ਗਲਾਸਗੋ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਛੋਟੇ ਟਾਪੂਨੁਮਾ ਮੁਲਕਾਂ ’ਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ‘ਇਨੀਸ਼ੀਏਟਿਵ ਫਾਰ ਦਿ ਰਿਜ਼ੀਲੀਐਂਟ ਆਈਲੈਂਡ ਸਟੇਟਸ’ (ਆਈਆਰਆਈਐੱਸ) ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਇਹ ਸਭ ਤੋਂ ਸੰਵੇਦਨਸ਼ੀਲ ਮੁਲਕਾਂ ਲਈ ਕੁਝ ਕਰਨ ਦੀ ਨਵੀਂ ਉਮੀਦ, ਨਵਾਂ ਆਤਮਵਿਸ਼ਵਾਸ ਤੇ ਤਸੱਲੀ ਦਿੰਦੀ ਹੈ। ਜਲਵਾਯੂ ਸਿਖਰ ਸੰਮੇਲਨ ਦੇ ਦੂਜੇ ਦਿਨ ਇੱਥੇ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਬੋਰਿਸ ਜੌਹਨਸਨ ਵੀ ਹਾਜ਼ਰ ਸਨ। ਇਸ ਸਮਾਗਮ ’ਚ ਆਸਟਰੇਲਿਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨੀਓ ਗੁਟੇਰੇਜ਼ ਵੀ ਸ਼ਾਮਲ ਹੋੲੇ।
ਪ੍ਰਧਾਨ ਮੰਤਰੀ ਨੇ ਕਿਹਾ, ‘ਪਿਛਲੇ ਕੁਝ ਦਹਾਕਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਜਲਵਾਯੂ ਤਬਦੀਲੀ ਦੇ ਕਹਿਰ ਤੋਂ ਕੋਈ ਵੀ ਮੁਲਕ ਨਹੀਂ ਬਚ ਸਕਿਆ। ਭਾਵੇਂ ਉਹ ਵਿਕਸਿਤ ਦੇਸ਼ ਹੋਣ ਜਾਂ ਕੁਦਰਤੀ ਸਰੋਤਾਂ ਨਾਲ ਖੁਸ਼ਹਾਲ ਦੇਸ਼। ਇਸ ਸਾਰੇ ਮੁਲਕਾਂ ਲਈ ਵੱਡਾ ਖਤਰਾ ਹੈ।’ ਉਨ੍ਹਾਂ ਕਿਹਾ ਕਿ ਛੋਟੇ ਟਾਪੂਨੁਮਾ ਵਿਕਾਸਸ਼ੀਲ ਮੁਲਕਾਂ ਜਾਂ ਐੱਸਆਈਡੀਐੱਸ ਨੂੰ ਜਲਵਾਯੂ ਤਬਦੀਲੀ ਕਾਰਨ ਵੱਡੇ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਭਾਰਤ ਦੀ ਪੁਲਾੜ ਏਜੰਸੀ ਇਸਰੋ ਉਨ੍ਹਾਂ ਲਈ ਇੱਕ ਵਿਸ਼ੇਸ਼ ‘ਡੇਟਾ ਵਿੰਡੋ’ ਬਣਾਏਗੀ ਤਾਂ ਜੋ ਉਨ੍ਹਾਂ ਨੂੰ ਉਪਗ੍ਰਹਿ ਰਾਹੀਂ ਚੱਕਰਵਾਤ, ‘ਕੋਰਲ-ਰੀਫ’ ਨਿਗਰਾਨੀ, ਤੱਟੀ ਰੇਖਾ ਨਿਗਰਾਨੀ ਆਦਿ ਬਾਰੇ ਸਮੇਂ ਸਿਰ ਜਾਣਕਾਰੀ ਦਿੱਤੀ ਜਾ ਸਕੇ।
ਇਸ ਪ੍ਰੋਗਰਾਮ ਦੇ ਨਾਲ ਹੀ ਆਲਮੀ ਆਗੂਆਂ ਦੇ ਸਿਖਰ ਸੰਮੇਲਨ ਦੇ ਦੂਜੇ ਦਿਨ ਦੀ ਸ਼ੁਰੂਆਤ ਹੋਈ। ਇਹ ਪਹਿਲ ਆਫਤ ਰੋਕੂ ਬੁਨਿਆਦੀ ਢਾਂਚੇ ਲਈ ਗੱਠਜੋੜ ਦਾ ਹਿੱਸਾ ਹੈ ਜਿਸ ਤਹਿਤ ਵਿਸ਼ੇਸ਼ ਤੌਰ ’ਤੇ ਛੋਟੇ ਟਾਪੂਨੁਮਾ ਵਿਕਾਸਸ਼ੀਲ ਮੁਲਕਾਂ ਵੱਲ ਧਿਆਨ ਦਿੱਤਾ ਜਾਣਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਬਰਤਾਨਵੀ ਪ੍ਰਧਾਨ ਮੰਤਰੀ ਜੌਹਨਸਨ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਆਲਮੀ ਤਪਸ਼ ਕਾਰਨ ਛੋਟੇ ਟਾਪੂਨੁਮਾ ਮੁਲਕਾਂ ਲਈ ਖਤਰਾ ਖੜ੍ਹਾ ਹੋ ਗਿਆ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਇਸ ਮੁਹਿੰਮ ਨੂੰ ਅਗਵਾਈ ਦੇਣ ਲਈ ਭਾਰਤ ਤੇ ਬਰਤਾਨੀਆ ਦਾ ਧੰਨਵਾਦ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly