(ਸਮਾਜ ਵੀਕਲੀ)
ਅੱਜਕਲ ਜਿੱਥੇ ਦੇਖੋ ਬੇਈਮਾਨੀ ਦਾ ਬੋਲਬਾਲਾ ਹੈ। ਕਿਸੇ ਨੂੰ ਕਿਸੇ ਨਾਲ਼ ਕੋਈ ਫ਼ਰਕ ਨਹੀਂ ਪੈਂਦਾ। ਹਰ ਕੋਈ ਆਪਣੇ ਬਾਰੇ ਸੋਚ ਰਿਹਾ। ਸੱਭ ਆਪਣੀਆਂ ਜੇਬਾਂ ਭਰਨ ਵਿੱਚ ਹੋਏ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਐਨੇ ਪੈਸੇ ਆਪਾਂ ਕਿੱਥੇ ਲੈ ਕੇ ਜਾਣੇ ਹਨ?
ਕਈ ਵਾਰੀ ਇਹ ਦੇਖ ਕੇ ਬਹੁਤ ਅਫਸੋਸ ਹੁੰਦਾ ਹੈ ਕਿ 60-70 ਹਜ਼ਾਰ ਤਨਖਾਹ ਲੈਣ ਵਾਲ਼ਾ ਕਰਮਚਾਰੀ 3-4 ਸੌ ਰੁਪਏ ਕਮਾਉਣ ਵਾਲੇ ਗਰੀਬ ਮਜ਼ਦੂਰ ਤੋਂ ਰਿਸ਼ਵਤ ਲੈ ਕੇ ਉਸਦਾ ਕੰਮ ਕਰਦਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਐਨੀ ਤਨਖ਼ਾਹ ਨਾਲ਼ ਗੁਜ਼ਾਰਾ ਨਹੀਂ ਹੁੰਦਾ।
ਕਈ ਵਾਰੀ ਕਰੋੜਾਂ ਦਾ ਕਾਰੋਬਾਰ ਕਰਨ ਵਾਲ਼ਾ ਬੰਦਾ ਆਪਣੇ ਕਰਮਚਾਰੀਆਂ ਦੀ ਹਜਾਰਾਂ ਚ ਮਿਲਣ ਵਾਲੀ ਤਨਖ਼ਾਹ ਵਿੱਚ ਬੇਈਮਾਨੀ ਕਰਦਾ ਹੈ।
ਵੈਸੇ ਅਕਸਰ ਵੇਖਣ ਚ ਇਹ ਵੀ ਆਉਂਦਾ ਹੈ ਕਿ ਇਹ ਵਡੇ ਵਡੇ ਅਮੀਰ ਲੋਕ ਬੁੱਕ ਭਰ ਭਰ ਦਵਾਈਆਂ ਖਾਂਦੇ ਹਨ ਅਤੇ ਜੇ ਦਵਾਈਆਂ ਨਾ ਖਾਣ ਤਾਂ ਇਹ ਕੁੱਝ ਵੀ ਨਹੀਂ ਖਾ ਸਕਦੇ। ਇਹ ਲੋਕ ਪੈਸਿਆਂ ਵਿੱਚ ਖੁਸ਼ੀ ਲੱਭਦੇ ਹਨ ਪਰ ਖੁਸ਼ੀ ਤਾਂ ਗਰੀਬਾਂ ਦੀ ਝੁੱਗੀ ਵਿੱਚ ਰਹਿੰਦੀ ਹੈ। ਇਹ ਗਰੀਬ ਲੋਕ ਬੇਸ਼ੱਕ ਥੋੜਾ ਕਮਾਉਂਦੇ ਹਨ ਪਰ ਇਸ ਥੋੜੇ ਨਾਲ਼ ਹੀ ਉਹ ਆਪਣੇ ਪਰਿਵਾਰ ਦੀਆਂ ਮਹਿੰਗੀਆਂ ਖੁਸ਼ੀਆਂ ਖਰੀਦ ਲੈਂਦੇ ਹਨ।
ਅੱਜ ਸਾਡੇ ਦੇਸ਼ ਦਾ ਨੌਜਵਾਨ ਵਿਦੇਸ਼ਾਂ ਨੂੰ ਭੱਜ ਰਿਹਾ ਹੈ। ਆਖ਼ਿਰ ਕਿਉਂ ? ਕਿਉਂ ਓਹ ਆਪਣੇ ਦੇਸ਼ ਵਿੱਚ ਨਹੀਂ ਰਹਿਣਾ ਚਾਹੁੰਦਾ? ਕਿਉਂ ਮਾਂ ਬਾਪ ਆਪਣੇ ਜਿਗਰ ਦੇ ਟੋਟਿਆਂ ਨੂੰ ਦੂਰ ਭੇਜਣ ਲਈ ਮਜ਼ਬੂਰ ਹੋ ਰਹੇ ਹਨ?
ਇਹਨਾਂ ਸਾਰੇ ਸਵਾਲਾਂ ਦਾ ਜਵਾਬ ਇਹੀ ਹੈ ਕਿ ਅਸੀਂ ਆਪਣੇ ਦੇਸ਼ ਨੂੰ ਨਰਕ ਸਮਝਦੇ ਹਾਂ ਤੇ ਵਿਦੇਸ਼ਾਂ ਨੂੰ ਸਵਰਗ ਸਮਝਦੇ ਹਾਂ। ਦੇਖਿਆ ਜਾਵੇ ਤਾਂ ਵਿਦੇਸ਼ਾਂ ਵਿੱਚ ਕੁੱਝ ਖਾਸ ਨਹੀਂ ਹੁੰਦਾ ਸਿਰਫ ਐਨਾ ਹੀ ਫ਼ਰਕ ਹੈ ਕਿ ਉੱਥੇ ਕੰਮ ਨੂੰ ਪੂਜਾ ਸਮਝਿਆ ਜਾਂਦਾ ਹੈ ਅਤੇ ਮਿਹਨਤ ਦਾ ਸਹੀ ਮੁੱਲ ਮਿਲਦਾ ਹੈ। ਜੇਕਰ ਇਹੀ ਸੱਭ ਸਾਡੇ ਦੇਸ਼ ਵਿੱਚ ਵੀ ਆ ਜਾਵੇ ਤਾਂ ਇਹ ਵੀ ਸਵਰਗ ਬਣ ਸਕਦਾ। ਇਹਦੇ ਲਈ ਐਨਾ ਕੁ ਯਤਨ ਕਰਨਾ ਪੈਣਾ ਹੈ ਕਿ ਅਸੀਂ ਸਾਰੇ ਆਪਣੀ ਆਪਣੀ ਜਿੰਮੇਵਾਰੀ ਤੇ ਕੰਮ ਨੂੰ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ਼ ਨਿਭਾਈਏ। ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕੰਮ ਕਾਨੂੰਨ ਮੁਤਾਬਿਕ ਹੋਣ ਨਾ ਕਿ ਰਿਸ਼ਵਤ ਦੀ ਰਕਮ ਮੁਤਾਬਿਕ।
ਇੱਕ ਗੱਲ ਹੋਰ ਕਿ ਜਿੰਨੀ ਅਸੀਂ ਬੇਈਮਾਨੀ ਦੀ ਕਮਾਈ ਖਾਂਦੇ ਹਾਂ ਓਨੇ ਹੀ ਦੁੱਖ ਭੋਗਦੇ ਹਾਂ ਤਾਂ ਕਿਉਂ ਨਾ ਇਸ ਵਾਰ ਮਿਹਨਤ ਤੇ ਇਮਾਨਦਾਰੀ ਦੀ ਕਮਾਈ ਦਾ ਮਿੱਠਾ ਫ਼ਲ ਖਾ ਕੇ ਦੇਖੀਏ। ਆਓ ਇਸ ਵਾਰ ਬਾਹਰੀ ਰਾਵਣ ਨੂੰ ਜਲਾਉਣ ਦਾ ਦਿਖਾਵਾ ਛੱਡ ਕੇ ਅੰਦਰਲੇ ਰਾਵਣ ਨੂੰ ਜਲਾਈਏ। ਫ਼ੇਰ ਇਹ ਸਾਡਾ ਦੇਸ਼ ਮੁੜ ਸੋਨੇ ਦੀ ਚਿੜੀ ਬਣ ਜਾਏਗਾ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly