ਚੰਡੀਗੜ੍ਹ, (ਸਮਾਜ ਵੀਕਲੀ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ‘ਘਾੜਾ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੰਬਾਨੀ ਨੂੰ ਪੰਜਾਬ ਦੀ ਕਿਸਾਨੀ ’ਚ ਲਿਆਉਣ ਵਾਲਾ ਅਮਰਿੰਦਰ ਹੈ ਤੇ ਇਕ ਦੋ ਵੱਡੇ ਕਾਰਪੋਰੇਟਾਂ ਨੂੰ ਲਾਹਾ ਦੇਣ ਲਈ ਪੰਜਾਬ ਦੇ ਕਿਸਾਨਾਂ, ਛੋਟੇ ਵਪਾਰੀਆਂ ਤੇ ਕਿਰਤੀਆਂ ਨੂੰ ਤਬਾਹ ਕਰਨ ਲਈ ਵੀ ਸਾਬਕਾ ਮੁੱਖ ਮੰਤਰੀ ਜ਼ਿੰਮੇਵਾਰ ਹੈ। ਚੇਤੇ ਰਹੇ ਕਿ ਸਾਬਕਾ ਮੁੱਖ ਮੰਤਰੀ ਨੇ ਲੰਘੇ ਦਿਨ ਇਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਨਵਜੋਤ ਸਿੰਘ ਸਿੱਧੂ ’ਤੇ ਨਿਸ਼ਾਨੇ ਸੇਧੇ ਸਨ।
ਕੈਪਟਨ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੀਟਾਂ ਦੀ ਵੰਡ ਲਈ ਭਾਜਪਾ ਸਮੇਤ ਨਾਰਾਜ਼ ਅਕਾਲੀ ਧੜਿਆਂ ਨਾਲ ਹੱਥ ਮਿਲਾਉਣ ਅਤੇ ਜਲਦੀ ਹੀ ਨਵੀਂ ਸਿਆਸੀ ਪਾਰਟੀ ਬਣਾਉਣ ਦੇ ਕੀਤੇ ਐਲਾਨ ਕਰਕੇ ‘ਕਾਂਗਰਸ’ ਦੇ ਨਿਸ਼ਾਨੇ ’ਤੇ ਆ ਗਏ ਹਨ। ਸਿੱਧੂ ਨੇ ਸਾਬਕਾ ਮੁੱਖ ਮੰਤਰੀ ਦੇ ਹਵਾਲੇ ਨਾਲ ਕੀਤੇ ਟਵੀਟ ਵਿੱਚ ਕਿਹਾ, ‘‘ਤਿੰਨ ਕਾਲੇ ਕਾਨੂੰਨਾਂ ਦਾ ਨਿਰਮਾਤਾ…ਜੋ ਅੰਬਾਨੀ ਨੂੰ ਪੰਜਾਬ ਦੀ ਕਿਸਾਨੀ ’ਚ ਲੈ ਕੇ ਆਇਆ…ਜਿਸ ਨੇ ਇਕ ਦੋ ਕਾਰਪੋਰੇਟਾਂ ਨੂੰ ਲਾਭ ਪਹੁੰਚਾਉਣ ਲਈ ਪੰਜਾਬ ਦੇ ਕਿਸਾਨਾਂ, ਛੋਟੇ ਵਪਾਰੀਆਂ ਤੇ ਕਿਰਤੀਆਂ ਨੂੰ ਤਬਾਹ ਕੀਤਾ।’’
ਸਿੱਧੂ ਨੇ ਟਵੀਟ ਨਾਲ ਸਿੱਧੂ ਦੀ ਇਕ ਪੁਰਾਣੀ ਵੀਡੀਓ ਵੀ ਅਪਲੋਡ ਕੀਤੀ ਹੈ, ਜਿਸ ਵਿੱਚ ਉਹ ‘ਫੀਲਡ ਟੂ ਫੌਰਕ’ ਪ੍ਰੋਗਰਾਮ ਤਹਿਤ ਕੁਝ ਸਬਜ਼ੀਆਂ ਦੀਟਾਂ ਫ਼ਸਲਾਂ ਬਾਰੇ ਗੱਲ ਕਰਦੇ ਸੁਣਦੇ ਹਨ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਅਮਰਿੰਦਰ ਨੂੰ ‘ਮੌਕਾਪ੍ਰਸਤ’ ਦੱਸਿਆ ਸੀ।
ਉਨ੍ਹਾਂ ਕਿਹਾ ਸੀ ਕਿ ਅਮਰਿੰਦਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਨਾਲ ਧ੍ਰੋਹ ਕਮਾ ਰਹੇ ਸਨ। ਅਮਰਿੰਦਰ ਸਿੰਘ ਨੇ ਸਿੱਧੂ ਨਾਲ ਜਾਰੀ ਟਕਰਾਅ ਤੇ ਪਾਰਟੀ ਵਿਚਲੇ ਕਾਟੋ-ਕਲੇਸ਼ ਦੇ ਮੱਦੇਨਜ਼ਰ ਪਿਛਲੇ ਮਹੀਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪਾਰਟੀ ਹਾਈ ਕਮਾਨ ਨੇ ਮਗਰੋਂ ਚਰਨਜੀਤ ਸਿੰਘ ਚੰਨੀ ਨੂੰ ਨਵਾਂ ਮੁੱਖ ਮੰਤਰੀ ਥਾਪ ਦਿੱਤਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly