂੰ ਦੇਖ ਕੇ ਆਖਿਆ ਜਾ ਸਕਦਾ ਹੈ ਕਿ ਭਾਜਪਾ ਦਾ ਗਲਬਾ ਟੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਥੇ ਵੀ ਕਾਂਗਰਸ ਅਤੇ ਭਾਜਪਾ ਦੀ ਸਿੱਧੀ ਟੱਕਰ ਸੀ, ਉਥੇ ਭਗਵਾ ਪਾਰਟੀ ਨੂੰ ਲੋਕ ਵਿਰੋਧੀ ਨੀਤੀਆਂ ਕਾਰਨ ਤਗੜਾ ਝਟਕਾ ਲੱਗਿਆ ਹੈ। ਵੇਣੂਗੋਪਾਲ ਨੇ ਈਂਧਣ ਅਤੇ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਤੇ ਬੇਰੁਜ਼ਗਾਰੀ ਲਈ ਵੀ ਮੋਦੀ ਸਰਕਾਰ ਦੀ ਨੁਕਤਾਚੀਨੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਆਪਣੇ ਪੂੰਜੀਪਤੀ ਦੋਸਤਾਂ ਦੀ ਸਹਾਇਤਾ ਲਈ ਨੀਤੀਆਂ ਘੜ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly